ਚੰਡੀਗੜ੍ਹ (ਰਮਨਜੀਤ) : ਪੰਜਾਬ ਪੁਲਸ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਦੀ ਚੰਡੀਗੜ੍ਹ ਦੇ ਸੈਕਟਰ-20 ਸਥਿਤ ਕੋਠੀ ਨੰਬਰ 3048 ’ਤੇ ਵਿਜੀਲੈਂਸ ਬਿਊਰੋ ਵਲੋਂ ਕੀਤੀ ਗਈ ਛਾਪੇਮਾਰੀ ਅਤੇ ਜਾਂਚ ਦੇਰ ਰਾਤ ਤੱਕ ਜਾਰੀ ਰਹੀ। ਵਿਜੀਲੈਂਸ ਬਿਊਰੋ ਦੀਆਂ ਵੱਖ-ਵੱਖ ਟੀਮਾਂ ਵਲੋਂ ਕੋਠੀ ਦਾ ਕੋਨਾ-ਕੋਨਾ ਜਾਂਚਿਆ-ਪਰਖਿਆ ਗਿਆ ਅਤੇ ਉਸ ਦੀ ਪੈਮਾਇਸ਼ ਤੋਂ ਬਾਅਦ ਉਸ ਨੂੰ ਦਰਜ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਦੀ ਟੀਮ ਨੂੰ ਇਸ ਸਾਰੀ ਕਾਰਵਾਈ ਦੌਰਾਨ ਸੁਮੇਧ ਸਿੰਘ ਸੈਣੀ ਨਹੀਂ ਮਿਲੇ। ਮੰਗਲਵਾਰ ਨੂੰ ਵੀ ਵਿਜੀਲੈਂਸ ਦੀ ਟੀਮ ਵਲੋਂ ਸੈਣੀ ਦੀ ਕੋਠੀ ਵਿਚ ਕੁੱਝ ਹੋਰ ਜਾਂਚ-ਪਰਖ ਕੀਤੀ ਗਈ। ਉੱਧਰ, ਸੈਣੀ ਦੇ ਵਕੀਲਾਂ ਵਲੋਂ ਵਿਜੀਲੈਂਸ ਬਿਊਰੋ ਦੀ ਇਸ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੰਦਿਆਂ ਇਸ ਖ਼ਿਲਾਫ਼ ਅਦਾਲਤ ਦਾ ਦਰਵਾਜਾ ਖੜਕਾਉਣ ਦੀ ਗੱਲ ਕਹੀ ਗਈ ਹੈ। ਜਾਣਕਾਰੀ ਮੁਤਾਬਕ ਸੈਣੀ ਖ਼ਿਲਾਫ਼ ਜੋ ਨਵੀਂ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ, ਉਹ ਵਿਜੀਲੈਂਸ ਬਿਊਰੋ ਦੇ ਵਧੀਕ ਨਿਰਦੇਸ਼ਕ ਵਰਿੰਦਰ ਸਿੰਘ ਬਰਾੜ ਵਲੋਂ ਕੀਤੀ ਗਈ ਇਕ ਜਾਂਚ ਦੇ ਆਧਾਰ ’ਤੇ ਦਰਜ ਕੀਤੀ ਗਈ ਹੈ, ਜਿਸ ਵਿਚ ਇਹ ਪਾਇਆ ਗਿਆ ਕਿ ਸੈਣੀ ਨੇ ਇਕ ਆਬਕਾਰੀ ਅਧਿਕਾਰੀ ਦੇ ਪਰਿਵਾਰ ਨੂੰ ਮਕਾਨ ਨੰਬਰ 3048, ਸੈਕਟਰ-20 ਡੀ ਦੀ ਪਹਿਲੀ ਮੰਜ਼ਿਲ ਲਈ ਅਕਤੂਬਰ, 2018 ਤੋਂ 2.5 ਲੱਖ ਰੁਪਏ ਦਾ ਕਿਰਾਇਆ ਦਿੱਤਾ। ਇਸ ਤੋਂ ਇਲਾਵਾ 6 ਕਰੋੜ 40 ਲੱਖ ਰੁਪਏ ਦਾ ਭੁਗਤਾਨ ਕੀਤਾ। ਵਿਜੀਲੈਂਸ ਬਿਊਰੋ ਦੀਆਂ ਟੀਮਾਂ ਨੇ ਸੈਣੀ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ 6 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਘਰ ਦੀ ਘੇਰਾਬੰਦੀ ਕਰਨ ਦੇ ਬਾਵਜੂਦ ਸਫ਼ਲ ਨਹੀਂ ਹੋ ਸਕੀਆਂ। ਵਿਜੀਲੈਂਸ ਬਿਊਰੋ ਵਲੋਂ ਦਰਜ ਕੀਤੀ ਗਈ ਨਵੀਂ ਐੱਫ਼. ਆਈ. ਆਰ. ਵਿਚ ਕਿਹਾ ਗਿਆ ਹੈ ਕਿ ਵਿਜੀਲੈਂਸ ਬਿਊਰੋ ਨੇ ਲੋਕ ਨਿਰਮਾਣ ਵਿਭਾਗ (ਪੀ. ਡਬਲਿਊ. ਡੀ.) ਦੇ ਕਾਰਜਕਾਰੀ ਇੰਜੀਨੀਅਰ ਨਿਮਰਤ ਦੀਪ ਸਿੰਘ, ਨਿਵਾਸੀ ਸੈਕਟਰ-35, ਚੰਡੀਗੜ੍ਹ ਖਿਲਾਫ਼ ਜਾਂਚ ਦੌਰਾਨ ਇਸ ਵਿੱਤੀ ਲੈਣ-ਦੇਣ ਨੂੰ ਪਾਇਆ।
ਇਹ ਵੀ ਪੜ੍ਹੋ : ਮੁੱਖ ਮੰਤਰੀ ਵਲੋਂ ਸਨਅਤੀ ਗਤੀਵਿਧੀਆਂ ਲਈ ਹੋਰ ਇਲਾਕੇ ਖੋਲ੍ਹਣ ਦੀ ਇਜਾਜ਼ਤ
ਸ਼ਿਕਾਇਤ ਵਿਚ ਨਾਮਜ਼ਦ ਹੋਰ ਲੋਕਾਂ ਵਿਚ ਨਿਮਰਤ ਦੇ ਪਿਤਾ ਸੁਰਿੰਦਰਜੀਤ ਸਿੰਘ ਜਸਪਾਲ, ਮੁਕੇਰੀਆਂ ਦੇ ਨਜ਼ਦੀਕ ਭਾਗੜਾ ਡੁਗਰੀ ਰਾਜਪੂਤਾਂ ਨਿਵਾਸੀ ਅਜੈ ਕੌਸ਼ਲ, ਮੁਕੇਰੀਆਂ ਦੇ ਨਜ਼ਦੀਕੀ ਭਾਗੜਾਂ ਨਿਵਾਸੀ ਪਰਦੁਮਨ ਸਿੰਘ, ਭੜੌਜੀਆਂ ਨਿਵਾਸੀ ਪਰਮਜੀਤ ਸਿੰਘ ਅਤੇ ਸੈਕਟਰ-27 ਨਿਵਾਸੀ ਅਮਿਤ ਸਿੰਗਲਾ ਦੇ ਨਾਮ ਸ਼ਾਮਲ ਹਨ। ਐੱਫ਼. ਆਈ. ਆਰ. ਵਿਚ ਦੋਸ਼ ਹੈ ਕਿ ਉਨ੍ਹਾਂ ਦੇ ਅਤੇ ਪਰਿਵਾਰ ਦੇ ਮੈਬਰਾਂ ਕੋਲ 35 ਜਾਇਦਾਦਾਂ ਸਨ, ਇਸ ਤੋਂ ਇਲਾਵਾ ਵੱਖ ਵੱਖ ਬੈਂਕਾਂ/ਐੱਫ਼. ਡੀ. ਆਰ. ਅਤੇ ਵਿਦੇਸ਼ੀ ਮੁਦਰਾ ਵਿਚ 20 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਸੀ। ਵਿਜੀਲੈਂਸ ਜਾਂਚ ਵਿਚ ਪਾਇਆ ਗਿਆ ਕਿ ਇਹ ਜਾਇਦਾਦਾਂ ਨਿਮਰਤ ਦੀਪ ਦੀ ਕਮਾਈ ਦੇ ਗਿਆਤ ਸਰੋਤਾਂ ਤੋਂ ਜ਼ਿਆਦਾ ਸਨ। ਜਾਂਚ ਦੌਰਾਨ ਇਹ ਤੱਥ ਸਾਹਮਣੇ ਆਇਆ ਕਿ ਸੁਰਿੰਦਰਜੀਤ ਸਿੰਘ ਜਸਪਾਲ ਨੇ ਸਤੰਬਰ, 2017 ਵਿਚ ਸੈਕਟਰ-20 ਦੀ ਇਹ ਕੋਠੀ 6.40 ਕਰੋੜ ਰੁਪਏ ਵਿਚ ਖਰੀਦੀ ਸੀ। ਜਦੋਂ ਕਿ ਇਸ ਕੋਠੀ ਦੇ ਪਹਿਲੇ ਮਾਲਕ ਨੇ ਉਕਤ ਕੋਠੀ ਨੂੰ ਸਟੇਟ ਬੈਂਕ ਆਫ਼ ਇੰਡੀਆ ਦੀ ਈ-ਆਕਸ਼ਨ ਵਿਚ 2014 ਦੌਰਾਨ 7.85 ਕਰੋੜ ਰੁਪਏ ਵਿਚ ਖਰੀਦਿਆ ਸੀ। ਹੈਰਾਨੀਜਨਕ ਤਰੀਕੇ ਨਾਲ ਸੁਰਿੰਦਰਜੀਤ ਨੂੰ ਇਸ ਦੀ ਉਕਤ ਕੀਮਤ ਤੋਂ 1.45 ਕਰੋੜ ਰੁਪਏ ਘੱਟ ’ਤੇ ਵੇਚਿਆ ਗਿਆ, ਜਿਨ੍ਹਾਂ ਨੇ ਬਾਅਦ ਵਿਚ ਵਿਖਾਇਆ ਕਿ ਉਨ੍ਹਾਂ ਨੇ ਘਰ ਦੇ ਨਵੀਨੀਕਰਣ ’ਤੇ 1.50 ਕਰੋੜ ਰੁਪਏ ਖਰਚ ਕੀਤੇ। ਸੈਣੀ ਨੇ ਅਕਤੂਬਰ, 2018 ਵਿਚ 2.5 ਲੱਖ ਰੁਪਏ ਪ੍ਰਤੀ ਮਹੀਨੇ ਦੇ ਕਿਰਾਏ ’ਤੇ ਘਰ ਦੀ ਇਕ ਮੰਜ਼ਿਲ ਲਈ। ਹਾਲਾਂਕਿ, ਉਨ੍ਹਾਂ ਬੈਂਕ ਲੈਣ-ਦੇਣ ਦੇ ਮਾਧਿਅਮ ਨਾਲ ਮਾਲਕ ਨੂੰ 45 ਲੱਖ ਰੁਪਏ ਦਾ ਅਗਾਊਂ ਭੁਗਤਾਨ ਕੀਤਾ। ਹਾਲਾਂਕਿ ਕਿਰਾਏ ਦੇ ਸਮਝੌਤੇ ਅਨੁਸਾਰ 11 ਮਹੀਨੇ ਲਈ ਉਨ੍ਹਾਂ ਦਾ ਕਿਰਾਇਆ ਸਿਰਫ਼ 27.5 ਲੱਖ ਰੁਪਏ ਸੀ। ਬਾਅਦ ਵਿਚ ਬੈਂਕ ਲੈਣ ਦੇਣ ਤੋਂ ਪਤਾ ਲੱਗਿਆ ਕਿ ਸੈਣੀ ਨੇ ਮਾਲਕ ਨੂੰ ਵੱਖ-ਵੱਖ ਤਰੀਕੇ 6.40 ਕਰੋੜ ਰੁਪਏ ਦਾ ਭੁਗਤਾਨ ਕੀਤਾ।
ਇਹ ਵੀ ਪੜ੍ਹੋ : ਖੰਨਾ, ਫਗਵਾੜਾ ਤੇ ਫਿਲੌਰ ’ਚ ਬਾਈਪਾਸ ਬਣਾਉਣ ਦੀ ਕੇਂਦਰ ਨੇ ਦਿੱਤੀ ਮਨਜ਼ੂਰੀ
ਸਤੰਬਰ, 2019 ਵਿਚ ਸੈਣੀ ਅਤੇ ਕੋਠੀ ਮਾਲਕ ਵਿਚਕਾਰ ਇਕ ਅਨਰਜਿਸਟਰਡ ਵਿਕਰੀ/ ਖਰੀਦ ਹੋਇਆ ਸਮਝੌਤਾ ਦਾਅਵਾ ਕਰਦਾ ਹੈ ਕਿ ਉਨ੍ਹਾਂ ਨੇ ਸੈਣੀ ਨੂੰ ਘਰ ਵੇਚਣ ਲਈ ਇਕ ਸਮਝੌਤਾ ਕੀਤਾ ਹੈ। ਜਾਂਚ ਵਿਚ ਕਿਹਾ ਗਿਆ ਹੈ ਕਿ ਇਹ ਦਸਤਾਵੇਜ ਗ਼ੈਰਕਾਨੂੰਨੀ ਅਤੇ ਪਿਛਲੀ ਤਰੀਕ ਦਾ ਸੀ। ਜਾਂਚ ਵਿਚ ਇਹ ਵੀ ਤੱਥ ਸਾਹਮਣੇ ਆਇਆ ਹੈ ਕਿ ਨਿਮਰਤ ਦੀਪ ਸਿੰਘ ਐਕਸ. ਈ. ਐੱਨ. ਵਲੋਂ ਕਮਾਈ ਤੋਂ ਜ਼ਿਆਦਾ ਜਾਇਦਾਦ ਦੇ ਕਬਜ਼ੇ ਨਾਲ ਸਬੰਧਤ ਜਾਂਚ ਵਿਚ ਇਹ ਪਾਇਆ ਗਿਆ ਕਿ ਸੁਮੇਧ ਸਿੰਘ ਸੈਣੀ ਨੇ ਕਰੋੜਾਂ ਰੁਪਏ ਦੀ ਰਾਸ਼ੀ ਟਰਾਂਸਫਰ ਕੀਤੀ ਸੀ। ਨਿਮਰਤ ਦੀਪ ਦੇ ਪਿਤਾ ਨੂੰ ਸੈਣੀ ਵਲੋਂ ਅਗਸਤ, 2018 ਤੋਂ 2020 ਤੱਕ ਬਿਨਾਂ ਕਿਸੇ ਰਸੀਦ ਜਾਂ ਉਦੇਸ਼ ਦੇ 6.40 ਕਰੋੜ ਰੁਪਏ ਅਦਾ ਕੀਤੇ ਗਏ। ਇਸ ਗੱਲ ਨੂੰ ਸਮਝਾਉਣ ਲਈ ਜਦੋਂ ਨਿਮਰਤ ਦੀਪ ਦੇ ਪਿਤਾ ਨੂੰ ਵਿਜੀਲੈਂਸ ਵਲੋਂ ਬੁਲਾਇਆ ਗਿਆ ਤਾਂ ਇਕ ਫਰਜ਼ੀ ਕਰਾਰ ਪੇਸ਼ ਕੀਤਾ ਗਿਆ, ਜਿਸ ਵਿਚ ਕਿਹਾ ਗਿਆ ਕਿ ਮਕਾਨ ਨੰਬਰ 3048, ਸੈਕਟਰ-20 ਡੀ, ਚੰਡੀਗੜ੍ਹ ਦੀ ਖਰੀਦ ਲਈ ਪੈਸੇ ਦਿੱਤੇ ਜਾ ਰਹੇ ਹਨ। ਜਦੋਂ ਕਿ ਪਹਿਲਾਂ ਸੈਣੀ ਨੂੰ ਦਸਤਾਵੇਜੀ ਤੌਰ ’ਤੇ ਇਕ ਕਿਰਾਏਦਾਰ ਹੋਣ ਦਾ ਕਿਹਾ ਗਿਆ ਹੈ। ਉੱਧਰ, ਸਾਬਕਾ ਡੀ. ਜੀ. ਪੀ. ਸੈਣੀ ਦੀ ਲੀਗਲ ਟੀਮ ਨੇ ਦਾਅਵਾ ਕੀਤਾ ਹੈ ਕਿ ਛਾਪੇਮਾਰੀ ਦੌਰਾਨ ਹੁਣ ਤੱਕ ਲੁਧਿਆਣਾ, ਫਿਰੋਜ਼ਪੁਰ ਅਤੇ ਪਟਿਆਲਾ ਦੇ ਵਿਜੀਲੈਂਸ ਦੇ ਐੱਸ. ਐੱਸ. ਪੀ. ਵੀ ਸੈਣੀ ਦੀ ਕੋਠੀ ਪੁੱਜੇ। ਸੈਣੀ ਦੀ ਲੀਗਲ ਟੀਮ ਵਲੋਂ ਛਾਪੇਮਾਰੀ ਨੂੰ ਮੀਡੀਆ ਟ੍ਰਾਇਲ ਅਤੇ ਪ੍ਰੇਸ਼ਾਨ ਕਰਨ ਦੀ ਸਾਜਿਸ਼ ਕਰਾਰ ਦਿੱਤਾ ਗਿਆ ਹੈ। ਟੀਮ ਨੇ ਕਿਹਾ ਕਿ ਇਸ ਮਾਮਲੇ ਵਿਚ ਜ਼ਮਾਨਤ ਅਪਲਾਈ ਕਰ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਛਾਪੇਮਾਰੀ ਰਾਜਨੀਤੀ ਤੋਂ ਪ੍ਰੇਰਿਤ ਹੈ। ਵਿਜੀਲੈਂਸ ’ਤੇ ਰਾਜਨੀਤਿਕ ਦਬਾਅ ਹੈ।
ਇਹ ਵੀ ਪੜ੍ਹੋ : ਕੈਪਟਨ ਸਰਕਾਰ ਵਾਅਦਿਆਂ ਮੁਤਾਬਕ ਐੱਨ. ਪੀ. ਏ. ਦਾ ਮਸਲਾ ਹੱਲ ਕਰਕੇ ਡਾਕਟਰਾਂ ਨੂੰ ਫੌਰੀ ਰਾਹਤ ਦੇਵੇ: ਢੀਂਡਸਾ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਪੰਜਾਬ ਵਿਚ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ 6 ਲੱਖ ਹੈਕਟੇਅਰ ਤੋਂ ਪਾਰ, ਬਠਿੰਡਾ ਜ਼ਿਲ੍ਹੇ ਦੇ ਕਿਸਾਨ ਮੋਹਰੀ
NEXT STORY