ਜਲੰਧਰ (ਪੁਨੀਤ) – ਰੇਲਵੇ ਨੇ ਜਲੰਧਰ ਸਮੇਤ ਉੱਤਰ ਭਾਰਤ ਦੇ ਰੇਲ ਯਾਤਰੀਆਂ ਦੀ ਸਹੂਲਤ ਲਈ ਅਹਿਮ ਫੈਸਲਾ ਲਿਆ ਹੈ। ਫਿਰੋਜ਼ਪੁਰ ਮੰਡਲ ਦੇ ਡੀ. ਆਰ. ਐੱਮ. ਸੰਜੀਵ ਕੁਮਾਰ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਨੇਪਾਲ ਬਾਰਡਰ ਤਕ ਤਿਉਹਾਰ ਸਪੈਸ਼ਲ ਟ੍ਰੇਨ ਦੇ 20 ਰੂਟ ਚਲਾਏ ਜਾ ਰਹੇ ਹਨ। ਉਥੇ ਹੀ, ਅੰਮ੍ਰਿਤਸਰ-ਸਹਰਸਾ ਜਨ-ਸਾਧਾਰਨ ਐਕਸਪ੍ਰੈੱਸ ਨੂੰ ਨਰਪਤਗੰਜ ਤਕ ਵਧਾਉਣ ਦੇ ਨਾਲ-ਨਾਲ ਇਕ ਨਵੀਂ ਅੰਮ੍ਰਿਤ ਭਾਰਤ ਐਕਸਪ੍ਰੈੱਸ ਵੀ ਸ਼ੁਰੂ ਕੀਤੀ ਜਾ ਰਹੀ ਹੈ।
ਸੰਜੀਵ ਕੁਮਾਰ ਨੇ ਦੱਸਿਆ ਕਿ ਨਵੀਂ ਅੰਮ੍ਰਿਤ ਭਾਰਤ ਐਕਸਪ੍ਰੈੱਸ 05531 ਸੇਵਾ ਦਾ ਸ਼ੁੱਭਆਰੰਭ 15 ਸਤੰਬਰ ਨੂੰ ਸਹਰਸਾ ਤੋਂ ਹੋਵੇਗਾ। ਇਹ ਨਵੀਂ ਸੇਵਾ ਆਧੁਨਿਕ ਕੋਚ ਅਤੇ ਬਿਹਤਰ ਸਹੂਲਤਾਂ ਨਾਲ ਲੈਸ ਹੋਵੇਗੀ। ਅੰਮ੍ਰਿਤ ਭਾਰਤ ਐਕਸਪ੍ਰੈੱਸ ਵਿਚ ਯਾਤਰੀਆਂ ਨੂੰ ਵਧੇਰੇ ਆਰਾਮਦਾਇਕ ਸੀਟਾਂ ਅਤੇ ਤੇਜ਼ ਰਫਤਾਰ ਦਾ ਤਜਰਬਾ ਮਿਲੇਗਾ। ਇਹ ਟ੍ਰੇਨ ਸਹਰਸਾ ਤੋਂ ਦੁਪਹਿਰ 3.30 ਵਜੇ ਚੱਲੇਗੀ ਅਤੇ ਅਗਲੇ ਦਿਨ 11.10 ’ਤੇ ਜਲੰਧਰ, ਜਦਕਿ ਰਾਤ 2 ਵਜੇ ਤਕ ਛੇਹਰਟਾ (ਅੰਮ੍ਰਿਤਸਰ) ਪਹੁੰਚੇਗੀ।
ਟ੍ਰੇਨ ਨੰਬਰ 05006 ਅੰਮ੍ਰਿਤਸਰ ਤਿਉਹਾਰ ਸਪੈਸ਼ਲ 25 ਸਤੰਬਰ ਤੋਂ 27 ਨਵੰਬਰ ਤਕ ਹਰ ਵੀਰਵਾਰ ਨੂੰ ਅੰਮ੍ਰਿਤਸਰ ਤੋਂ ਦੁਪਹਿਰ 12.45 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 8.15 ਵਜੇ ਬਰਹਨੀ (ਨੇਪਾਲ ਬਾਰਡਰ ਨੇੜਲਾ ਬਡਨੀ ਇਲਾਕਾ) ਪਹੁੰਚੇਗੀ।
ਵਾਪਸੀ ’ਤੇ 05005 (ਬਡਨੀ-ਅੰਮ੍ਰਿਤਸਰ) ਸਪੈਸ਼ਲ 24 ਸਤੰਬਰ ਤੋਂ 26 ਨਵੰਬਰ ਤਕ ਹਰ ਬੁੱਧਵਾਰ ਦੁਪਹਿਰ 3.10 ਵਜੇ ਬਡਨੀ ਤੋਂ ਚੱਲ ਕੇ ਅਗਲੇ ਦਿਨ ਸਵੇਰੇ 9.30 ਵਜੇ ਅੰਮ੍ਰਿਤਸਰ ਪਹੁੰਚੇਗੀ। ਇਹ ਟ੍ਰੇਨ ਰਸਤੇ ਵਿਚ ਬਿਆਸ, ਜਲੰਧਰ ਸਿਟੀ, ਢੰਡਾਰੀ ਕਲਾਂ ਸਮੇਤ ਵੱਖ-ਵੱਖ ਸਟੇਸ਼ਨਾਂ ’ਤੇ ਰੁਕੇਗੀ। ਜਲੰਧਰ ਸਟੇਸ਼ਨ ’ਤੇ ਇਸ ਦਾ ਨਿਰਧਾਰਿਤ ਠਹਿਰਾਅ ਯਾਤਰੀਆਂ ਲਈ ਸਿੱਧਾ ਲਾਭ ਦੇਵੇਗਾ, ਜਿਸ ਨਾਲ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿਚਕਾਰ ਯਾਤਰਾ ਕਰਨ ਵਾਲਿਆਂ ਨੂੰ ਤਿਉਹਾਰਾਂ ਦੌਰਾਨ ਵੱਡੀ ਸਹੂਲਤ ਮਿਲੇਗੀ।
ਅੰਮ੍ਰਿਤਸਰ-ਸਹਰਸਾ ਐਕਸਪ੍ਰੈੱਸ ਦਾ ਵਿਸਤਾਰ
ਪੂਰਬੀ ਭਾਰਤ ਤੋਂ ਆਉਣ-ਜਾਣ ਵਾਲੇ ਯਾਤਰੀਆਂ ਨੂੰ ਰਾਹਤ ਦਿੰਦੇ ਹੋਏ ਅੰਮ੍ਰਿਤਸਰ-ਸਹਰਸਾ ਜਨ-ਸਾਧਾਰਨ ਐਕਸਪ੍ਰੈੱਸ (14603/14604) ਦਾ ਨਰਪਤਗੰਜ ਤਕ ਵਿਸਤਾਰ ਕੀਤਾ ਗਿਆ ਹੈ। ਹੁਣ ਇਹ ਟ੍ਰੇਨ ਸਹਰਸਾ ਅਤੇ ਨਰਪਤਗੰਜ ਵਿਚਕਾਰ ਸੁਪੌਲ, ਰਾਘੋਪੁਰ ਅਤੇ ਲਲਿਤਗ੍ਰਾਮ ਸਟੇਸ਼ਨਾਂ ’ਤੇ ਵੀ ਰੁਕੇਗੀ। ਇਸ ਨਾਲ ਬਿਹਾਰ ਦੇ ਸਰਹੱਦੀ ਇਲਾਕੇ ਵਿਚ ਰਹਿਣ ਵਾਲੇ ਯਾਤਰੀਆਂ ਨੂੰ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਪੂਰੇ ਪੰਜਾਬ ਨਾਲ ਸਿੱਧੇ ਤੌਰ ’ਤੇ ਜੁੜਨ ਦਾ ਲਾਭ ਮਿਲੇਗਾ। ਡੀ. ਆਰ. ਐੱਮ. ਸੰਜੀਵ ਕੁਮਾਰ ਨੇ ਕਿਹਾ ਕਿ ਇਨ੍ਹਾਂ ਸੇਵਾਵਾਂ ਨਾਲ ਨਾ ਸਿਰਫ ਪੰਜਾਬ ਅਤੇ ਉੱਤਰ ਭਾਰਤ, ਸਗੋਂ ਬਿਹਾਰ, ਪੂਰਬੀ ਉੱਤਰ ਪ੍ਰਦੇਸ਼ ਅਤੇ ਨੇਪਾਲ ਬਾਰਡਰ ਨਾਲ ਜੁੜੇ ਇਲਾਕਿਆਂ ਵਿਚ ਰਹਿਣ ਵਾਲੇ ਯਾਤਰੀਆਂ ਨੂੰ ਸਿੱਧਾ ਲਾਭ ਮਿਲੇਗਾ।
ਬਿਜਲੀ ਬੋਰਡ ਦੇ ਰਿਟਾਇਰ ਮੁਲਾਜ਼ਮ ਨਾਲ 9 ਲੱਖ ਦੀ ਸਾਈਬਰ ਠੱਗੀ
NEXT STORY