ਮਾਛੀਵਾੜਾ ਸਾਹਿਬ (ਟੱਕਰ) : ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਮੰਗ ਕੀਤੀ ਹੈ ਕਿ ਸਰਕਾਰ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਨਾਲ ਮੌਤ ਤੋਂ ਪਹਿਲਾਂ ਅਤੇ ਬਾਅਦ 'ਚ ਹੋਏ ਵਿਤਕਰੇ ਦੀ ਜਾਂਚ ਲਈ ਸੀਨੀਅਰ ਸਿਵਲ ਅਤੇ ਪੁਲਸ ਅਧਿਕਾਰੀਆਂ ਦੀ ਇੱਕ ਵਿਸ਼ੇਸ਼ ਜਾਂਚ ਟੀਮ (ਸਿਟ) ਦਾ ਗਠਨ ਕਰੇ। ਇਸ ਦਾ ਖੁਲਾਸਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਸੰਬੰਧੀ ਕਮਿਸ਼ਨ ਦੇ ਚੇਅਰਮੈਨ ਪ੍ਰੋ. ਰਾਮ ਸ਼ੰਕਰ ਕਥੇਰੀਆ ਨੂੰ ਦਿੱਤੀ ਸ਼ਿਕਾਇਤ ਮਗਰੋਂ ਕੌਮੀ ਕਮਿਸ਼ਨ ਨੇ ਸੂਬੇ ਦੇ ਮੁੱਖ ਸਕੱਤਰ ਅਤੇ ਡੀ. ਜੀ. ਪੀ. ਨੂੰ ਨੋਟਿਸ ਜਾਰੀ ਕਰ ਦਿੱਤੇ ਹਨ।
ਸਰਦਾਰ ਇੰਦਰ ਇਕਬਾਲ ਅਟਵਾਲ ਨੇ ਕਿਹਾ ਕਿ ਉਨ੍ਹਾਂ ਨੇ ਕੌਮੀ ਕਮਿਸ਼ਨ ਨੂੰ ਲਿਖੀ ਚਿੱਠੀ 'ਚ ਦੱਸਿਆ ਸੀ ਕਿ ਕਿਸ ਤਰ੍ਹਾਂ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਸਮੇਂ ਅਤੇ ਮੌਤ ਤੋਂ ਬਾਅਦ ਵੇਰਕਾ ਦੇ ਸ਼ਮਸ਼ਾਨਘਾਟ 'ਚ ਅੰਤਿਮ ਸਸਕਾਰ ਤੋਂ ਇਨਕਾਰ ਕਰਕੇ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਨਾਲ ਵਿਤਕਰਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਭਾਈ ਖਾਲਸਾ ਦੀ ਆਪਣੇ ਪਰਿਵਾਰ ਨਾਲ ਟੈਲੀਫੋਨ 'ਤੇ ਹੋਈ ਆਖਰੀ ਗੱਲਬਾਤ ਬਾਰੇ ਵੀ ਦੱਸਿਆ, ਜਿਸ 'ਚ ਭਾਈ ਖਾਲਸਾ ਨੇ ਇਹ ਖੁਲਾਸਾ ਕੀਤਾ ਸੀ ਕਿ ਚਾਰ ਘੰਟੇ ਤੋਂ ਉਨ੍ਹਾਂ ਦਾ ਇਲਾਜ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਨੇ ਆਖਰੀ ਫਤਿਹ ਬੁਲਾ ਦਿੱਤੀ ਸੀ।
ਉਨ੍ਹਾਂ ਇਹ ਵੀ ਦੱਸਿਆ ਸੀ ਕਿਸ ਤਰ੍ਹਾਂ ਇੱਕ ਸਰਕਾਰੀ ਮਾਸਟਰ, ਜੋ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦਾ ਸਕੱਤਰ ਸੀ ਅਤੇ ਜਿਸ ਦੀ ਪਤਨੀ ਇੱਕ ਕੌਂਸਲਰ ਸੀ, ਨੇ ਭਾਈ ਖਾਲਸਾ ਦਾ ਅੰਤਿਮ ਸਸਕਾਰ ਹੋਣ ਤੋਂ ਰੋਕਣ ਲਈ ਵੇਰਕਾ ਦੇ ਸਮਸ਼ਾਨਘਾਟ ਨੂੰ ਤਾਲਾ ਲਗਾ ਦਿੱਤਾ ਸੀ। ਸਾਬਕਾ ਅਕਾਲੀ ਵਿਧਾਇਕ ਨੇ ਕਮਿਸ਼ਨ ਨੂੰ ਇਹ ਵੀ ਦੱਸਿਆ ਸੀ ਕਿ ਭਾਈ ਨਿਰਮਲ ਸਿੰਘ ਮਜ਼ਬ੍ਹੀ ਭਾਈਚਾਰੇ ਨਾਲ ਸੰਬੰਧ ਰੱਖਦੇ ਸਨ ਅਤੇ ਉਨ੍ਹਾਂ ਦੀ ਦੁਖਦਾਈ ਮੌਤ ਨੇ ਸਿੱਖ ਪੰਥ ਅਤੇ ਖਾਸ ਕਰਕੇ ਦਲਿਤ ਅਤੇ ਮਜ਼ਬ੍ਹੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਈ ਖਾਲਸਾ ਦੇ ਕੀਤੇ ਗਏ ਨਿਰਾਦਰ ਨੂੰ ਸਮੁੱਚਾ ਮਜ਼ਬ੍ਹੀ ਭਾਈਚਾਰਾ ਆਪਣੇ ਅਪਮਾਨ ਵਜੋਂ ਵੇਖ ਰਿਹਾ ਹੈ। ਇਹ ਟਿਪੱਣੀ ਕਰਦਿਆਂ ਕਿ ਪੰਜਾਬ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਸੀ ਕਿ ਹਜ਼ੂਰੀ ਰਾਗੀ ਦਾ ਇਸ ਤਰ੍ਹਾਂ ਨਿਰਾਦਰ ਨਾ ਹੋਣ ਦਿੱਤਾ ਜਾਂਦਾ, ਸਰਦਾਰ ਅਟਵਾਲ ਨੇ ਕੌਮੀ ਕਮਿਸ਼ਨ ਨੂੰ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਇੱਕ ਵੱਖਰੀ ਪਟੀਸ਼ਨ ਪੰਜਾਬ ਸਟੇਟ ਅਨੁਸੂਚਿਤ ਜਾਤੀ ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ਕੋਲ ਵੀ ਪਾਈ ਸੀ।
ਤਬਲੀਗੀ ਸਮਾਗਮ 'ਚ ਹਿੱਸਾ ਲੈਣ ਵਾਲੇ ਫਗਵਾੜਾ ਦੇ 11 ਵਿਅਕਤੀਆਂ ਦੀ ਰਿਪੋਰਟ ਆਈ ਨੈਗੇਟਿਵ
NEXT STORY