ਪਟਿਆਲਾ (ਬਲਜਿੰਦਰ) - ਸੜਕ ਹਾਦਸੇ 'ਚ ਮਾਰੇ ਗਏ 4 ਵਿਦਿਆਰਥੀਆਂ 'ਚ ਨਵਕਿਰਨ ਦੀ ਕਹਾਣੀ ਸੁਣ ਕੇ ਇੰਝ ਲੱਗਾ ਜਿਵੇਂ ਉਸਨੂੰ ਮੌਤ ਖਿੱਚ ਕੇ ਲਿਆਈ ਹੋਵੇ। ਬਰਨਾਲੇ ਵਿਆਹ ਵਿਚ 2 ਕਾਰਾਂ ਗਈਆਂ ਸਨ। ਵਾਪਸੀ 'ਤੇ ਨਵਕਿਰਨ ਦੂਜੀ ਕਾਰ ਵਿਚ ਸੀ। ਬਾਈਪਾਸ 'ਤੇ ਜਿਹੜੀ ਕਾਰ ਵਿਚ ਨਵਕਿਰਨ ਸੀ, ਉਹ ਸਿੱਧੀ ਬਾਈਪਾਸ ਤੋਂ ਨਿਕਲ ਗਈ। ਨਵਕਿਰਨ ਉਤਰ ਕੇ ਹਾਦਸੇ ਵਾਲੀ ਕਾਰ ਵਿਚ ਸਵਾਰ ਹੋ ਗਿਆ, ਜਿਹੜੀ ਕਿ ਥੋੜ੍ਹੀ ਦੂਰ ਜਾ ਕੇ ਦਰੱਖਤ ਨਾਲ ਟਕਰਾਅ ਗਈ। ਇਸ ਹਾਦਸੇ ਵਿਚ ਨਵਕਿਰਨ ਦੀ ਮੌਤ ਹੋ ਗਈ। ਜੇਕਰ ਉਹ ਪਹਿਲਾਂ ਵਾਲੀ ਕਾਰ ਵਿਚ ਸਵਾਰ ਹੋ ਕੇ ਸਿੱਧਾ ਬਾਈਪਾਸ ਵੱਲ ਚਲਾ ਜਾਂਦਾ ਤਾਂ ਸ਼ਾਇਦ ਬਚਾਅ ਹੋ ਸਕਦਾ ਸੀ।
ਨਵਕਿਰਨ ਮਾਪਿਆਂ ਦਾ ਇਕੱਲੌਤਾ ਪੁੱਤਰ ਸੀ। ਨਵਕਿਰਨ ਦੇ ਪਿਤਾ ਸਾਰਸ ਸਿੰਘ ਨੇ ਦੱਸਿਆ ਕਿ ਨਵਕਿਰਨ ਨੂੰ ਬੜੇ ਚਾਵਾਂ ਨਾਲ ਪਾਲਿਆ ਸੀ। ਹੁਣ ਜਵਾਨ ਹੋ ਕੇ ਵਧੀਆ ਪੜ੍ਹਾਈ ਕਰ ਰਿਹਾ ਸੀ। ਨਵਕਿਰਨ ਨੂੰ ਦੇਖ ਕੇ ਰੂਹ ਖੁਸ਼ ਹੁੰਦੀ ਸੀ। ਇੰਝ ਲਗਦਾ ਸੀ ਕਿ ਉਹ ਬੁਢਾਪੇ ਵਿਚ ਉਸ ਦਾ ਸਹਾਰਾ ਬਣੇਗਾ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇਹ ਕਹਿੰਦੇ ਹੋਏ ਉਸ ਦੀਆਂ ਅੱਖਾਂ ਵਿਚ ਅੱਥਰੂ ਆ ਗਏ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਰਕਾਰੀ ਮਹਿੰਦਰਾ ਕਾਲਜ ਦੀ ਪ੍ਰਿੰਸੀਪਲ ਡਾ. ਸੰਗੀਤਾ ਹਾਂਡਾ ਵੀ ਸਰਕਾਰੀ ਰਾਜਿੰਦਰਾ ਹਸਪਤਾਲ ਪਹੁੰਚ ਗਈ। ਉਨ੍ਹਾਂ ਇਸ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਡਾ. ਹਾਂਡਾ ਨੇ ਕਿਹਾ ਕਿ ਇਹ ਇਕ ਦਰਦਨਾਕ ਹਾਦਸਾ ਸੀ ਜਿਸ ਨੇ ਉਨ੍ਹਾਂ ਨੂੰ, ਕਾਲਜ ਸਟਾਫ ਅਤੇ ਵਿਦਿਆਰਥੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਮ੍ਰਿਤਕ ਵਿਦਿਆਰਥੀਆਂ ਦੇ ਮਾਪਿਆਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪਰਿਵਾਰਾਂ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਜਿਹੜੇ ਮਾਪਿਆਂ ਦਾ ਜਵਾਨ ਪੁੱਤਰ ਹੀ ਮੌਤ ਦੀ ਗੋਦ ਵਿਚ ਚਲਾ ਜਾਵੇ ਤਾਂ ਉਸ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ।
ਸਾਡੀ ਤਾਂ ਦੁਨੀਆ ਹੀ ਉੱਜੜ ਗਈ : ਰਮੇਸ਼ ਕੁਮਾਰ
ਮ੍ਰਿਤਕਾਂ ਵਿਚ ਰਮਨ ਕੁਮਾਰ ਦੇ ਪਿਤਾ ਰਮੇਸ਼ ਕੁਮਾਰ ਜਿਉਂ ਹੀ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਪਹੁੰਚੇ ਅਤੇ ਆਪਣੇ ਪੁੱਤਰ ਦੀ ਲਾਸ਼ ਦੇਖੀ ਤਾਂ ਇਕਦਮ ਆਪਾ ਖੋਹ ਬੈਠੇ। ਉੱਚੀ-ਉੱਚੀ ਰੋਂਦੇ ਹੋਏ ਉਨ੍ਹਾਂ ਕਿਹਾ ਕਿ ਸਾਡੀ ਤਾਂ ਦੁਨੀਆ ਹੀ ਉੱਜੜ ਗਈ ਹੈ। ਰਮੇਸ਼ ਕੁਮਾਰ ਇਕਦਮ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਪਾਣੀ ਪਿਆਇਆ। ਫਿਰ ਜਾ ਕੇ ਕਿਤੇ ਹੋਸ਼ ਵਿਚ ਆਏ।
ਕਾਰ ਦੇ ਪਰਖਚੇ ਉੱਡ ਗਏ
ਇਸ ਦਰਦਨਾਕ ਹਾਦਸੇ ਵਿਚ ਕਾਰ ਟਕਰਾਉਂਦੇ ਹੀ ਕਾਰ ਦੇ ਪਰਖਚੇ ਉੱਡ ਗਏ। ਕਾਰ ਦੇ ਟੁਕੜੇ-ਟੁਕੜੇ ਹੋ ਗਏ। ਅਗਲਾ ਹਿੱਸਾ ਚਕਨਾਚੂਰ ਹੋ ਗਿਆ। ਅਗਲੇ ਦੋਵੇਂ ਟਾਇਰ ਅਲੱਗ-ਅਲੱਗ ਹੋ ਗਏ। ਬੋਨਟ ਦਾ ਉੱਪਰਲਾ ਹਿੱਸਾ ਟੁੱਟ ਕੇ ਪਿਛਲੇ ਹਿੱਸੇ ਤੱਕ ਜਾ ਲੱਗਾ। ਕਾਰ ਦੇ ਇੰਜਣ ਦਾ ਇਕ ਹਿੱਸਾ ਨਿਕਲ ਕੇ ਇਕ ਪਾਸੇ ਜਾ ਡਿੱਗਾ।
ਸ਼ਰਾਬ ਵੇਚਣ ਤੋਂ ਮਨ੍ਹਾ ਕਰਨ 'ਤੇ ਕੀਤੀ ਕੁੱਟ-ਮਾਰ
NEXT STORY