ਲੁਧਿਆਣਾ, (ਅਨਿਲ)- ਬੀਤੇ ਦਿਨ ਫਗਵਾੜਾ ਵਿਚ ਹੋਏ ਗੋਲੀਕਾਂਡ ਵਿਚ ਜ਼ਖਮੀ ਨੌਜਵਾਨ ਜਸਵੰਤ ਸਿੰਘ ਬਾਬੀ ਦੀ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ, ਇਸ ਤੋਂ ਬਾਅਦ ਲੁਧਿਆਣਾ ਪੁਲਸ ਨੇ ਨੈਸ਼ਨਲ ਹਾਈਵੇ 'ਤੇ ਸਥਿਤ ਟੋਲ ਪਲਾਜ਼ਾ ਲਾਡੋਵਾਲ ਨੂੰ ਪੁਲਸ ਛਾਉਣੀ ਵਿਚ ਤਬਦੀਲ ਕਰ ਦਿੱਤਾ । ਇਸ ਦੌਰਾਨ ਡੀ. ਸੀ. ਪੀ. ਕ੍ਰਾਈਮ ਗਗਨਅਜੀਤ ਸਿੰਘ, ਏ.ਡੀ.ਸੀ.ਪੀ. ਕ੍ਰਾਈਮ ਰਤਨ ਸਿੰਘ ਬਰਾੜ, ਏ.ਸੀ.ਪੀ. ਗਿੱਲ, ਰਮਨਦੀਪ ਸਿੰਘ ਭੁੱਲਰ, ਥਾਣਾ ਲਾਡੋਵਾਲ ਮੁਖੀ ਜਸਵਿੰਦਰ ਸਿੰਘ, ਥਾਣਾ ਹੈਬੋਵਾਲ ਮੁਖੀ ਪਰਮਜੀਤ ਸਿੰਘ, ਥਾਣਾ ਸਲੇਮ ਟਾਬਰੀ ਮੁਖੀ ਵਿਜੇ ਕੁਮਾਰ ਸਮੇਤ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ। ਲਾਡੋਵਾਲ ਤੋਂ ਜਲੰਧਰ ਵੱਲ ਜਾਣ ਵਾਲੇ ਵਾਹਨਾਂ ਨੂੰ ਲਾਡੋਵਾਲ ਤੋਂ ਜਗਰਾਓਂ ਵੱਲ ਮੋੜ ਦਿੱਤਾ ਗਿਆ। ਅਹਿਤਿਆਤ ਵਜੋਂ ਟੋਲ ਪਲਾਜ਼ਾ 'ਤੇ ਪੁਲਸ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਤਾਂ ਕਿ ਕੋਈ ਵੀ ਅਣਹੋਣੀ ਘਟਨਾ ਨਾ ਵਾਪਰ ਸਕੇ। ਨੈਸ਼ਨਲ ਹਾਈਵੇ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕੁਝ ਲੋਕਾਂ ਨੇ ਵਿਆਹ ਸਮਾਗਮ ਵਿਚ ਜਾਣਾ ਸੀ ਅਤੇ ਰਸਤਾ ਬੰਦ ਹੋਣ ਕਾਰਨ ਪ੍ਰੇਸ਼ਾਨੀਆਂ ਝੱਲ ਰਹੇ ਸਨ। ਸਵੇਰ 5 ਵਜੇ ਤੋਂ ਲਾਡੋਵਾਲ ਟੋਲ ਪਲਾਜ਼ਾ 'ਤੇ ਪੁਲਸ ਤਾਇਨਾਤ ਕਰ ਦਿੱਤੀ ਗਈ ਸੀ ਕਿਉਂਕਿ ਮ੍ਰਿਤਕ ਜਸਵੰਤ ਸਿੰਘ ਦੀ ਲਾਸ਼ ਲੁਧਿਆਣਾ ਤੋਂ ਫਗਵਾੜਾ ਵੱਲ ਜਾਣੀ ਸੀ। ਇਸ ਲਈ ਟੋਲ ਪਲਾਜ਼ਾ ਨੂੰ ਪੁਲਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਸੀ।
ਟੋਲ ਪਲਾਜ਼ਾ ਨੂੰ ਹੋਇਆ 15 ਲੱਖ ਦਾ ਨੁਕਸਾਨ
ਟੋਲ ਪਲਾਜ਼ਾ ਦੇ ਮੈਨੇਜਰ ਚੰਚਲ ਸਿੰਘ ਰਾਠੌਰ ਨੇ ਦੱਸਿਆ ਕਿ ਸਾਰਾ ਦਿਨ ਟ੍ਰੈਫਿਕ ਬੰਦ ਰਹਿਣ ਕਾਰਨ ਅੱਜ ਉਨ੍ਹਾਂ ਦਾ ਕਰੀਬ 15 ਲੱਖ ਦਾ ਨੁਕਸਾਨ ਹੋਇਆ ਹੈ। ਜਦਕਿ ਐਤਵਾਰ ਦਾ ਦਿਨ ਹੋਣ ਕਾਰਨ ਆਮ ਦਿਨਾਂ ਤੋਂ ਜ਼ਿਆਦਾ ਵਾਹਨ ਟੋਲ ਤੋਂ ਹੋ ਕੇ ਜਾਂਦੇ ਹਨ ਪਰ ਅੱਜ ਨੈਸ਼ਨਲ ਹਾਈਵੇ 'ਤੇ ਟ੍ਰੈਫਿਕ ਨਾ ਹੋਣ ਕਾਰਨ ਉਨ੍ਹਾਂ ਦੀ ਸੇਲ ਵਿਚ ਭਾਰੀ ਕਮੀ ਆਈ ਹੈ। ਉਨ੍ਹਾ ਦੱਸਿਆ ਕਿ ਜੇਕਰ ਰਾਤ ਤਕ ਟ੍ਰੈਫਿਕ ਇਸੇ ਤਰ੍ਹਾਂ ਘੱਟ ਰਿਹਾ ਤਾਂ 15 ਲੱਖ ਤੋਂ ਜ਼ਿਆਦਾ ਦਾ ਨੁਕਸਾਨ ਹੋ ਸਕਦਾ ਹੈ।
ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੀ ਭੀੜ ਵਧੀ
ਟਿਕਟ ਬੁਕਿੰਗ ਸੈਂਟਰਾਂ 'ਤੇ ਲੱਗੀਆਂ ਲਾਈਨਾਂ
ਲੁਧਿਆਣਾ, (ਸਲੂਜਾ)-ਫਗਵਾੜਾ ਵਿਚ ਪੈਦਾ ਹੋਏ ਤਣਾਅ ਕਾਰਨ ਅੱਜ ਲੁਧਿਆਣਾ-ਜਲੰਧਰ ਬਾਈਪਾਸ ਤੋਂ ਟ੍ਰੈਫਿਕ ਨੂੰ ਰੋਕ ਦਿੱਤਾ ਗਿਆ, ਜਿਸ ਨਾਲ ਜਲੰਧਰ ਨੂੰ ਜਾਣ ਵਾਲੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਯਾਤਰੀਆਂ ਨੇ ਆਪਣੀ ਮੰਜ਼ਿਲ 'ਤੇ ਪੁੱਜਣ ਲਈ ਰੇਲਵੇ ਸਟੇਸ਼ਨ ਵੱਲ ਰੁਖ ਕੀਤਾ, ਜਿਸ ਨਾਲ ਰੇਲਵੇ ਸਟੇਸ਼ਨ 'ਤੇ ਇਕਦਮ ਭੀੜ ਵਧ ਗਈ। ਟਿਕਟ ਬੁਕਿੰਗ ਸੈਂਟਰਾਂ 'ਤੇ ਟਿਕਟ ਲੈਣ ਲਈ ਯਾਤਰੀਆਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਸਟੇਸ਼ਨ 'ਤੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਜੀ. ਆਰ. ਪੀ. ਅਤੇ ਆਰ. ਪੀ. ਐੱਫ. ਨੇ ਚੌਕਸੀ ਵਧਾਉਂਦੇ ਹੋਏ ਰੇਲਵੇ ਪਲੇਟਫਾਰਮਾਂ 'ਤੇ ਗਸ਼ਤ ਤੇਜ਼ ਕਰ ਦਿੱਤੀ।
ਚੱਲ ਰਿਹਾ ਚੈਕਿੰਗ ਅਭਿਆਨ ਆਉਣ ਵਾਲੇ ਦਿਨਾਂ 'ਚ ਹੋਰ ਹੋਵੇਗਾ ਤੇਜ਼ : ਰੰਧਾਵਾ
NEXT STORY