ਮੋਗਾ, (ਪਵਨ ਗਰੋਵਰ, ਗੋਪੀ ਰਾਊਕੇ)- ਮੋਗਾ ਸ਼ਹਿਰ ਅੰਦਰ ਨਗਰ ਨਿਗਮ ਵੱਲੋਂ ਕੁਝ ਲੋਕਾਂ ਨੂੰ ਕਿਰਾਏ 'ਤੇ ਦਿੱਤੀਆਂ ਗਈਆਂ ਦੁਕਾਨਾਂ ਨੂੰ ਅੱਗਿਓਂ ਹੋਰਨਾਂ ਵਿਅਕਤੀਆਂ ਨੂੰ ਕਿਰਾਏ 'ਤੇ ਦੇ ਕੇ ਜਿਥੇ ਮਿਊਂਸੀਪਲ ਐਕਟ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਉਥੇ ਹੀ ਨਿਗਮ ਦੇ ਕੁਝ ਕਿਰਾਏਦਾਰ ਆਪਣੇ ਨਾਂ 'ਤੇ ਅਲਾਟ ਹੋਈਆਂ ਨਿਗਮ ਦੀਆਂ ਦੁਕਾਨਾਂ ਨੂੰ ਅੱਗਿਓਂ ਕਿਰਾਏ 'ਤੇ ਦੇ ਕੇ ਮੋਟੀ ਕਮਾਈ ਕਰ ਰਹੇ ਹਨ। ਨਿਗਮ ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਜਾਣਕਾਰੀ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
479 'ਚੋਂ 141 ਦੁਕਾਨਾਂ ਅੱਗਿਓਂ ਦਿੱਤੀਆਂ ਕਿਰਾਏ 'ਤੇ
ਜਾਣਕਾਰੀ ਅਨੁਸਾਰ ਨਗਰ ਨਿਗਮ ਮੋਗਾ ਕੋਲ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ 479 ਦੁਕਾਨਾਂ ਹਨ, ਜੋ ਨਿਗਮ ਨੇ ਆਪਣੀ ਆਮਦਨ 'ਚ ਇਜ਼ਾਫਾ ਕਰਨ ਲਈ ਲੋਕਾਂ ਨੂੰ ਕਿਰਾਏ 'ਤੇ ਦਿੱਤੀਆਂ ਹੋਈਆਂ ਹਨ। ਆਰ. ਟੀ. ਆਈ. ਐਕਟੀਵਿਸਟ ਸੁਰੇਸ਼ ਸੂਦ ਵੱਲੋਂ ਨਗਰ ਨਿਗਮ ਮੋਗਾ ਪਾਸੋਂ ਸੂਚਨਾ ਦਾ ਅਧਿਕਾਰ ਐਕਟ ਤਹਿਤ ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਨਿਗਮ ਪ੍ਰਸ਼ਾਸਨ ਦੀਆਂ 479 ਦੁਕਾਨਾਂ 'ਚੋਂ 141 ਦੁਕਾਨਾਂ ਅੱਗਿਓਂ ਕਿਰਾਏ 'ਤੇ ਦਿੱਤੀਆਂ ਹੋਈਆਂ ਹਨ। ਨਗਰ ਨਿਗਮ ਵੱਲੋਂ ਸਰਵੇ ਕਰਨ ਉਪਰੰਤ ਭਾਵੇਂ ਇਹ ਸੂਚਨਾ 11 ਸਤੰਬਰ, 2015 ਨੂੰ ਜਾਰੀ ਕੀਤੀ ਗਈ ਸੀ ਪਰ ਢਾਈ ਸਾਲ ਬੀਤ ਜਾਣ ਦੇ ਬਾਵਜੂਦ ਨਿਗਮ ਨੇ ਇਸ ਮਾਮਲੇ 'ਤੇ ਕੋਈ ਕਾਰਵਾਈ ਨਹੀਂ ਕੀਤੀ।
ਕਿੱਥੇ-ਕਿੱਥੇ ਹੋਈਆਂ ਹਨ ਸਬਲੈੱਟ ਦੁਕਾਨਾਂ
ਸੂਚਨਾ ਦਾ ਅਧਿਕਾਰ ਐਕਟ ਤਹਿਤ ਸੁਰੇਸ਼ ਸੂਦ ਵੱਲੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਪੁਰਾਣੀ ਦਾਣਾ ਮੰਡੀ ਕੋਲ 2, ਸਰਾਫਾ ਬਾਜ਼ਾਰ ਨਜ਼ਦੀਕ 5, ਰੇਲਵੇ ਰੋਡ 'ਤੇ 66, ਮੰਡੀ ਗੇਟ ਕੋਲ 2, ਗੁਰੂ ਨਾਨਕ ਮਾਰਕੀਟ ਨਜ਼ਦੀਕ 45, ਪ੍ਰਤਾਪ ਰੋਡ 'ਤੇ 1, ਅੰਡਰ ਬ੍ਰਿਜ ਕੋਲ 17, ਮੀਟ ਮਾਰਕੀਟ ਨਜ਼ਦੀਕ 2, ਕੋਰਟ ਰੋਡ ਨਜ਼ਦੀਕ 1 ਅਤੇ ਮੇਨ ਬਾਜ਼ਾਰ 'ਚ 1 ਦੁਕਾਨ ਨੂੰ ਸਬਲੈੱਟ ਕੀਤਾ ਹੋਇਆ ਹੈ, ਜੋ ਕਿ ਨਿਯਮਾਂ ਦੀ ਉਲੰਘਣਾ ਹੈ।
ਨਿਗਮ ਨੂੰ ਘੱਟ ਤੇ ਅੱਗੋਂo ਵਸੂਲਿਆ ਜਾ ਰਿਹਾ ਮੋਟਾ ਕਿਰਾਇਆ
ਸੂਤਰਾਂ ਅਨੁਸਾਰ ਨਗਰ ਨਿਗਮ ਵੱਲੋਂ ਵੱਖ-ਵੱਖ ਇਲਾਕੇ 'ਚ ਸਥਿਤ ਦੁਕਾਨਾਂ ਨੂੰ ਤੈਅ ਸ਼ੁਦਾ ਕਿਰਾਏ 'ਤੇ ਦਿੱਤਾ ਗਿਆ ਹੈ, ਜਦਕਿ ਕੁਝ ਵਿਅਕਤੀ ਇਨ੍ਹਾਂ ਦੁਕਾਨਾਂ ਨੂੰ ਕਿਰਾਏ 'ਤੇ ਦੇ ਕੇ ਮੋਟੀ ਕਮਾਈ ਕਰ ਰਹੇ ਹਨ। ਸੂਤਰਾਂ ਨੇ ਤਾਂ ਇਸ ਗੱਲ ਨੂੰ ਵੀ ਬੇਪਰਦਾ ਕੀਤਾ ਹੈ ਕਿ ਕਈ ਦੁਕਾਨਦਾਰਾਂ ਨੇ ਆਪਣੇ ਨਾਂ 'ਤੇ ਅਲਾਟ ਹੋਈਆਂ ਦੁਕਾਨਾਂ ਨੂੰ ਲੱਖਾਂ ਰੁਪਏ ਪਗੜੀ ਵਸੂਲ ਕੇ ਅੱਗੇ ਦਿੱਤਾ ਹੋਇਆ ਹੈ।
ਕਿਰਾਏ 'ਤੇ ਦੁਕਾਨ ਦੇਣ ਤੋਂ ਪਹਿਲਾਂ ਦੁਕਾਨਦਾਰ ਤੋਂ ਲਿਆ ਜਾਂਦਾ ਹੈ ਹਲਫਨਾਮਾ
ਨਿਗਮ ਵੱਲੋਂ ਕੋਈ ਵੀ ਦੁਕਾਨ ਕਿਸੇ ਵਿਅਕਤੀ ਨੂੰ ਕਿਰਾਏ 'ਤੇ ਦੇਣ ਤੋਂ ਪਹਿਲਾਂ ਉਸ ਪਾਸੋਂ ਹਲਫਨਾਮਾ ਲਿਆ ਜਾਂਦਾ ਹੈ, ਜਿਸ 'ਚ ਦੁਕਾਨਦਾਰ ਇਹ ਲਿਖਤੀ ਤੌਰ 'ਤੇ ਪ੍ਰਵਾਨ ਕਰਦਾ ਹੈ ਕਿ ਨਿਗਮ ਦੀ ਦੁਕਾਨ ਨੂੰ ਉਹ ਅੱਗਿਓਂ ਕਿਰਾਏ 'ਤੇ ਨਹੀਂ ਦੇਵੇਗਾ। ਇਥੇ ਹੀ ਬਸ ਨਹੀਂ ਮਿਊਂਸੀਪਲ ਐਕਟ ਅਨੁਸਾਰ ਕੋਈ ਵੀ ਵਿਅਕਤੀ ਜੇਕਰ ਦੁਕਾਨ ਅੱਗਿਓਂ ਕਿਰਾਏ 'ਤੇ ਦਿੰਦਾ ਹੈ ਤਾਂ ਨਿਗਮ ਪ੍ਰਸ਼ਾਸਨ ਫੌਰੀ ਤੌਰ 'ਤੇ ਉਕਤ ਦੁਕਾਨ ਖਾਲੀ ਕਰਵਾ ਸਕਦਾ ਹੈ।
ਕਮਿਸ਼ਨਰ ਨੇ ਕਿਹਾ-ਕਰਾਂਗੇ ਸਖਤ ਕਾਰਵਾਈ
ਇਸ ਸਬੰਧੀ ਜਦੋਂ ਨਗਰ ਨਿਗਮ ਮੋਗਾ ਦੇ ਕਮਿਸ਼ਨਰ ਜਗਵਿੰਦਰ ਸਿੰਘ ਗਰੇਵਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਅਤੇ ਸਰਵੇ ਸਮੇਂ ਉਹ ਇਥੇ ਨਹੀਂ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਵਿਅਕਤੀ ਨੂੰ ਦੁਕਾਨ ਅੱਗਿਓਂ ਕਿਰਾਏ 'ਤੇ ਦੇਣ ਕੋਈ ਅਧਿਕਾਰ ਨਹੀਂ ਅਤੇ ਮੋਗਾ ਸ਼ਹਿਰ 'ਚ ਇਸ ਸਬੰਧੀ ਕਾਰਵਾਈ ਕਰਨ ਲਈ ਉਹ ਸੋਮਵਾਰ ਤੋਂ ਮੁਹਿੰਮ ਛੇੜਨਗੇ।
ਲਾਵਾਰਿਸ ਸਕਾਰਪੀਓ ਨੂੰ ਪੁਲਸ ਨੇ ਲਿਆ ਕਬਜ਼ੇ 'ਚ
NEXT STORY