ਅੰਮ੍ਰਿਤਸਰ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਵੱਡਾ ਹਮਲਾ ਬੋਲਿਆ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਦੁਨੀਆ ਦਾ ਸਭ ਤੋਂ ਵੱਡਾ ਕਾਇਰ ਦੱਸਦਿਆਂ ਸਿੱਧੂ ਨੇ ਕਿਹਾ ਹੈ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਅੱਜ ਰੇਤ ਮਾਫੀਆ ਦੀ ਗੱਲ ਕਰ ਰਿਹਾ ਹੈ ਉਹ ਪਹਿਲਾਂ ਕਿੱਥੇ ਸੀ। ਉਸ ਨੇ ਪਹਿਲਾਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ। ਅੰਮ੍ਰਿਤਸਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਇੰਨੇ ਤੈਸ਼ ’ਚ ਆ ਗਏ ਕਿ ਉਹ ਸ਼ਬਦਾਂ ਦੀ ਮਰਿਆਦਾ ਹੀ ਭੁੱਲ ਗਏ। ਦਰਅਸਲ ਪੱਤਰਕਾਰਾਂ ਨੇ ਜਦੋਂ ਉਨ੍ਹਾਂ ਤੋਂ ਸਵਾਲ ਪੁੱਛਿਆ ਕਿ ਕੈਪਟਨ ਤੁਹਾਡੇ ਖ਼ਿਲਾਫ਼ ਚੋਣ ਲੜਨ ਦੀ ਗੱਲ ਕਰ ਚੁੱਕੇ ਹਨ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਪਿਓ ਜਿਤਾਵੇਗਾ।
ਇਹ ਵੀ ਪੜ੍ਹੋ : ਕੈਪਟਨ ਵਲੋਂ ਨਵੀਂ ਪਾਰਟੀ ਦਾ ਐਲਾਨ, ‘ਪੰਜਾਬ ਲੋਕ ਕਾਂਗਰਸ’ ਹੋਵੇਗਾ ਨਾਂ
ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਇਕ ਰੋਂਦੂ ਬੱਚਾ ਬਣ ਗਿਆ ਹੈ। ਜਿਵੇਂ-ਜਿਵੇਂ ਬੰਦੇ ਦੀ ਉਮਰ ਵੱਧਦੀ ਹੈ ਉਵੇਂ ਉਵੇਂ ਉਹ ਬੱਚਾ ਬਣਦਾ ਜਾਂਦਾ ਹੈ, ਇਸੇ ਤਰ੍ਹਾਂ ਹੁਣ ਕੈਪਟਨ ਰੋਂਦੂ ਬੱਚਾ ਬਣ ਗਿਆ ਹੈ। ਸਿੱਧੂ ਨੇ ਕਿਹਾ ਕਿ ਕੈਪਟਨ ਮੇਰੇ ਖ਼ਿਲਾਫ਼ ਚੋਣ ਲੜਨ ਦੀ ਗੱਲ ਕਰ ਰਿਹਾ ਹੈ ਪਰ ਉਸ ਦਾ ਸਾਥ ਤਾਂ ਉਸ ਦੀ ਪਤਨੀ ਨੇ ਵੀ ਨਹੀਂ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨਾਲ ਇਕ ਕੌਂਸਲਰ ਤਕ ਵੀ ਨਾਲ ਨਹੀਂ ਖੜ੍ਹਾ ਹੋਇਆ। ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੇਰੇ ਲਈ ਬੂਹੇ ਬੰਦ ਕਰਨ ਦੀ ਗੱਲ ਕਹਿੰਦਾ ਸੀ ਪਰ ਹੁਣ ਉਸ ਨੂੰ ਹੀ ਪਾਰਟੀ ਨੇ ਕੱਢ ਕੇ ਬਾਹਰ ਮਾਰਿਆ ਹੈ। ਹੁਣ ਕੈਪਟਨ ਦੇ ਪੱਲੇ ਕੱਖ ਨਹੀਂ ਹੈ ਅਤੇ ਕੈਪਟਨ ਇਕ ਫਰੌਡ ਆਦਮੀ ਹੈ ਅਤੇ ਇਕ ਫੇਲ ਮੁੱਖ ਮੰਤਰੀ ਨੂੰ ਬਦਲਿਆ ਗਿਆ ਹੈ। ਸਿੱਧੂ ਨੇ ਕਿਹਾ ਕਿ ਨਾ ਮੈਂ ਪਹਿਲਾਂ ਕੁਰਸੀ ਦੇਖੀ ਅਤੇ ਨਾ ਹੁਣ।
ਇਹ ਵੀ ਪੜ੍ਹੋ : ਪੁਲਸ ’ਚ ਗ਼ੈਰ ਪੰਜਾਬੀਆਂ ਦੀ ਭਰਤੀ ’ਤੇ ਸੂਬਾ ਸਰਕਾਰ ਸਖ਼ਤ, ਰੰਧਾਵਾ ਨੇ ਡੀ. ਜੀ. ਪੀ. ਤੋਂ ਮੰਗੀ ਰਿਪੋਰਟ
ਰੇਤ ਮਾਫੀਆ ਅਤੇ ਸ਼ਰਾਬ ਮਾਫੀਆ ਬਾਰੇ ਗੱਲ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਜੇ ਕੈਪਟਨ ਜਾਣਦਾ ਸੀ ਕਿ ਇਹ ਮੰਤਰੀ ਤੇ ਵਿਧਾਇਕ ਰੇਤ ਮਾਫੀਆ ਨਾਲ ਰਲੇ ਹੋਏ ਹਨ ਤਾਂ ਕਿਉਂ ਉਸ ਨੇ ਕਾਰਵਾਈ ਨਹੀਂ ਕੀਤੀ। ਸਿੱਧੂ ਨੇ ਕਿਹਾ ਕਿ ਇਹ ਚੋਰ ਇਕੱਠੇ ਹੋਏ ਹਨ ਅਤੇ ਗੱਲਾਂ ਸਾਧਾਂ ਵਾਲੀਆਂ ਕਰਦੇ ਹਨ। ਹੁਣ ਕੈਪਟਨ ਕਹਿੰਦਾ ਹੈ ਕਿ ਮੈਂ ਪਾਰਟੀ ਨੂੰ ਨੁਕਸਾਨ ਨਾ ਹੋਵੇ ਇਸ ਲਈ ਕਾਰਵਾਈ ਨਹੀਂ ਕੀਤੀ। ਮੈਂ ਤਾਂ ਉਦੋਂ ਵੀ ਕਹਿੰਦਾ ਸੀ ਪਰ ਬੰਦੇ ਉਨ੍ਹਾਂ ਦੇ ਸਨ। ਰੇਤ ਮਾਫੀਆ ਦੇ ਨਾਲ ਨਾਲ ਟਰਾਂਸਪੋਰਟ ਮਾਫੀਆ ਭਾਰੂ ਸੀ। ਸਿੱਧੂ ਨੇ ਕਿਹਾ ਕਿ ਜੇ ਤੇਲੰਗਾਨਾ ਇਕ ਹਫਤੇ ਵਿਚ 47 ਕਰੋੜ ਰੁਪਿਆ ਕਮਾ ਰਿਹਾ ਹੈ ਤਾਂ ਅਕਾਲੀ ਸਰਕਾਰ ਨੇ ਇਕ ਸਾਲ ਵਿਚ 40 ਕਰੋੜ ਕਿਵੇਂ ਜਮਾਂ ਕਰਵਾਏ।
ਇਹ ਵੀ ਪੜ੍ਹੋ : ਕਾਂਗਰਸੀ ਸਰਪੰਚ ਦੇ ਘਰ ’ਚ ਪੁਲਸ ਦੀ ਵੱਡੀ ਰੇਡ, ਜੀਜਾ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ (ਵੀਡੀਓ)
ਪੰਜਾਬ ਵਿਚ 1300 ਕਿੱਲੋ ਮੀਟਰ ਦਰਿਆ ਹੈ, ਫਿਰ ਇਕ ਸਾਲ ਵਿਚ ਸਿਰਫ 40 ਕਰੋੜ ਕਿਵੇਂ ਜਮਾਂ ਹੋਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੋਮਿਆਂ ਦੀ ਲੁੱਟ ਹੀ ਪੰਜਾਬ ਦੀ ਬਦਹਾਲੀ ਦਾ ਦਾ ਮੁੱਖ ਕਾਰਣ ਹੈ। ਸਿੱਧੂ ਨੇ ਕਿਹਾ ਕਿ ਮੈਂ ਪਹਿਲੀ ਕੈਬਨਿਟ ਵਿਚ ਸ਼ਰਾਬ ਦੀ ਪਾਲਿਸੀ ਬਾਰੇ ਆਵਾਜ਼ ਚੁੱਕੀ ਸੀ। ਰੇਤ ਦੀ ਚੋਰੀ ਉਦੋਂ ਰੁਕਣੀ ਹੈ ਜਦੋਂ ਰੇਤ ਦਾ ਰੇਟ ਫਿਕਸ ਹੋਵੇਗਾ। ਜੇਕਰ ਸ਼ਰਾਬ ਦੇ ਰੇਟ ਫਿਕਸ ਹੋ ਸਕਦਾ ਹੈ ਤਾਂ ਫਿਰ ਰੇਤ ਦਾ ਕਿਉਂ ਨਹੀਂ ਹੋ ਸਕਦਾ। ਸਿੱਧੂ ਨੇ ਕਿਹਾ ਕਿ ਨੀਤੀਆਂ ਨਾਲ ਸੂਬੇ ਚਲਾਏ ਜਾਂਦੇ ਹਨ, ਸਿੱਧੂ 500 ਵਾਅਦੇ ਨਹੀਂ ਕਰਦਾ ਬਾਬੇ ਨਾਨਕ ਦਾ 13-13 ਕਰਦਾ ਹੈ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਲਾਰੈਂਸ ਬਿਸ਼ਨੋਈ ਗੈਂਗ ਦੇ 4 ਵਿਅਕਤੀ ਹਥਿਆਰਾਂ ਸਮੇਤ ਗ੍ਰਿਫ਼ਤਾਰ
NEXT STORY