ਹੁਸ਼ਿਆਰਪੁਰ (ਘੁੰਮਣ) : ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਜੋ ਪੰਜਾਬ ’ਚ ਸੁਧਾਰ ਕਰਨਾ ਚਾਹੁੰਦਾ ਹੈ, ਉਹ ਨਹੀਂ ਹੋ ਸਕਦੇ। ਜਿਨ੍ਹਾਂ ਵਿਧਾਇਕਾਂ ਅਤੇ ਮੰਤਰੀਆਂ ਨੇ ਪੰਜਾਬ ਨੂੰ ਲੁੱਟਿਆ ਤੇ ਮਾਫੀਆ ਰਾਜ ਚਲਾਇਆ, ਉਹ ਤਾਂ ਪਹਿਲੇ ਦਿਨ ਤੋਂ ਹੀ ਉਸ ਨਾਲ ਗੱਡੀ ਵਿਚ ਘੁੰਮ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਰਮਿੰਦਰ ਸਿੰਘ ਢੀਂਡਸਾ ਵਿਧਾਇਕ ਅਤੇ ਸਾਬਕਾ ਖਜਾਨਾ ਮੰਤਰੀ ਨੇ ਅੱਜ ਟਾਂਡਾ ਉੜਮੁੜ ਵਿਖੇ ਮਨਜੀਤ ਸਿੰਘ ਦਸੂਹਾ ਦੇ ਦਫ਼ਤਰ ਦਾ ਉਦਘਾਟਨ ਕਰਨ ਉਪਰੰਤ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਝੂਠ ਬੋਲ ਕੇ ਸੱਤਾ ਹਾਸਲ ਕੀਤੀ ਗਈ ਸੀ, ਉਸੇ ਤਰਜ ’ਤੇ ਝੂਠ ਹੁਣ ਸੁਖਬੀਰ ਬਾਦਲ ਬੋਲ ਰਿਹਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਕਈ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 400 ਯੂਨਿਟ ਬਿਜਲੀ ਮੁਆਫ਼ ਕਰਨ ਦੀਆਂ ਜੋ ਗੱਲਾਂ ਕੀਤੀਆਂ ਜਾ ਰਹੀਆਂ ਹਨ, ਇਸਨੂੰ ਕੋਈ ਪੁੱਛੇ ਕਿ ਪਹਿਲਾਂ ਹੀ ਇੰਡਸਟਰੀ ਨੂੰ 5 ਰੁਪਏ ਯੂਨਿਟ ਬੱਤੀ ਦਿੱਤੀ ਜਾ ਰਹੀ ਹੈ ਤੇ ਖੇਤੀ ਸੈਕਟਰ ਨੂੰ ਵੀ ਮੁਫ਼ਤ ਦਿੱਤੀ ਜਾ ਰਹੀ ਹੈ। ਇਸ ਸਭ ਕੁੱਝ ਲਈ ਪੈਸਾ ਆਵੇਗਾ ਕਿੱਥੋਂ? ਉਨ੍ਹਾਂ ਕਿਹਾ ਕਿ ਪਹਿਲਾਂ ਬਾਦਲਾਂ ਵੱਲੋਂ ਕੇਂਦਰ ਸਰਕਾਰ ਦੇ ਹੱਕ ’ਚ ਖੇਤੀ ਕਾਨੂੰਨਾਂ ਨੂੰ ਸਹੀ ਠਹਿਰਾਇਆ ਗਿਆ ਅਤੇ ਜਦੋਂ ਪੰਜਾਬ ਦੇ ਲੋਕਾਂ ਨੇ ਇਸਦਾ ਵਿਰੋਧ ਕੀਤਾ ਤਾਂ ਅਸਤੀਫ਼ਾ ਦੇ ਕੇ ਦਿੱਲੀ ਤੋਂ ਵਾਪਸ ਆ ਗਏ। ਉਨ੍ਹਾਂ ਕਿਹਾ ਕਿ ਇਹ ਬਾਦਲਾਂ ਦਾ ਦੋਹਰਾ ਚਿਹਰਾ ਹੈ, ਜਿਸਨੂੰ ਲੋਕ ਹੁਣ ਸਮਝ ਚੁੱਕੇ ਹਨ ਅਤੇ ਇਨ੍ਹਾਂ ਦੀਆਂ ਚਾਲਾਂ ਦਾ ਜਮਾਨਾ ਖ਼ਤਮ ਹੋ ਗਿਆ ਹੈ।
ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਲੋਕ ਇਕ ਵਾਰ ਧੋਖਾ ਖਾ ਚੁੱਕੇ ਹਨ ਪਰ ਦੁਬਾਰਾ ਇਨ੍ਹਾਂ ਪਾਰਟੀਆਂ ਦੇ ਝਾਂਸੇ ਵਿਚ ਆਉਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਪ੍ਰਧਾਨ ਹੋਏ ਹਨ, ਉਨ੍ਹਾਂ ਸਾਰਿਆਂ ’ਚੋਂ ਸੁਖਬੀਰ ਸਿੰਘ ਬਾਦਲ ਨਾਕਾਬਲ ਪ੍ਰਧਾਨ ਹਨ। ਉਨ੍ਹਾਂ ਟਾਂਡਾ ਉੜਮੁੜ ਦੀ ਸੀਟ ’ਤੇ ਤੰਜ ਕੱਸਦਿਆਂ ਕਿਹਾ ਕਿ ਇਹ ਸੀਟ ਜੋ ਪੰਥਕ ਸੀਟ ਕਹਾਉਂਦੀ ਸੀ, ਉਸਨੂੰ ਅਕਾਲੀ ਦਲ ਨੇ ਬਸਪਾ ਦੇ ਖਾਤੇ ਵਿਚ ਪਾ ਦਿੱਤਾ।
ਇਹ ਵੀ ਪੜ੍ਹੋ : ...ਤਾਂ ਇਸ ਤਰ੍ਹਾਂ ਸੁਮੇਧ ਸੈਣੀ ਤੱਕ ਪਹੁੰਚੀ ਵਿਜੀਲੈਂਸ ਪਰ ਹੱਥ ਫਿਰ ਵੀ ਰਹੇ ਖਾਲ੍ਹੀ
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜੇਗਾ, ਜਿਸਦੀਆਂ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇ ਕਿਸੇ ਪਾਰਟੀ ਨਾਲ ਸਾਡਾ ਸਮਝੌਤਾ ਹੁੰਦਾ ਹੈ ਤਾਂ ਉਸ ਬਾਰੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਅਕਾਲੀ ਦਲ ’ਤੇ ਪੂਰਾ ਕਬਜ਼ਾ ਕਰ ਲਿਆ ਗਿਆ ਸੀ ਤੇ ਆਪਣੀਆਂ ਮਨਮਾਨੀਆਂ ਹਮੇਸ਼ਾਂ ਕਰਦੇ ਸਨ ਤੇ ਪੰਥਕ ਏਜੰਡੇ ਤੋਂ ਭਾਜੂ ਹੋ ਚੁੱਕੇ ਹਨ। ਜਿਸ ਲਈ ਸਾਨੂੰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਬਨਾਉਣਾ ਪਿਆ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਪੰਥਕ ਸਿਧਾਂਤਾਂ ’ਤੇ ਹੀ ਚੱਲੇਗੀ। ਪਾਰਟੀ ਨੂੰ ਇਸੇ ਲਈ ਹੋਂਦ ’ਚ ਲਿਆਂਦਾ ਗਿਆ ਕਿਉਂਕਿ ਸਾਡੀ ਵਿਚਾਰਧਾਰਾ ਉਨ੍ਹਾਂ ਨਾਲ ਮੇਲ ਨਹੀਂ ਖਾਂਦੀ ਸੀ। ਇਸ ਮੌਕੇ ਦੇਸ ਰਾਜ ਸਿੰਘ ਧੁੱਗਾ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਤੇ ਪੰਜਾਬ ਪ੍ਰਧਾਨ ਐੱਸ. ਸੀ. ਵਿੰਗ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਕਿਹਾ ਕਿ ਬਾਦਲ ਪਰਿਵਾਰ ਨੇ ਸ਼੍ਰੋਮਣੀ ਕਮੇਟੀ ’ਤੇ ਆਪਣਾ ਕਬਜਾ ਜਮਾਇਆ ਹੋਇਆ ਹੈ ਅਤੇ ਸਿੱਖੀ ਸਿਧਾਂਤਾਂ ਤੋਂ ਉਹ ਭੱਟਕ ਚੁੱਕੇ ਹਨ। ਅੱਜ ਲੋਕਾਂ ਵਿਚ ਉਨ੍ਹਾਂ ਪ੍ਰਤੀ ਨਫਰਤ ਫੈਲੀ ਹੋਈ ਹੈ। ਇਸ ਮੌਕੇ ਮਨਜੀਤ ਸਿੰਘ ਦਸੂਹਾ ਜਨਰਲ ਸਕੱਤਰ ਤੇ ਹਲਕਾ ਇੰਚਾਰਜ ਉੜਮੁੜ ਟਾਂਡਾ ਵੱਲੋਂ ਉਦਘਾਟਨ ਮੌਕੇ ਆਏ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਮਨਜੀਤ ਸਿੰਘ ਦਸੂਹਾ ਜਨਰਲ ਸਕੱਤਰ, ਦੇਸ ਰਾਜ ਸਿੰਘ ਧੁੱਗਾ ਪੰਜਾਬ ਪ੍ਰਧਾਨ ਐੱਸ. ਸੀ. ਵਿੰਗ, ਕੁਲਵਿੰਦਰ ਸਿੰਘ ਜੰਡਾ ਮੀਤ ਪ੍ਰਧਾਨ, ਸਤਵਿੰਦਰਪਾਲ ਸਿੰਘ ਢੱਟ ਜ਼ਿਲਾ ਪ੍ਰਧਾਨ, ਸੁਖਵਿੰਦਰ ਸਿੰਘ ਮੂਨਕਾਂ ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਤੇ ਸੀਨੀਅਰ ਯੂਥ ਆਗੂ, ਵਰਿੰਦਰਜੀਤ ਸਿੰਘ ਜੀਆਨੱਥਾ ਵਰਕਿੰਗ ਕਮੇਟੀ ਮੈਂਬਰ ਆਦਿ ਸਮੇਤ ਹੋਰ ਕਈ ਆਗੂ ਅਤੇ ਵਰਕਰ ਮੌਜੂਦ ਸਨ।
ਇਹ ਵੀ ਪੜ੍ਹੋ : ਮੁੱਖ ਮੰਤਰੀ ਵਲੋਂ ਸਨਅਤੀ ਗਤੀਵਿਧੀਆਂ ਲਈ ਹੋਰ ਇਲਾਕੇ ਖੋਲ੍ਹਣ ਦੀ ਇਜਾਜ਼ਤ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੌਰਾਨ ਆਈ ਬੁਰੀ ਖ਼ਬਰ, ਨੌਜਵਾਨ ਕਿਸਾਨ ਦੀ ਅਚਾਨਕ ਮੌਤ
NEXT STORY