ਅੰਮ੍ਰਿਤਸਰ (ਵਿਕਰਮਜੀਤ) : ਅੰਮ੍ਰਿਤਸਰ ਵਿਚ ਲਗਾਤਾਰ ਦੂਜੇ ਦਿਨ ਮੌਸਮ ਨੇ ਆਪਣਾ ਮਿਜ਼ਾਜ ਬਦਲਿਆ, ਜਿਸ ਨਾਲ ਜਿੱਥੇ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ, ਉੱਥੇ ਹੀ ਕਿਸਾਨਾਂ ਲਈ ਇਹ ਬੇਮੌਸਮੀ ਬਰਸਾਤ ਆਫ਼ਤ ਬਣ ਕੇ ਆਈ ਹੈ। ਦਿਨ ਭਰ ਦੀ ਗਰਮੀ ਅਤੇ ਘੁਟਣ ਵਾਲੇ ਮਾਹੌਲ ਤੋਂ ਬਾਅਦ ਆਸਮਾਨ ਵਿਚ ਛਾਏ ਸੰਘਣੇ ਕਾਲੇ ਬੱਦਲਾਂ, ਚਮਕਦੀ ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਕਈ ਇਲਾਕਿਆਂ ਵਿਚ ਕਾਫ਼ੀ ਸਮਾਂ ਮੀਂਹ ਪੈਂਦਾ ਰਿਹਾ। ਇਸ ਨਾਲ ਮੌਸਮ ਇਕ ਵਾਰ ਫਿਰ ਤੋਂ ਠੰਢਾ ਹੋ ਗਿਆ, ਪਰ ਖੇਤਾਂ ਵਿਚ ਪੱਕੀ ਕਣਕ ਦੀ ਫ਼ਸਲ, ਜੋ ਕਿ ਅਖੀਰਲੇ ਪੜਾਅ ’ਤੇ ਸੀ, ਨੂੰ ਵੱਡਾ ਨੁਕਸਾਨ ਪਹੁੰਚਣ ਦਾ ਡਰ ਬਣ ਗਿਆ ਹੈ। ਵਿਸਾਖੀ ਦੇ ਨੇੜੇ ਜਦੋਂ ਕਣਕ ਦੀ ਵਾਢੀ ਸ਼ੁਰੂ ਹੋਣ ਵਾਲੀ ਹੁੰਦੀ ਹੈ, ਉਦੋਂ ਇਸ ਤਰ੍ਹਾਂ ਦੀ ਲਗਾਤਾਰ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀ ਸਾਲ ਭਰ ਦੀ ਮਿਹਨਤ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ।
ਇਹ ਵੀ ਪੜ੍ਹੋ : ਮਨੀ ਐਕਸਚੇਂਜਰ ਦੀ ਮਹਿਲਾ ਕੈਸ਼ੀਅਰ 20 ਲੱਖ ਰੁਪਏ ਦੀ ਚੋਰੀ ਕਰ ਕੇ ਹੋਈ ਫ਼ਰਾਰ
ਮੀਂਹ ਦੇ ਨਾਲ ਹਵਾ ਵਿਚ ਨਮੀ ਵੱਧ ਜਾਂਦੀ ਹੈ, ਜਿਸ ਨਾਲ ਕਣਕ ਦੇ ਦਾਣੇ ਕਾਲੇ ਪੈਣੇ ਸ਼ੁਰੂ ਹੋ ਜਾਂਦੇ ਹਨ ਅਤੇ ਵਜ਼ਨ ਘਟਣ ਦਾ ਡਰ ਵੀ ਬਣ ਗਿਆ ਹੈ। ਇਸ ਨਾਲ ਮੰਡੀ ਵਿਚ ਫ਼ਸਲ ਦਾ ਸਹੀ ਭਾਅ ਮਿਲਣਾ ਔਖਾ ਹੋ ਜਾਂਦਾ ਹੈ। ਕਈ ਥਾਵਾਂ ’ਤੇ ਖੇਤਾਂ ਵਿਚ ਪਾਣੀ ਖੜ੍ਹ ਜਾਣ ਨਾਲ ਫ਼ਸਲ ਢਹਿ-ਢੇਰੀ ਹੋ ਗਈ ਹੈ, ਜਿਸ ਨਾਲ ਪਾਣੀ ਵਿਚ ਵਾਢੀ ਕਰਨ ਵਿਚ ਮੁਸ਼ਕਲਾਂ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ। ਦਿਹਾਤੀ ਇਲਾਕਿਆਂ ਵਿਚ ਫ਼ਸਲਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੁੰਦਾ ਦਿਖਾਈ ਦੇ ਰਿਹਾ ਹੈ। ਜੇਕਰ ਲਗਾਤਾਰ ਇਸ ਤਰ੍ਹਾਂ ਹੀ ਮੀਂਹ ਪੈਂਦਾ ਰਿਹਾ, ਤਾਂ ਕਿਸਾਨਾਂ ਵੱਲੋਂ ਖੂਨ-ਪਸੀਨੇ ਨਾਲ ਤਿਆਰ ਹੋਈ ਫ਼ਸਲ ਸਾਰੀ ਦੀ ਸਾਰੀ ਬਰਬਾਦ ਹੋ ਜਾਵੇਗੀ ਅਤੇ ਮੰਡੀਆਂ ਵਿਚ ਵੇਚਣ ਲਈ ਕੁਝ ਨਹੀਂ ਬਚੇਗਾ। ਮੌਸਮ ਦੀ ਇਸ ਲਗਾਤਾਰ ਮਾਰ ਨੇ ਕਿਸਾਨਾਂ ਨੂੰ ਗੰਭੀਰ ਸੋਚ ਵਿੱਚ ਪਾ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਵਾਨੀਗੜ੍ਹ 'ਚ NH-7 ਦੀਆਂ ਖਸਤਾ ਹਾਲ ਸੜਕਾਂ ਦਾ ਮਾਮਲਾ: ਗਡਕਰੀ ਤੇ NHAI ਚੇਅਰਮੈਨ ਨੂੰ ਭੇਜਿਆ ਨੋਟਿਸ
NEXT STORY