ਲੁਧਿਆਣਾ (ਵਿੱਕੀ) : ਸਿੱਖਿਆ ਵਿਭਾਗ ਦੇ ਨਵੇਂ ਅਕਾਦਮਿਕ ਸੈਸ਼ਨ ਦਾ ਆਗਾਜ਼ ਵਿਸ਼ੇਸ਼ ਕਰਕੇ ਸਟੂਡੈਂਟਸ ਲਈ ਫਿੱਕਾ ਜਿਹਾ ਰਿਹਾ ਕਿਉਂਕਿ ਉਨ੍ਹਾਂ ਨੂੰ ਨਵੀਂ ਕਲਾਸ ’ਚ ਆਪਣੇ ਨਵੇਂ ਅਧਿਆਪਕਾਂ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ। ਵਜ੍ਹਾ ਇਹ ਰਹੀ ਕਿ ਜ਼ਿਆਦਾਤਰ ਸਕੂਲਾਂ ਦੇ ਅਧਿਆਪਕ ਜਾਂ ਤਾਂ ਬੋਰਡ ਪ੍ਰੀਖਿਆ ਦੀ ਮਾਰਕਿੰਗ ਲਈ ਰਿਲੀਵ ਹੋ ਚੁੱਕੇ ਹਨ ਜਾਂ ਫਿਰ ਕਈ ‘ਆਪ’ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ’ਚ ਡਿਊਟੀ ਦੇਣ ਪਹੁੰਚੇ ਹੋਏ ਹਨ। ਬੁੱਧਵਾਰ ਨੂੰ ਪਹਿਲੇ ਦਿਨ ਸਕੂਲਾਂ ਦੇ ਗੇਟ ਖੁੱਲ੍ਹਦੇ ਹੀ ਵਿਦਿਆਰਥੀਆਂ ਦੇ ਚਿਹਰਿਆਂ ’ਤੇ ਇਕ ਵੱਖਰਾ ਹੀ ਉਤਸ਼ਾਹ ਦੇਖਣ ਨੂੰ ਤਾਂ ਮਿਲਿਆ। ਲੰਬੇ ਸਮੇਂ ਬਾਅਦ ਆਪਣੇ ਦੋਸਤਾਂ ਅਤੇ ਅਧਿਆਪਕਾਂ ਨੂੰ ਮਿਲਣ ਦੀ ਖ਼ੁਸ਼ੀ ਵਿਦਿਆਰਥੀਆਂ ਦੇ ਚਿਹਰਿਆਂ ’ਤੇ ਸਾਫ਼ ਝਲਕ ਰਹੀ ਸੀ ਪਰ ਜਿਵੇਂ ਹੀ ਕਲਾਸਾਂ ਸ਼ੁਰੂ ਹੋਈਆਂ ਤਾਂ ਆਉਂਦੇ ਹੀ ਕਿਸੇ ਹੋਰ ਅਧਿਆਪਕ ਨੇ 2-2 ਕਲਾਸਾਂ ਨੂੰ ਕੰਬਾਈਨ ਕਰ ਦਿੱਤਾ, ਜਿਸ ਨਾਲ ਕਈ ਸਟੂਡੈਂਟਸ ਨੂੰ ਪਤਾ ਲੱਗਾ ਕਿ ਅਜੇ ਉਨ੍ਹਾਂ ਦੇ ਕਲਾਸ ਟੀਚਰ ਸਕੂਲ ’ਚ ਨਹੀਂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਵਾਲੇ ਬਿੱਲਾਂ ਨੂੰ ਲੈ ਕੇ ਵੱਡੀ ਖ਼ਬਰ, ਪੈ ਗਿਆ ਨਵਾਂ ਪੰਗਾ
ਜਾਣਕਾਰੀ ਮੁਤਾਬਕ ਸ਼ਹਿਰ ਦੇ ਵੱਖ-ਵੱਖ ਸਰਕਾਰੀ ਸਕੂਲਾਂ ’ਚ ਸਵੇਰ ਤੋਂ ਹੀ ਚਹਿਲ-ਪਹਿਲ ਸ਼ੁਰੂ ਹੋ ਗਈ ਸੀ, ਜਿਸ ਨਾਲ ਇਕ ਵਾਰ ਫਿਰ ਸਿੱਖਿਆ ਦੇ ਮੰਦਰਾਂ ’ਚ ਰੌਣਕ ਪਰਤ ਆਈ। ਜਿੱਥੇ ਇਕ ਪਾਸੇ ਵਿਦਿਆਰਥੀ ਭਾਰੀ ਗਿਣਤੀ ’ਚ ਸਕੂਲ ਪਹੁੰਚੇ, ਉਥੇ ਹੀ ਸਰਕਾਰੀ ਸਕੂਲਾਂ ’ਚ ਸਥਿਤੀ ਥੋੜ੍ਹੀ ਚੁਣੌਤੀਪੂਰਨ ਰਹੀ। ਇਕ ਸਕੂਲ ’ਚ ਮੌਜੂਦ ਅਧਿਆਪਕ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਕਈ ਅਧਿਆਪਕ ਇਨ੍ਹੀਂ ਦਿਨੀਂ ਸਰਕਾਰ ਦੇ ਵੱਖ-ਵੱਖ ਪ੍ਰਾਜੈਕਟਸ ਜਿਵੇਂ ਬੋਰਡ ਪ੍ਰੀਖਿਆਵਾਂ ਦੀ ਮਾਰਕਿੰਗ, ਐੱਸ. ਆਈ. ਆਰ. ਅਤੇ ਮੁੱਖ ਮੰਤਰੀ ਸਿਹਤ ਕਾਰਡ ਬੀਮਾ ਯੋਜਨਾ ਨੂੰ ਅਮਲੀਜਾਮਾ ਪਹਿਨਾਉਣ ’ਚ ਰੁੱਝੇ ਹੋਏ ਹਨ। ਅਧਿਆਪਕਾਂ ਦੇ ਹੋਰ ਡਿਊਟੀਆਂ ’ਤੇ ਹੋਣ ਦੇ ਚਲਦੇ ਸਕੂਲਾਂ ਨੂੰ ਪ੍ਰਬੰਧਨ ’ਚ ਕਾਫ਼ੀ ਮੁਸ਼ੱਕਤ ਕਰਨੀ ਪੈ ਰਹੀ ਹੈ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ, ਇਸ ਦੇ ਲਈ ਸਕੂਲ ਪ੍ਰਸ਼ਾਸਨ ਵੱਲੋਂ ਕਈ ਕਲਾਸਾਂ ਨੂੰ ਆਪਸ ’ਚ ‘ਕੰਬਾਈਨ’ ਕਰ ਦਿੱਤਾ ਗਿਆ। ਇਕ ਹੀ ਕਮਰੇ ’ਚ ਇਕ ਕਲਾਸ ਦੇ 2-2 ਸੈਕਸ਼ਨ ਦੇ ਵਿਦਿਆਰਥੀਆਂ ਨੂੰ ਬਿਠਾ ਕੇ ਉਪਲਬਧ ਅਧਿਆਪਕਾਂ ਨੇ ਉਨ੍ਹਾਂ ਨੂੰ ਨਵੇਂ ਸੈਸ਼ਨ ਦੇ ਸਿਲੇਬਸ ਅਤੇ ਹੋਰ ਗਤੀਵਿਧੀਆਂ ਦੇ ਬਾਰੇ ਜਾਣਕਾਰੀ ਦਿੱਤੀ। ਉਥੇ ਹੀ ਦੂਜੇ ਪਾਸੇ ਸਕੂਲਾਂ ’ਚ ਨਵੇਂ ਦਾਖ਼ਲਿਆਂ ਲਈ ਵੀ ਵਿਦਿਆਰਥੀ ਆਪਣੇ ਮਾਪਿਆਂ ਨਾਲ ਪਹੁੰਚੇ ਜੋ ਦਾਖ਼ਲਾ ਪਾ ਕੇ ਖ਼ੁਸ਼ ਨਜ਼ਰ ਆ ਰਹੇ ਸਨ।
ਇਹ ਵੀ ਪੜ੍ਹੋ : ਚੰਡੀਗੜ੍ਹ : ਭਾਜਪਾ ਦਫਤਰ ਦੇ ਬਾਹਰ ਵੱਡਾ ਧਮਾਕਾ
ਪ੍ਰਾਈਵੇਟ ਸਕੂਲਾਂ ’ਚ ਵੀ ਸ਼ੁਰੂ ਹੋਇਆ ਨਵਾਂ ਸੈਸ਼ਨ
ਸਰਕਾਰੀ ਸਕੂਲਾਂ ਦੇ ਨਾਲ ਸ਼ਹਿਰ ਦੇ ਨਾਮੀ ਪ੍ਰਾਈਵੇਟ ਸਕੂਲਾਂ ’ਚ ਵੀ ਅੱਜ ਤੋਂ ਪੜ੍ਹਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਸ਼ਾਸਤਰੀ ਨਗਰ ਸਥਿਤ ਬੀ. ਸੀ. ਐੱਮ. ਆਰੀਆ ਸਕੂਲ ’ਚ ਵੀ ਅੱਜ ਤੋਂ ਨਵਾਂ ਸੈਸ਼ਨ ਸ਼ੁਰੂ ਹੋਇਆ। ਸਕੂਲ ਪਹੁੰਚਣ ’ਤੇ ਵਿਦਿਆਰਥੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਅਨੁਜਾ ਕੌਸ਼ਲ ਨੇ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਪੂਰੀ ਮਿਹਨਤ ਨਾਲ ਆਪਣੀ ਪੜ੍ਹਾਈ ’ਤੇ ਧਿਆਨ ਕੇਂਦਰਿਤ ਕਰਨ ਲਈ ਪ੍ਰੇਰਿਤ ਕੀਤਾ।
ਇਹ ਵੀ ਪੜ੍ਹੋ : ਬਲਾਕ ਸੰਮਤੀ ਚੋਣ 'ਚ ਅਕਾਲੀ ਦਲ ਦੀ ਜਿੱਤ, ਕਿਹਾ ਇਹ 2027 ਦਾ ਟਰੇਲਰ
ਜਾਂ ਤਾਂ ਸੈਸ਼ਨ ਦੇਰੀ ਨਾਲ ਲਾਓ ਜਾਂ ਫਿਰ ਫਾਲਤੂ ਡਿਊਟੀਆਂ ਨਾ ਲਾਓ
ਕਈ ਅਧਿਆਪਕਾਂ ਅਨੁਸਾਰ ਸੈਸ਼ਨ ਦੀ ਸ਼ੁਰੂਆਤ ’ਚ ਹੀ ਸਾਨੂੰ ਮਾਰਕਿੰਗ ਅਤੇ ਹੋਰ ਸਰਕਾਰੀ ਯੋਜਨਾਵਾਂ ਦੀਆਂ ਡਿਊਟੀਆਂ ’ਚ ਲਾਉਣ ਨਾਲ ਸਕੂਲਾਂ ਦੇ ਸੁਚਾਰੂ ਕੰਮਕਾਜ ’ਤੇ ਅਸਰ ਪੈਂਦਾ ਹੈ। ਹਾਲਾਂਕਿ ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਡਿਊਟੀਆਂ ਦੇ ਨਾਲ-ਨਾਲ ਵਿਦਿਆਰਥੀਆਂ ਦੇ ਭਵਿੱਖ ਪ੍ਰਤੀ ਵੀ ਗੰਭੀਰ ਹਨ ਅਤੇ ਜਲਦ ਹੀ ਇਨ੍ਹਾਂ ਕੰਮਾਂ ਨੂੰ ਪੂਰਾ ਕਰਕੇ ਵਾਪਸ ਨਿਯਮਿਤ ਕਲਾਸਾਂ ’ਚ ਪਰਤ ਆਉਣਗੇ। ਫ਼ਿਲਹਾਲ ਪਹਿਲੇ ਦਿਨ ਦੀ ਸ਼ੁਰੂਆਤ ਕਾਫ਼ੀ ਹਾਂ-ਪੱਖੀ ਰਹੀ ਹੈ। ਮਾਪੇ ਵੀ ਆਪਣੇ ਬੱਚਿਆਂ ਨੂੰ ਸਕੂਲ ਭੇਜ ਕੇ ਖ਼ੁਸ਼ ਦਿਸੇ। ਹੁਣ ਦੇਖਣਾ ਇਹ ਹੋਵੇਗਾ ਕਿ ਸਿੱਖਿਆ ਵਿਭਾਗ ਕਦੋਂ ਤੱਕ ਅਧਿਆਪਕਾਂ ਨੂੰ ਇਨ੍ਹਾਂ ਵਾਧੂ ਡਿਊਟੀਆਂ ਤੋਂ ਮੁਕਤ ਕਰਕੇ ਪੂਰੀ ਤਰ੍ਹਾਂ ਨਾਲ ਕਲਾਸਰੂਮ ਟੀਚਿੰਗ ’ਚ ਵਾਪਸ ਲਿਆਉਂਦਾ ਹੈ ਤਾਂ ਜੋ ਨਵੇਂ ਸੈਸ਼ਨ ਦੀ ਪੜ੍ਹਾਈ ਪਟਰੀ ’ਤੇ ਪਰਤ ਸਕੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਕੂਲਾਂ 'ਤੇ ਡਿੱਗੇਗੀ ਗਾਜ਼! ਸਖ਼ਤ ਕਾਰਵਾਈ ਦੀ ਤਿਆਰੀ 'ਚ CBSE, ਜਾਰੀ ਕੀਤੀ ਵੱਡੀ ਚਿਤਾਵਨੀ
NEXT STORY