ਪਟਿਆਲਾ (ਬਲਜਿੰਦਰ, ਪਰਮੀਤ, ਰਾਣਾ) - ਪੰਜਾਬ ਦੇ ਸਾਬਕਾ ਮੰਤਰੀ ਤੇ ਮਜੀਠਾ ਹਲਕੇ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੇ-ਆਪ ਨੂੰ ਸੁਪਰ ਸੀ. ਐੈੱਮ. ਸਮਝਣ ਲੱਗ ਪਏ ਹਨ, ਜੋ ਮੁੱਖ ਮੰਤਰੀ ਦੇ ਕੰਮ ਦੀ ਸਮੀਖਿਆ ਕਰਨ ਦੀ ਉਲਟੀ ਰੀਤ ਚਲਾ ਰਹੇ ਹਨ। ਸਰਕਟ ਹਾਊੁਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਇਤਿਹਾਸ ਵਿਚ ਇਹ ਪਹਿਲੀ ਵਾਰ ਵੇਖਣ ਨੂੰ ਮਿਲ ਰਿਹਾ ਹੈ ਕਿ ਜੋ ਵਿਭਾਗ ਮੁੱਖ ਮੰਤਰੀ ਨੇ ਆਪਣੇ ਅਧੀਨ ਰੱਖੇ ਹੋਣ, ਇਕ ਕੈਬਨਿਟ ਮੰਤਰੀ ਉਨ੍ਹਾਂ ਵਿਭਾਗਾਂ ਵਿਚ ਕੰਮ ਨਾ ਹੋਣ ਦੀ ਸਮੀਖਿਆ ਕਰਦਿਆਂ ਜਨਤਕ ਤੌਰ 'ਤੇ ਇਹ ਵਿਭਾਗ ਉਸ ਨੂੰ ਸੌਂਪੇ ਜਾਣ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਮੁੱਖ ਮੰਤਰੀ ਵੱਲੋਂ ਮੰਤਰੀਆਂ ਦੇ ਵਿਭਾਗਾਂ ਵਿਚ ਕੰਮ ਦੀ ਸਮੀਖਿਆ ਕੀਤੀ ਜਾਂਦੀ ਹੈ ਪਰ ਨਵਜੋਤ ਸਿੱਧੂ ਤਾਂ ਖੁਦ ਨੂੰ ਮੁੱਖ ਮੰਤਰੀ ਤੋਂ ਉੱਪਰ ਸਮਝਣ ਲੱਗ ਪਏ ਹਨ।
ਮੰਦੀ ਸ਼ਬਦਾਵਲੀ ਵਰਤਣ 'ਤੇ ਸਿੱਧੂ ਦੀ ਨਿਖੇਧੀ ਕਰਦਿਆਂ ਮਜੀਠੀਆ ਨੇ ਕਿਹਾ ਕਿ 5 ਵਾਰ ਮੁੱਖ ਮੰਤਰੀ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਧੂ ਆਪਣੇ ਪਿਤਾ ਸਮਾਨ ਕਹਿੰਦੇ ਸਨ। ਅੱਜ ਸਟੇਜਾਂ 'ਤੇ ਉਨ੍ਹਾਂ ਖਿਲਾਫ ਹੀ ਮੰਦੀ ਸ਼ਬਦਾਵਲੀ ਵਰਤਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਵਿਚਾਰਕ ਮਤਭੇਦ ਵੱਖਰੇ ਹੋ ਸਕਦੇ ਹਨ, ਸਿਆਸੀ ਪਾਰਟੀਆਂ ਵੀ ਵੱਖ-ਵੱਖ ਹੋ ਸਕਦੀਆਂ ਹਨ ਪਰ ਬੋਲਣ ਦੀ ਤਾਮੀਜ਼ ਤੇ ਤਹਿਜ਼ੀਬ ਆਪਣੇ ਮਾਅਨੇ ਰਖਦੀ ਹੈ। ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਨਾਲ ਪਹਿਲਾਂ ਕਰਜ਼ਾ ਮੁਆਫੀ ਦੇ ਮਾਮਲੇ 'ਤੇ ਧੋਖਾ ਕਰਨ ਮਗਰੋਂ ਹੁਣ ਖੇਤੀਬਾੜੀ ਲਈ ਨਵੇਂ ਬਿਜਲੀ ਕੁਨੈਕਸ਼ਨ ਵਾਸਤੇ ਬਿੱਲ ਲਾਗੂ ਕਰਨ ਤੇ ਆਬਿਆਨਾ ਲਾ ਕੇ ਕਿਸਾਨਾਂ ਦਾ ਲੱਕ ਤੋੜਨ ਦੀ ਸਾਜ਼ਿਸ਼ ਰਚਣ ਵਾਲਾ ਕੰਮ ਕੀਤਾ ਗਿਆ ਹੈ। ਕਾਂਗਰਸ ਸਰਕਾਰ ਕਿਸਾਨਾਂ ਨੂੰ ਤਬਾਹ ਕਰਨ ਵਾਸਤੇ ਇਕ ਤੋਂ ਬਾਅਦ ਇਕ ਫੈਸਲਾ ਲੈ ਰਹੀ ਹੈ। ਪਹਿਲਾਂ ਕਰਜ਼ਾ ਮੁਆਫੀ ਬਾਰੇ ਵਾਰ-ਵਾਰ ਐਲਾਨ ਕਰ ਕੇ ਇਹ ਯੋਜਨਾ ਲਾਗੂ ਨਹੀਂ ਕੀਤੀ ਗਈ। ਹੁਣ ਮੰਡੀ ਫੀਸ ਵਿਚ ਵਾਧਾ ਕਰ ਕੇ ਤੇ ਬਿਜਲੀ ਬਿੱਲ ਅਤੇ ਆਬਿਆਨਾ ਲਾ ਕੇ ਸਰਕਾਰ ਆਪਣੇ ਕਿਸਾਨ ਵਿਰੋਧੀ ਏਜੰਡੇ ਨੂੰ ਲਾਗੂ ਕਰਨ 'ਤੇ ਜੰਗੀ ਪੱਧਰ 'ਤੇ ਕੰਮ ਕਰ ਰਹੀ ਹੈ। ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਨੇ ਵਾਅਦਾ ਤਾਂ ਕਰਜ਼ਾ ਮੁਆਫੀ ਦਾ ਕੀਤਾ ਸੀ ਪਰ ਕਰਜ਼ਾ ਤਾਂ ਕੀ ਮੁਆਫ ਕਰਨਾ ਸੀ, ਉਲਟਾ ਹੋਰ ਬੋਝ ਪਾਉਣ ਲਈ ਇੱਕ ਤੋਂ ਬਾਅਦ ਇੱਕ ਫੈਸਲਾ ਦੇ ਰਹੇ ਹਨ।
ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਯੂਥ ਅਕਾਲੀ ਦਲ ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਚੇਅਰਮੈਨ ਹਰਵਿੰਦਰ ਹਰਪਾਲਪੁਰ, ਸੁਖਮਨ ਸਿੱਧੂ, ਮਨਜੋਤ ਚਹਿਲ, ਜੋਨੀ ਕੋਹਲੀ, ਬਬਲੁ ਖੋਰਾ, ਦਯਾ ਸਿੰਘ ਬੱਗਾ, ਹਰਪੀਤ ਸਿੰਘ ਰੌਕੀ ਅਤੇ ਮਨਜਿੰਦਰ ਸੰਧਰ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਸੀ. ਬੀ. ਆਈ. ਖੁਲਾਸਿਆਂ ਨੇ ਗਾਂਧੀ ਪਰਿਵਾਰ ਦੀ ਭੂਮਿਕਾ ਉੱਤੇ ਉਂਗਲ ਉਠਾਈ
NEXT STORY