ਜਲੰਧਰ (ਨਰਿੰਦਰ ਮੋਹਨ) : ਸਿੱਧੂ ਮੂਸੇਵਾਲਾ ਮਾਮਲੇ ਨੂੰ ਸਮਰਥਨ ਕਰਨਾ ਜੇਲ੍ਹ ’ਚ ਬੰਦ ਨਵਜੋਤ ਸਿੰਘ ਸਿੱਧੂ ਦੀ ਰਿਹਾਈ ’ਚ ਅੜਿੱਕਾ ਬਣਦਾ ਜਾ ਰਿਹਾ ਹੈ। ਨਿਯਮਾਂ ਮੁਤਾਬਕ ਨਵਜੋਤ ਸਿੱਧੂ ਨੂੰ 9 ਤੋਂ 13 ਅਪ੍ਰੈਲ ਦਰਮਿਆਨ ਰਿਹਾਅ ਕੀਤੇ ਜਾਣ ਦੀ ਸੰਭਾਵਨਾ ਹੈ। ਸੂਤਰ ਦੱਸਦੇ ਹਨ ਕਿ ਹੋਰ ਕੈਦੀਆਂ ਦੀ ਰਿਹਾਈ ’ਚ ਸਿੱਧੂ ਦਾ ਨਾਂ ਵੀ ‘ਵਿਸਾਖੀ ਲਿਸਟ’ ’ਚ ਸ਼ਾਮਲ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਕੈਦੀਆਂ ਦੀ ਰਿਹਾਈ ਲਈ ਕਮੇਟੀ ਦਾ ਗਠਨ ਕਰ ਦਿੱਤਾ ਹੈ ਅਤੇ ਕਮੇਟੀ ਇਸ ਸਬੰਧੀ ਆਪਣੀਆਂ ਸਿਫਾਰਸ਼ਾਂ ਦੇਵੇਗੀ। ਜੇਲ੍ਹ ਵਿਭਾਗ ਮੁੱਖ ਮੰਤਰੀ ਕੋਲ ਹੈ, ਆਖ਼ਰੀ ਫ਼ੈਸਲਾ ਉਨ੍ਹਾਂ ’ਤੇ ਛੱਡਿਆ ਹੋਇਆ ਹੈ ਪਰ ਵਿਭਾਗ ਦੇ ਅਧਿਕਾਰੀਆਂ ਨੇ ਇਸ ਮਾਮਲੇ ’ਚ ਆਪਣਾ ਮੂੰਹ ਬੰਦ ਰੱਖਿਆ ਹੋਇਆ ਹੈ। 34 ਸਾਲ ਪੁਰਾਣੇ ਰੋਡ ਰੇਜ ਕੇਸ ’ਚ ਸੁਪਰੀਮ ਕੋਰਟ ਨੇ 19 ਮਈ, 2022 ਨੂੰ ਸਿੱਧੂ ਦੀ ਇਕ ਸਾਲ ਦੀ ਸਖ਼ਤ ਸਜ਼ਾ ਨੂੰ ਬਰਕਰਾਰ ਰੱਖਿਆ ਸੀ ਅਤੇ 20 ਮਈ ਨੂੰ ਸਿੱਧੂ ਨੇ ਪਟਿਆਲਾ ਅਦਾਲਤ ’ਚ ਆਤਮ-ਸਮਰਪਣ ਕਰ ਦਿੱਤਾ ਸੀ। ਸਿੱਧੂ ਦਾ 19 ਮਈ, 2023 ਨੂੰ ਇਕ ਸਾਲ ਪੂਰਾ ਹੋ ਰਿਹਾ ਹੈ। ਜੇਲ੍ਹ ਵਿਭਾਗ ਦੇ ਇਕ ਸੇਵਾਮੁਕਤ ਸੀਨੀਅਰ ਅਧਿਕਾਰੀ ਅਨੁਸਾਰ ਸਬੰਧਿਤ ਜੇਲ੍ਹ ਦੇ ਸੁਪਰੀਡੈਂਟ ਨੂੰ ਵੀ ਸਜ਼ਾ ਮੁਆਫ਼ ਕਰਨ ਦਾ ਅਖ਼ਤਿਆਰੀ ਅਧਿਕਾਰ ਹੈ ਕਿ ਉਹ ਚੰਗੇ ਆਚਰਣ ਵਾਲੇ ਕੈਦੀ ਨੂੰ ਸਜ਼ਾ ’ਚ ਇਕ ਮਹੀਨੇ ਦੀ ਰਿਆਇਤ ਦੇ ਸਕਦਾ ਹੈ।
ਇਹ ਵੀ ਪੜ੍ਹੋ : ਖੰਨਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਲੋਕਾਂ ਦੀ ਮੌਤ
ਇਸ ਤੋਂ ਇਲਾਵਾ ਕਾਰਜਕਾਰੀ ਮੁਆਫ਼ੀ ਵਜੋਂ ਇਕ ਸਾਲ ਦੀ ਸਜ਼ਾ ਕੱਟਣ ਵਾਲਾ ਕੈਦੀ, ਖ਼ਾਸ ਕਰ ਕੇ ਸਿੱਧੂ ਦੇ ਕੇਸ ’ਚ ਚੰਗੇ ਆਚਰਣ ਅਤੇ ਪੈਰੋਲ ਨਾ ਹੋਣ ਕਾਰਨ 40 ਦਿਨਾਂ ਦੀ ਰਿਆਇਤ ਦਾ ਨਿਯਮ ਮੁਤਾਬਕ ਹੱਕਦਾਰ ਹੈ। ਇਸ ਦੇ ਮੁਤਾਬਕ ਨਵਜੋਤ ਸਿੰਘ ਸਿੱਧੂ ਦੀ ਰਿਹਾਈ 9 ਅਪ੍ਰੈਲ ਦੇ ਨੇੜੇ ਹੋਣ ਦੀ ਸੰਭਾਵਨਾ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਸੂਬੇ ’ਚ ਵਿਸਾਖੀ ਦੇ ਤਿਉਹਾਰ ਮੌਕੇ ਰਿਹਾਅ ਕੀਤੇ ਜਾਣ ਵਾਲੇ ਕੈਦੀਆਂ ਦੀ ਲਿਸਟ ਤਿਆਰ ਕਰ ਰਹੀ ਹੈ, ਜਿਸ ’ਚ 26 ਜਨਵਰੀ ਨੂੰ ਰਿਹਾਅ ਕਰਨ ਲਈ ਬਣੀ ਪ੍ਰਸਤਾਵਿਤ ਲਿਸਟ ’ਚ ਸ਼ਾਮਲ ਜ਼ਿਆਦਾਤਰ ਕੈਦੀਆਂ ਦੇ ਨਾਂ ਸ਼ਾਮਲ ਹਨ। ਨਵਜੋਤ ਸਿੱਧੂ ਪਟਿਆਲਾ ਜੇਲ੍ਹ ’ਚ ਕਲਰਕ ਵਜੋਂ ਕੰਮ ਕਰ ਰਹੇ ਹਨ ਅਤੇ ਇਸ ਦੌਰਾਨ ਉਨ੍ਹਾਂ ਦਾ ਆਚਰਣ ਵੀ ਚੰਗਾ ਰਿਹਾ ਹੈ ਅਤੇ ਉਨ੍ਹਾਂ ਨੇ ਕੋਈ ਪੈਰੋਲ ਨਹੀਂ ਲਈ ਹੈ ਅਤੇ ਆਪਣਾ ਕੰਮ ਵੀ ਬਾਖੂਬੀ ਨਿਭਾਇਆ ਹੈ। ਪਿਛਲੀਆਂ ਸਰਕਾਰਾਂ ਖ਼ਾਸ ਕਰ ਕੇ ਅਕਾਲੀ ਸਰਕਾਰ ਵੇਲੇ ਕੈਦੀਆਂ ਨੂੰ ਸਾਲ ’ਚ 2 ਵਾਰ ਰਿਹਾਅ ਕੀਤਾ ਜਾਂਦਾ ਸੀ, ਜੋ ਕਿ ਬਾਅਦ ’ਚ ਕੇਂਦਰ ਸਰਕਾਰ ਦੀਆਂ ਹਦਾਇਤਾਂ ਕਾਰਨ ਘਟਾ ਦਿੱਤਾ ਗਿਆ। ਸਿੱਧੂ ਨੂੰ 26 ਜਨਵਰੀ ਨੂੰ ਰਿਹਾਅ ਕੀਤੇ ਜਾਣ ਦਾ ਸ਼ੰਕਾ ਸੀ। ਸਿੱਧੂ ਦੀ ਰਿਹਾਈ ’ਤੇ ਪੰਜਾਬ ਦੇ ਕੁੱਝ ਸ਼ਹਿਰਾਂ ’ਚ ਉਨ੍ਹਾਂ ਦੇ ਸੁਆਗਤ ਲਈ ਸਵਾਗਤੀ ਫਲੈਕਸ ਲਗਾਏ ਗਏ ਸਨ ਅਤੇ 26 ਜਨਵਰੀ ਨੂੰ ਪਟਿਆਲਾ ’ਚ ਸਿੱਧੂ ਸਮਰਥਕਾਂ ਦਾ ਇਕੱਠ ਵੀ ਹੋਇਆ ਸੀ ਪਰ ਸਿੱਧੂ ਨੂੰ ਰਿਹਾਅ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : CM ਮਾਨ ਨਾਲ ਅੱਜ ਮੁਲਾਕਾਤ ਕਰਨਗੇ ਹਿਮਾਚਲ ਦੇ ਮੁੱਖ ਮੰਤਰੀ, ਅਹਿਮ ਮੁੱਦਿਆਂ 'ਤੇ ਹੋਵੇਗੀ ਵਿਚਾਰ-ਚਰਚਾ
ਪਿਛਲੇ ਹਫ਼ਤੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਸਿੱਧੂ ਦੀ ਰਿਹਾਈ 1 ਅਪ੍ਰੈਲ ਨੂੰ ਹੋ ਸਕਦੀ ਹੈ। ਅਜਿਹੀ ਵੀ ਚਰਚਾ ਹੈ ਕਿ ਸਿੱਧੂ ਜਲਦੀ ਹੀ ਆਪਣੇ ਸਮਰਥਕ ਰਹੇ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਜਾਣਗੇ। ਸਿੱਧੂ ਦੀ ਰਿਹਾਈ ਸਬੰਧੀ ਕਾਂਗਰਸ ਪਾਰਟੀ ’ਚ ਵੱਖ-ਵੱਖ ਵਿਚਾਰ ਹਨ। ਦੂਜੇ ਪਾਸੇ ਜੇਕਰ ਹੋਰ ਸੂਤਰਾਂ ਦੀ ਮੰਨੀਏ ਤਾਂ ਪਿਛਲੇ ਦਿਨੀਂ ਖ਼ੁਫ਼ੀਆ ਏਜੰਸੀਆਂ ਤੋਂ ਸਿੱਧੂ ਦੀ ਰਿਹਾਈ ਨੂੰ ਲੈ ਕੇ ਇਨਪੁੱਟ ਮਿਲੇ ਸਨ ਕਿ ਸਿੱਧੂ ਦੀ ਰਿਹਾਈ ਤੋਂ ਬਾਅਦ ਮੂਸੇਵਾਲਾ ਮਾਮਲੇ ਨੂੰ ਹਵਾ ਮਿਲ ਸਕਦੀ ਹੈ, ਸਥਿਤੀ ਤਣਾਅਪੂਰਨ ਬਣ ਸਕਦੀ ਹੈ ਅਤੇ ਕਾਂਗਰਸ ਇਸ ਨੂੰ ਆਧਾਰ ਬਣਾ ਕੇ ਸਰਕਾਰ ਖ਼ਿਲਾਫ਼ ਮੁਹਿੰਮ ਛੇੜ ਸਕਦੀ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਨੂੰ ਪੰਜਾਬ ਵਿਧਾਨ ਸਭਾ ਚੋਣਾਂ ’ਚ ਮਾਨਸਾ ਤੋਂ ਕਾਂਗਰਸ ਦੀ ਟਿਕਟ ਦਿਵਾਉਣ ’ਚ ਨਵਜੋਤ ਸਿੰਘ ਸਿੱਧੂ ਦੀ ਹੀ ਭੂਮਿਕਾ ਸੀ। ਖ਼ੁਫ਼ੀਆ ਏਜੰਸੀਆਂ ਕੋਲ ਮੂਸੇਵਾਲਾ ਕੇਸ ਬਾਰੇ ਅਜੇ ਵੀ ਇਹੋ ਜਿਹੀ ਜਾਣਕਾਰੀ ਹੈ। ਜੇਲ੍ਹ ਦੇ ਸਾਬਕਾ ਅਧਿਕਾਰੀਆਂ ਅਨੁਸਾਰ ਬੇਸ਼ੱਕ ਸਿੱਧੂ ਦੀ ਮੁਆਫ਼ੀ ਵਾਲੀ ਰਿਹਾਈ 9 ਅਪ੍ਰੈਲ ਦੇ ਨੇੜੇ ਸੰਭਵ ਹੈ ਪਰ ਸਰਕਾਰ ਇਸ ’ਚ ਦੇਰੀ ਕਰ ਸਕਦੀ ਹੈ ਅਤੇ ਸਿੱਧੂ ਨੂੰ ਇਸ ਲਈ ਕਾਨੂੰਨੀ ਲੜਾਈ ਲੜਨੀ ਪੈ ਸਕਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
CM ਮਾਨ ਨਾਲ ਅੱਜ ਮੁਲਾਕਾਤ ਕਰਨਗੇ ਹਿਮਾਚਲ ਦੇ ਮੁੱਖ ਮੰਤਰੀ, ਅਹਿਮ ਮੁੱਦਿਆਂ 'ਤੇ ਹੋਵੇਗੀ ਵਿਚਾਰ-ਚਰਚਾ
NEXT STORY