ਹਰ ਸਾਲ 11 ਮਈ ਦਾ ਦਿਨ ਭਾਰਤ ਨੂੰ ਆਪਣੀ ਸ਼ਾਨਦਾਰ ਤਕਨੀਕੀ ਤਾਕਤ ਦੀ ਯਾਦ ਦਿਵਾਉਂਦਾ ਹੈ। ਮਈ ਦਾ ਗਿਆਰ੍ਹਵਾਂ ਦਿਨ 'ਕੌਮੀ ਟਕਨਾਲੋਜੀ ਦਿਵਸ' ਵਜੋਂ ਇਸ ਕਰਕੇ ਮਨਾਇਆ ਜਾਂਦਾ ਹੈ, ਕਿਉਂਕਿ 11 ਮਈ 1998 ਨੂੰ, ਭਾਰਤ ਨੇ ਰਾਜਸਥਾਨ ਵਿਚ ਭਾਰਤੀ ਫੌਜ਼ ਦੇ ਪੋਖਰਨ ਟੈਸਟ ਰੇਂਜ ਵਿਖੇ ਏਰੋਸਪੇਸ ਇੰਜੀਨੀਅਰ ਅਤੇ ਮਰਹੂਮ ਰਾਸ਼ਟਰਪਤੀ ਡਾ. ਏ. ਪੀ. ਜੇ. ਅਬਦੁੱਲ ਕਲਾਮ ਦੀ ਦੇਖਰੇਖ ਹੇਠ 'ਸ਼ਕਤੀ -1' ਪ੍ਰਮਾਣੂ ਮਜ਼ਾਈਲ ਦਾ ਸਫਲਤਾਪੂਰਵਕ ਟੈਸਟ ਕੀਤਾ। ਦੋ ਦਿਨ ਬਾਅਦ ਮਤੀ 13 ਮਈ 1998 ਨੂੰ ਦੇਸ਼ ਨੇ 'ਓਪਰੇਸ਼ਨ ਸ਼ਕਤੀ' ਦੇ ਹਿੱਸੇ ਵਜੋਂ ਦੋ ਹੋਰ ਪਰਮਾਣੂ ਹਥਿਆਰਾਂ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਸੀ ('ਪੋਖਰਨ -1'1974 ਦੀ 'ਮੁਸਕਰਾਉਂਦਾ ਬੁੱਧਾ' ਮਜ਼ਾਈਲ ਦਾ ਟੈਸਟਿੰਗ ਸੀ)। ਇਸ ਓਪਰੇਸ਼ਨ ਤੋਂ ਬਾਅਦ, ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਭਾਰਤ ਨੂੰ ਪ੍ਰਮਾਣੂ ਰਾਜ ਘੋਸ਼ਿਤ ਕਰ ਦਿੱਤਾ, ਜਿਸ ਨਾਲ ਭਾਰਤ ਕੁੱਲ ਦੁਨਿਆਂ ਦੇ 'ਪ੍ਰਮਾਣੂ ਕਲੱਬ' ਵਿਚ ਸ਼ਾਮਲ ਹੋਣ ਵਾਲਾ ਛੇਵਾਂ ਦੇਸ਼ ਬਣ ਗਿਆ ਅਤੇ ਭਾਰਤ ਪ੍ਰਮਾਣੂ ਹਥਿਆਰਾਂ ਦੇ ਗੈਰ-ਪ੍ਰਸਾਰ 'ਤੇ ਸੰਧੀ (ਐੱਨ.ਪੀ.ਟੀ) ਦਾ ਹਿੱਸਾ ਨਾ ਹੋਣ ਵਾਲਾ ਪਹਿਲਾ ਦੇਸ਼ ਸੀ। ਇਹ ਸੰਧੀ ਅਮਰੀਕਾ, ਰੂਸ, ਬ੍ਰਿਟੇਨ, ਫਰਾਂਸ ਅਤੇ ਚੀਨ ਦੁਆਰਾ ਹਸਤਾਖਰ ਕੀਤੀ ਇਕ ਅੰਤਰ ਰਾਸ਼ਟਰੀ ਸੰਧੀ ਹੈ, ਜਿਸਦਾ ਉਦੇਸ਼ ਪ੍ਰਮਾਣੂ ਹਥਿਆਰਾਂ ਦੇ ਫੈਲਣ ਨੂੰ ਰੋਕਣਾ ਅਤੇ ਪ੍ਰਮਾਣੂ ਨਿੱਹਥੀਕਰਨ ਦੀ ਪ੍ਰਾਪਤੀ ਕਰਨਾ ਹੈ।
ਉਸ ਦਿਨ ਭਾਰਤ ਨੇ ਇਕੱਲਾ ਛੇਵਾਂ ਪ੍ਰਮਾਣੂ ਰਾਜ ਬਣਨ ਦਾ ਕਾਰਨਾਮਾ ਹੀ ਨਹੀਂ ਕੀਤਾ ਬਲਕਿ ਉਸੇ ਦਿਨ ਜਦੋਂ ਰਾਜਸਥਾਨ ਵਿਖੇ ਪ੍ਰਮਾਣੂ ਪ੍ਰੀਖਣ ਕੀਤੇ ਜਾ ਰਹੇ ਸਨ ਤਾਂ ਬੰਗਲੁਰੂ ਵਿਖੇ ਦੇਸ਼ ਦਾ ਪਹਿਲਾ ਸਵਦੇਸ਼ੀ ਜਹਾਜ਼ ਹੰਸਾ-3 ਲਿਆਂਦਾ ਗਿਆ ਸੀ। ਭਾਰਤ ਦੀ ਸਾਇੰਸ ਅਤੇ ਤਕਨਾਲੋਜੀ ਦੀ ਖੋਜ ਨਾਲ ਜੁੜੀ ਹੋਈ ਸਿਰਮੌਰ ਸੰਸਥਾ 'ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ' (ਸੀ.ਐੱਸ.ਆਈ ਆਰ) ਦੀ ਇਕ ਲੈਬ 'ਨੈਸ਼ਨਲ ਏਰੋਸਪੇਸ ਲੈਬਾਰਟਰੀਜ਼' (ਐੱਨ.ਏ.ਐੱਲ) ਦੁਆਰਾ ਵਿਕਸਤ ਕੀਤਾ ਗਿਆ। ਹਿੰਸਾ-3 ਇਕ ਹਲਕਾ ਦੋ-ਸੀਟਰ, ਆਮ ਹਵਾਬਾਜ਼ੀ ਜਹਾਜ਼ ਸੀ, ਜੋ ਪਾਇਲਟ ਸਿਖਲਾਈ, ਖੇਡਾਂ, ਆਮ ਨਿਗਰਾਨੀ, ਹਵਾਈ ਫੋਟੋਗ੍ਰਾਫੀ ਅਤੇ ਵਾਤਾਵਰਣ ਨਾਲ ਜੁੜੇ ਪ੍ਰਾਜੈਕਟਾਂ ਲਈ ਵੱਖ-ਵੱਖ ਸੰਸਥਾਵਾਂ ਵਿਚ ਵਰਤਿਆ ਜਾ ਸਕਦਾ ਹੈ।
11 ਮਈ 1998, ਨੂੰ ਹੀ ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਦੇ ਅਧੀਨ ਕੰਮ ਕਰ ਰਹੇ 'ਖੋਜ ਅਤੇ ਵਿਕਾਸ ਸੰਗਠਨ' (ਡੀ.ਆਰ.ਡੀ.ਓ) ਨੇ ਤ੍ਰਿਸ਼ੂਲ ਮਜ਼ਾਈਲ ਦੀ ਅੰਤਮ ਪ੍ਰਿਖਿਆ ਨੂੰ ਪੂਰਾ ਕੀਤਾ, ਜਿਸ ਤੋਂ ਬਾਅਦ ਇਸ ਨੂੰ ਭਾਰਤੀ ਸੈਨਾ ਅਤੇ ਭਾਰਤੀ ਹਵਾਈ ਸੈਨਾ ਨੇ ਸੇਵਾ ਵਿਚ ਸ਼ਾਮਲ ਕਰ ਲਿਆ। ਛੋਟੀ ਦੂਰੀ, ਤਤਕਾਲ ਪ੍ਰਤੀਕ੍ਰਿਆ, ਸਤਹ ਤੋਂ ਹਵਾ ਵਾਲੀ ਤ੍ਰਿਸ਼ੂਲ ਮਜ਼ਾਈਲ, ਭਾਰਤ ਦੇ ਏਕੀਕ੍ਰਿਤ ਗਾਈਡਡ ਮਜ਼ਾਈਲ ਵਿਕਾਸ ਪ੍ਰੋਗਰਾਮ ਦਾ ਇਕ ਹਿੱਸਾ ਸੀ।
ਦੇਸ਼ ਦੇ ਵਿਗਿਆਨੀਆਂ, ਇੰਜੀਨੀਅਰਾਂ ਅਤੇ ਟੈਕਨੀਸ਼ੀਅਨਾਂ ਦੁਆਰਾ ਪ੍ਰਾਪਤ ਕੀਤੀਆਂ, ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਦੇ ਆਧਾਰ ’ਤੇ ਅਟਲ ਬਿਹਾਰੀ ਵਾਜਪਾਈ ਜੀ ਨੇ 11 ਮਈ ਨੂੰ ਰਾਸ਼ਟਰੀ ਟੈਕਨਾਲੋਜੀ ਦਿਵਸ ਵਜੋਂ ਘੋਸ਼ਿਤ ਕੀਤਾ। ਪਹਿਲਾ 'ਰਾਸ਼ਟਰੀ ਤਕਨਾਲੋਜੀ ਦਿਵਸ' 11 ਮਈ 1999 ਨੂੰ ਅਟਲ ਬਿਹਾਰੀ ਵਾਜਪਾਈ ਦੀ ਹਾਜ਼ਰੀ ਵਿਚ ਮਨਾਇਆ ਗਿਆ। ਉਸ ਸਮੇਂ ਤੋਂ ਵਿਗਿਆਨ ਅਤੇ ਤਕਨਾਲੋਜੀ ਮੰਤਰਾਲਾ, ਭਾਰਤ ਸਰਕਾਰ ਹਰ ਸਾਲ 11 ਮਈ ਨੂੰ ਰਾਸ਼ਟਰੀ ਟੈਕਨਾਲੋਜੀ ਦਿਵਸ ਵਜੋਂ ਮਨਾਉਂਦਾ ਆ ਰਿਹਾ ਹੈ।
1999 ਤੋਂ ਹੀ ਹਰ ਸਾਲ, ਟਕਨਾਲੋਜੀ ਵਿਕਾਸ ਬੋਰਡ (ਟੀ.ਡੀ.ਬੀ) ਵਿਗਿਆਨ ਅਤੇ ਤਕਨਾਲੋਜੀ ਵਿਭਾਗ ਅਧੀਨ ਇਕ ਕਾਨੂੰਨੀ ਸੰਸਥਾ, ਦੇਸ਼ ਨੂੰ ਸਕਾਰਾਤਮਕ ਤੌਰ ’ਤੇ ਪ੍ਰਭਾਵਿਤ ਕਰਨ ਵਾਲੀਆਂ ਟੈਕਨਾਲੋਜੀਕਲ ਅਵਿਸ਼ਕਾਰਾਂ ਦਾ ਸਨਮਾਨ ਕਰਦਿਆਂ ਇਸ ਦਿਨ ਨੂੰ ਮਨਾਉਂਦਾ ਹੈ। ਕੰਪਨੀਆਂ ਨੂੰ ਉਨ੍ਹਾਂ ਦੇ ਉਤਪਾਦ ਦੇ ਵਪਾਰੀਕਰਨ ਲਈ ਪੁਰਸਕਾਰ ਦੇਣ ਦਾ ਅਰਥ ਹੈ ਕਿ ਤਕਨੀਕੀ ਕਾਢਾਂ ਵੱਡੇ ਪੱਧਰ ’ਤੇ ਲੋਕਾਂ ਤੱਕ ਪਹੁੰਚੀਆਂ ਹਨ। ਟੈਕਨਾਲੋਜੀ ਡਿਵੈਲਮੈਂਟ ਬੋਰਡ ਉਨ੍ਹਾਂ ਸਾਰੇ ਭਾਰਤੀ ਉਦਯੋਗਕਿ ਸਰੋਕਾਰਾਂ ਅਤੇ ਏਜੰਸੀਆਂ ਨੂੰ ਵਿੱਤੀ ਸਹਾਇਤਾ ਵੀ ਪ੍ਰਦਾਨ ਕਰਦੀ ਹੈ, ਜੋ ਸਵਦੇਸ਼ੀ ਤਕਨਾਲੋਜੀ ਦੇ ਵਿਕਾਸ ਅਤੇ ਵਪਾਰਕ ਉਪਯੋਗ ਦੀ ਕੋਸ਼ਿਸ਼ ਕਰਦੀਆਂ ਹਨ ਅਤੇ ਆਯਾਤ ਤਕਨਾਲੋਜੀ ਨੂੰ ਅਪਣਾ ਕੇ ਘਰੇਲੂ ਉਪਯੋਗਤਾ ਨੂੰ ਵਿਸ਼ਾਲ ਬਣਾਉਣ ਦੀ ਕੋਸ਼ਿਸ਼ ਕਰਦੀਆਂ ਹਨ।
ਪਿਛਲੇ ਕੁਝ ਦਹਾਕਿਆਂ ਵਿਚ ਕਈ ਵਾਇਰਲ ਬੀਮਾਰੀਆਂ ਮਹਾਂਦੀਪਾਂ ਵਿੱਚ ਫੈਲੀਆਂ ਹਨ ਅਤੇ ਵੱਡੀਆਂ ਮੌਤਾਂ ਹੋਈਆਂ ਹਨ। ਇਸ ਸੂਚੀ ਵਿਚ ਸਭ ਤੋਂ ਤਾਜ਼ਾ ਹੈ ਮੌਜੂਦਾ ਕੋਵੀਡ-19 ਮਹਾਮਾਰੀ, ਜਿਸ ਨੇ ਭਾਰਤ ਸਣੇ ਵੱਖ-ਵੱਖ ਦੇਸ਼ਾਂ ਦੀ ਸਹਿਤ ਸੰਭਾਲ ਪ੍ਰਣਾਲੀ ਨੂੰ ਬੇਬੱਸ ਸਿੱਧ ਕਰ ਦਿੱਤਾ ਹੈ। ਆਮ ਆਬਾਦੀ ਦੀ ਸੁਰੱਖਿਆ ਲਈ ਕੁਸ਼ਲ ਕਲਿਨਿਕਲ ਮਾਸਕ ਸੈਨੀਟਾਈਜ਼ਰ, ਆਮ ਜਨਤਾ ਦੀ ਸਰੀਰਕ ਜਾਂਚ ਲਈ ਢੁੱਕਵੇਂ ਉਪਕਰਣ, ਬੀਮਾਰੀਆਂ ਦੇ ਫੈਲਣ ਦੀ ਨਿਗਰਾਨੀ ਅਤੇ ਨਿੰਯਤਰਣ ਲਈ ਸਹਿਤ ਸਹੂਲਤਾਂ, ਹੋਰ ਉਤਪਾਦਾਂ ਅਤੇ ਤਕਨਾਲੋਜੀ ਦੀ ਪੂਰਤੀ ਲਈ ਘਰੇਲੂ ਅਧਾਰਿਤ ਵੈੰਟੀਲੇਟਰ ਪ੍ਰਣਾਲੀਆਂ ਬਣਾਉਣ ਦੀ ਸਖਤ ਜ਼ਰੂਰਤ ਹੈ।
ਟੈਕਨਾਲੋਜੀ ਡਿਵੈਲਪਮੈਂਟ ਬੋਰਡ (ਟੀ.ਡੀ.ਬੀ) ਕੋਵੀਡ-19 ਮਰੀਜ਼ਾਂ ਲਈ ਸੁਰੱਖਿਆ ਅਤੇ ਘਰੇਲੂ-ਅਧਾਰਤ ਸਹਿਤ ਪ੍ਰਬੰਧਾਂ ਨੂੰ ਹੱਲ ਕਰਨ ਲਈ ਭਾਰਤੀ ਕੰਪਨੀਆਂ ਅਤੇ ਉੱਦਮੀਆਂ ਤੋਂ ਪ੍ਰਸਤਾਵ ਅਰਜ਼ੀਆਂ ਮੰਗ ਚੁੱਕੀ ਹੈ। ਪ੍ਰਸਤਾਵ ਵਿਚ ਤਕਨੀਕੀ ਤੌਰ ’ਤੇ ਨਵੀਨਤਾਕਾਰੀ ਹੱਲ ਸ਼ਾਮਲ ਹੋ ਸਕਦੇ ਹਨ ਜਿਵੇਂ ਕਿ ਘੱਟ ਲਾਗਤ ਵਾਲੇ ਮਾਸਕ, ਜੋ ਹਵਾ ਵਿਚੋਂ ਵਾਇਰਸ ਫੜ ਸਕਦੇ ਹੋਣ ਅਤੇ ਸਾਹ ਦੀਆਂ ਬੂੰਦਾਂ ਨੂੰ ਜਜ਼ਬ ਕਰ ਸਕਦੇ ਹੋਣ, ਲਾਗਤ-ਪ੍ਰਭਾਵਸ਼ਾਲੀ ਥਰਮਲ ਸਕੈਨਿੰਗ ਉਪਕਰਣ, ਵੱਡੇ ਖੇਤਰਾਂ ਨੂੰ ਰੋਗਾਣੂ-ਮੁਕਤ ਕਰਨ ਲਈ ਇਲੈਕਟ੍ਰੋਸਟੈਟਿਕ ਸਪਰੇਅ ਅਤੇ ਅਲਟਰਾ ਵਾਇਲਟ ਟਰੀਟਮੈਂਟ, ਆਕਸੀਜਨਏਟਰ, ਵੈਂਟੀਲੇਟਰਸ (ਘੱਟ ਕੀਮਤ ਅਤੇ ਪੋਰਟੇਬਲ), ਰੈਪਿਡ ਡਾਇਗਨੌਸਟਿਕ ਕਿੱਟਾਂ, ਸਵੱਛਤਾ ਲਈ ਤਕਨੀਕਾਂ ਦੇ ਨਾਲ-ਨਾਲ ਸੰਪਰਕ ਰਹਿਤ ਦਾਖ਼ਲੇ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਅਤੇ ਇੰਟਰਨੈੱਟ ਆਫ ਥੰਗਿਜ਼ (ਆਈ.ਓ.ਟੀ) ਅਧਾਰਤ ਹੱਲ ਆਦਿ ਇਕ ਗੱਲ ਤਾਂ ਪੱਕੀ ਹੈ ਕਿ ਵਿਗਿਆਨਕ ਅਤੇ ਤਕਨੀਕੀ ਵਿਕਾਸ ਕਿਸੇ ਵੀ ਦੇਸ਼ ਦੀ ਸਫਲਤਾ ਦੀ ਕੁੰਜੀ ਹੁੰਦੇ ਹਨ ਅਤੇ ਸਵੈ-ਨਿਰਭਰਤਾ ਦੀਆਂ ਅਭਿਲਾਸ਼ਾਵਾਂ ਦਾ ਸਾਹਮਣਾ ਕਰਨ ਵਾਲੀਆਂ ਕੌਮਾਂ ਨੂੰ ਇਨ੍ਹਾਂ ਮੋਰਚਿਆਂ 'ਤੇ ਤਾਲਮੇਲ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਭਾਰਤ ਸਰਕਾਰ ਦਾ 'ਮੇਕ ਇਨ ਇੰਡੀਆ' ਪ੍ਰੋਗਰਾਮ ਵੀ ਇਸੀ ਤਰਜ਼ ’ਤੇ ਭਾਰਤ ਦੇ ਉਦਯੋਗਾਂ ਤੇ ਏਜੰਸੀਆਂ ਨੂੰ ਉਤਸ਼ਾਹ ਦਿੰਦਾ ਰਹੇਗਾ। ਅੱਜ ਲੋੜ ਹੈ ਕਿ ਰੱਖਿਆ ਅਤੇ ਮਨੁੱਖੀ ਸਹਿਤ ਦੇ ਸਬੰਧ ਵਿਚ ਜਿਹੜੇ ਵੀ ਉਪਕਰਨ ਸਾਨੂੰ ਬਾਹਰਲੇ ਮੁਲਕਾਂ ਤੋਂ ਮੰਗਣੇ ਪੈਂਦੇ ਹਨ ਉਹ ਸਾਰੇ ਉਪਕਰਨ ਭਾਰਤੀ ਉਦਯੋਗਪਤੀ, ਭਾਰਤ ਵਿਚ ਹੀ ਪੈਦਾ ਕਰਨ ਦੇ ਸਸਤੇ ’ਤੇ ਸੁਖਾਲੇ ਤਰੀਕੇ ਲੱਭਣ ਤਾਂ ਕਿ ਸਾਡੇ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋ ਸਕਣ।
ਅੱਜ ਇਸ ਕੋਰੋਨਾ ਮਹਾਮਾਰੀ ਦੇ ਚੱਲਦੇ ਸਮੇਂ ਵਿਚ ਇਸ ਗੱਲ ਦਾ ਅਹਿਸਾਸ ਸਾਨੂੰ ਸਭ ਨੂੰ ਬਹੁਤ ਚੰਗੀ ਤਰਾਂ ਤੋਂ ਹੋ ਰਿਹਾ ਹੈ ਕਿ ਭਾਰਤ ਦੇ ਹਰੇਕ ਨਾਗਰਿਕ ਨੂੰ ਆਪਣੀ ਸੋਚ ਦੇ ਦਾਇਰੇ ਨੂੰ ਵੱਡਾ ਕਰਨਾ ਪਵੇਗਾ । ਸਾਨੂੰ ਹਰ ਗੱਲ ਦੇ ਪਿੱਛੇ ਅਤੇ ਹਰ ਮਸਲੇ ਦੇ ਪਿੱਛੇ ਮੌਜੂਦ ਵਿਗਿਆਨਕ ਤੱਤਾਂ ਦੇ ਆਧਾਰ ’ਤੇ ਆਪਣੀ ਸੋਚ ਨੂੰ ਵਿਗਿਆਨਕ ਤਰੀਕੇ ਦੇ ਨਾਲ ਵਿਕਸਤ ਕਰਨਾ ਪਵੇਗਾ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿਚ ਕੋਰੋਨਾ ਮਹਾਮਾਰੀ ਵਰਗੀਆਂ ਮੁਸੀਬਤਾਂ ਦਾ ਡੱਟ ਕੇ ਮੁਕਾਬਲਾ ਕਰ ਸਕੀਏ ।
'ਕੌਮੀ ਟਕਨਾਲੋਜੀ ਦਿਵਸ' ਨੂੰ ਮਨਾਉਣ ਲਈ ਵੱਖ-ਵੱਖ ਇੰਜੀਨੀਅਰਿੰਗ ਕਾਲਜਾਂ ਅਤੇ ਤਕਨੀਕੀ ਸੰਸਥਾਵਾਂ ਵਿਚ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਸਾਰੇ ਮੁਲਕ ਵਿਚ ਸਾਇੰਸ ਅਤੇ ਇਸ ਦੀ ਮਹੱਤਤਾ ਦੇ ਵੱਖ-ਵੱਖ ਪਹਿਲੂਆਂ ’ਤੇ ਭਾਸ਼ਣ ਮੁਕਾਬਲੇ, ਕੁਇਜ਼ਾਂ, ਪੋਸਟਰ ਪੇਸ਼ਕਾਰੀਆਂ ਅਤੇ ਇੰਟਰਐਕਟਿਵ ਸੈਸ਼ਨ ਆਯੋਜਿਤ ਕੀਤੇ ਜਾਂਦੇ ਹਨ। ਵਿਗਿਆਨਿਆਂ, ਇੰਜੀਨੀਅਰਾਂ, ਯੋਜਨਾਕਾਰਾਂ ਅਤੇ ਸ਼ਾਸਨ ਅਤੇ ਦੇਸ਼ ਨਿਰਮਾਣ ਵਿਚ ਲੱਗੇ ਸਾਰੇ ਲੋਕਾਂ ਲਈ ਇਹ ਦਿਨ ਬਹੁਤ ਮਹੱਤਵਪੂਰਣ ਹੈ। ਇਹ ਦਿਨ ਜਿੱਥੇ ਹਰ ਭਾਰਤੀ ਨਾਗਰਿਕ ਨੂੰ ਨਿੱਤ ਦੀ ਜ਼ਿੰਦਗੀ ਵਿਚ ਵਿਗਿਆਨ ਦੀ ਮਹੱਤਤਾ ਬਾਰੇ ਜਾਗਰੂਕ ਕਰਦਾ ਹੈ ਅਤੇ ਉੱਥੇ ਵਿਦਿਆਰਥੀਆਂ ਨੂੰ ਵਿਗਿਆਨ ਨੂੰ ਕੈਰੀਅਰ ਦੇ ਵਿਕਲਪ ਵਜੋਂ ਅਪਣਾਉਣ ਲਈ ਪ੍ਰੇਰਿਤ ਵੀ ਕਰਦਾ ਹੈ।
ਪ੍ਰੋਫੈਸਰ ਰਾਜਦੀਪ ਸਿੰਘ ਧਾਲੀਵਾਲ
ਮੁਖੀ ,ਪੋਸਟ ਗ੍ਰੈਜੂਏਟ ਖੇਤੀਬਾੜੀ ਵਿਭਾਗ
ਖ਼ਾਲਸਾ ਕਾਲਜ ਪਟਿਆਲਾ
ਮੋਬਾਈਲ: 7696553151
ਨਵਜੋਤ ਸਿੱਧੂ ਨੇ ਡਾ. ਮਨਮੋਹਨ ਸਿੰਘ ਦੀ ਜਲਦ ਸਿਹਤਯਾਬੀ ਦੀ ਕੀਤੀ ਕਾਮਨਾ
NEXT STORY