ਪਟਿਆਲਾ (ਰਾਜੇਸ਼) - ਸ਼ਾਹੀ ਸ਼ਹਿਰ ਪਟਿਆਲਾ ਦੀ ਟ੍ਰੈਫਿਕ ਪੁਲਸ ਵੱਲੋਂ ਬਣਾਈ ਗਈ ਟ੍ਰੈਫਿਕ ਐਪ ਦਾ ਅਸਰ ਦਿਖਾਈ ਦੇਣ ਲੱਗ ਪਿਆ ਹੈ। ਕਿਸੇ ਵਿਅਕਤੀ ਨੇ ਟ੍ਰੈਫਿਕ ਪੁਲਸ ਦੀ ਐਪ 'ਤੇ ਲਾਲ ਬੱਤੀ ਕਰਾਸ ਕਰਦੀ ਹੋਈ ਕਾਰ ਦੀ ਫੋਟੋ ਪਾ ਦਿੱਤੀ। ਇਸ ਤੋਂ ਬਾਅਦ ਐੱਸ. ਪੀ. ਟ੍ਰੈਫਿਕ ਕੰਵਰਦੀਪ ਕੌਰ ਆਈ. ਪੀ. ਐੈੱਸ. ਨੇ ਕਾਰਵਾਈ ਕਰਦੇ ਹੋਏ ਉਕਤ ਕਾਰ ਦੀ ਡਿਟੇਲ ਡੀ. ਟੀ. ਓ. ਦਫ਼ਤਰ ਤੋਂ ਕਢਵਾਈ, ਜਿਸ ਤੋਂ ਬਾਅਦ ਚਲਾਨ ਕੱਟ ਕੇ ਕਾਰ ਮਾਲਕ ਦੇ ਘਰ ਭੇਜ ਦਿੱਤਾ ਗਿਆ। ਆਮ ਤੌਰ 'ਤੇ ਇਸ ਤਰ੍ਹਾਂ ਦੇ ਕਿੱਸੇ ਵਿਦੇਸ਼ਾਂ ਵਿਚ ਸੁਣਨ ਨੂੰ ਮਿਲਦੇ ਹਨ ਪਰ ਪਟਿਆਲਾ ਦੀ ਟ੍ਰੈਫਿਕ ਪੁਲਸ ਵੱਲੋਂ ਸਪੈਸ਼ਲ ਐਪ ਤਿਆਰ ਕਰਨ ਤੋਂ ਬਾਅਦ ਹੁਣ ਪਟਿਆਲਾ ਪੁਲਸ ਵੀ ਵਿਦੇਸ਼ੀ ਸਟਾਈਲ ਵਿਚ ਚਲਾਨ ਕੱਟਣ ਲੱਗ ਪਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. ਟ੍ਰੈਫਿਕ ਕੰਵਰਦੀਪ ਕੌਰ ਨੇ ਦੱਸਿਆ ਕਿ ਸ਼ਹਿਰ ਨੂੰ ਹਾਦਸਿਆਂ ਤੋਂ ਮੁਕਤ ਕਰਨ ਲਈ ਪੁਲਸ ਵੱਲੋਂ ਸਖਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗਲਤ ਡਰਾਈਵਿੰਗ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਹੋਣ ਵਾਲੇ ਹਾਦਸਿਆਂ ਵਿਚ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਜੇਕਰ ਲੋਕ ਇਸ ਵੱਲ ਧਿਆਨ ਦੇਣ ਤਾਂ ਹਰ ਸਾਲ ਹਾਦਸਿਆਂ ਵਿਚ ਜਾਣ ਵਾਲੀਆਂ ਜਾਨਾਂ ਬਚ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਸ ਨੇ ਲੋਕਾਂ ਲਈ ਹੀ ਇਹ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਸਕੂਲਾਂ, ਕਾਲਜਾਂ ਦੇ ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਪ੍ਰਤੀ ਪ੍ਰੇਰਿਤ ਕਰਨ ਤਾਂ ਜੋ ਪਟਿਆਲਾ ਸ਼ਹਿਰ ਨੂੰ ਟ੍ਰੈਫਿਕ ਤੋਂ ਹੋਣ ਵਾਲੇ ਹਾਦਸਿਆਂ ਤੋਂ ਮੁਕਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ, ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪਟਿਆਲਾ ਟ੍ਰੈਫਿਕ ਪੁਲਸ ਵੱਲੋਂ ਬਣਾਈ ਗਈ ਐਪ 'ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀਆਂ ਫੋਟੋਆਂ ਖਿੱਚ ਕੇ ਭੇਜਣ। ਪੁਲਸ ਤੁਰੰਤ ਉਸ 'ਤੇ ਕਾਰਵਾਈ ਕਰੇਗੀ।
2 ਘਰਾਂ 'ਚੋਂ ਲੱਖਾਂ ਦਾ ਸਾਮਾਨ ਤੇ ਨਕਦੀ ਚੋਰੀ
NEXT STORY