ਬਠਿੰਡਾ/ਪਠਾਨਕੋਟ (ਇੰਟ.)- ਪੰਜਾਬ ਵਿਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਵਿਚ ਵਾਧੇ ਨੇ ਜਿੱਥੇ ਪੰਜਾਬ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ, ਉਥੇ ਹੀ ਜ਼ਿਲਾ ਬਠਿੰਡਾ ਅਤੇ ਪਠਾਨਕੋਟ ਦੇ ਤਿੰਨ ਪਿੰਡ ਅਜਿਹੇ ਵੀ ਹਨ ਜਿੱਥੇ ਅਜੇ ਤੱਕ ਕੋਰੋਨਾ ਦਾ ਇਕ ਵੀ ਕੇਸ ਸਾਹਮਣੇ ਨਹੀਂ ਆਇਆ ਹੈ। ਇਕ ਵੈਬਸਾਈਟ ਦੀ ਖਬਰ ਮੁਤਾਬਕ ਬਠਿੰਡਾ ਦੇ ਪਿੰਡ ਮੈਨੂਆਣਾ, ਪਠਾਨਕੋਟ ਦੇ ਪਿੰਡ ਸਦੋੜੀ ਅਤੇ ਪਿੰਡ ਮੁਤਫਰਕਾ ਦੇ ਲੋਕਾਂ ਦੀ ਜਾਗਰੂਕਤਾ ਨੇ ਕੋਰੋਨਾ ਨੂੰ ਇਨ੍ਹਾਂ ਪਿੰਡਾਂ ਵਿਚ ਐਂਟਰੀ ਨਹੀਂ ਕਰਨ ਦਿੱਤੀ। ਚੰਗੇ ਖਾਨ-ਪਾਨ ਅਤੇ ਆਪਣੀਆਂ ਆਦਤਾਂ ਵਿਚ ਕੋਰੋਨਾ ਨਾਲ ਬਚਾਅ ਦੇ ਨਿਯਮਾਂ ਨੂੰ ਸ਼ੁਮਾਰ ਕਰ ਕੇ ਉਨ੍ਹਾਂ ਨੇ ਕੋਰੋਨਾ ਵਿਰੁੱਧ ਮੋਰਚਾ ਖੋਲ ਦਿੱਤਾ ਹੈ ਅਤੇ ਹੋਰ ਲੋਕਾਂ ਲਈ ਇਕ ਮਿਸਾਲ ਪੇਸ਼ ਕਰ ਰਹੇ ਹਨ।
ਪਿੰਡ ਮੈਨੂਆਣਾ ਦੇ ਲੋਕਾਂ ਨੇ ਦੇਸੀ ਖਾਨ-ਪਾਨ ਅਤੇ ਪਿੰਡ ਵਿਚ ਪੈਦਾ ਹੋਣ ਵਾਲੇ ਅਨਾਜ ਨੂੰ ਹੀ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਹੈ। ਇਸ ਤੋਂ ਇਲਾਵਾ ਲਸਣ, ਹਲਦੀ, ਪਿਆਜ ਦੇ ਨਿਯਮਿਤ ਇਸਤੇਮਾਲ ਦੇ ਨਾਲ ਹੀ ਸਲਾਦ ਅਤੇ ਹਰੀਆਂ ਸਬਜ਼ੀਆਂ ਦਾ ਖੂਬ ਇਸਤੇਮਾਲ ਕਰ ਰਹੇ ਹਨ। ਇਹ ਸਭ ਚੀਜਾਂ ਬਾਹਰੋਂ ਖਰੀਦਣ ਦੀ ਬਜਾਏ ਖੁਦ ਹੀ ਖੇਤਾਂ ਵਿਚ ਪੈਦਾ ਕਰ ਰਹੇ ਹਨ। ਪਿੰਡ ਦੇ ਸਰਪੰਚ ਮੰਦਰਸਿੰਘ ਦਾ ਕਹਿਣਾ ਹੈ ਕਿ ਪਿੰਡ ਵਿਚ ਕੋਰੋਨਾ ਇਸ ਕਾਰਣ ਘੁਸਪੈਠ ਨਹੀਂ ਕਰ ਸਕਿਆ, ਕਿਉਂਕਿ ਅਸੀਂ ਪਿੰਡ ਵਿਚ ਪੁਰਾਣਾ ਕਲਚਰ ਹੀ ਅਪਣਾ ਲਿਆ ਹੈ। ਪਿੰਡ ਵਿਚ ਲੋੜ ਮੁਤਾਬਕ ਹਰ ਚੀਜ਼ ਪੈਦਾ ਕੀਤੀ ਜਾ ਰਹੀ ਹੈ। ਸਿਰਫ ਤੇਲ, ਨਮਕ ਅਤੇ ਮਸਾਲੇ ਆਦਿ ਹੀ ਬਾਹਰੋਂ ਖਰੀਦ ਰਹੇ ਹਾਂ। ਲੋਕ ਇਸ ਗੱਲ ਤੋਂ ਜਾਗਰੂਕ ਹਨ ਕਿ ਸਿਹਤ ਤੋਂ ਉਪਰ ਕੁਝ ਵੀ ਨਹੀਂ ਹੈ।
ਪਿੰਡ ਦੇ ਰਹਿਣ ਵਾਲੇ ਗਮਦੂਰ ਸਿੰਘ, ਗੁਰਮੇਲ ਸਿੰਘ ਅਤੇ ਸੁਖਪਾਲ ਸਿੰਘ ਦੱਸਦੇ ਹਨ ਕਿ ਪਿੰਡ ਵਿਚ ਜ਼ਿਆਦਾ ਇਕੱਠ ਵੀ ਨਹੀਂ ਕੀਤਾ ਜਾਂਦਾ। ਅਜਿਹੀ ਕੋਈ ਲੋੜ ਪੈ ਵੀ ਜਾਵੇ ਤਾਂ ਲੋਕ ਸਰੀਰਕ ਦੂਰੀ ਦਾ ਪਾਲਨ ਵੀ ਕਰਦੇ ਹਨ ਅਤੇ ਮੂੰਹ ਢੱਕ ਕੇ ਰੱਖਦੇ ਹਨ। ਲੋਕ ਫਾਸਟ ਫੂਡ ਤੋਂ ਵੀ ਦੂਰ ਰਹਿੰਦੇ ਹਨ ਅਤੇ ਉਨ੍ਹਾਂ ਚੀਜਾਂ ਦਾ ਸੇਵਨ ਕਰ ਰਹੇ ਹਨ, ਨੂੰ ਸਿਹਤ ਲਈ ਫਾਇਦੇਮੰਦ ਹੈ। ਉਥੇ ਹੀ ਪਠਾਨਕੋਟ ਦੇ ਪਿੰਡ ਸਦੋੜੀ ਦੇ ਸਰਪੰਚ ਮਹਿੰਦਰ ਸਿੰਘ ਨੇ ਕਿਹਾ ਕਿ ਸਵੱਛ ਪਾਣੀ ਅਤੇ ਭੋਜਨ ਅਤੇ ਸਫਾਈ ਦਾ ਪਿੰਡ ਵਿਚ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਪਿੰਡ ਵਿਚ ਘਰ ਖੁੱਲ੍ਹੇ-ਖੁੱਲ੍ਹੇ ਹਨ ਅਤੇ ਬਾਹਰ ਦੇ ਬਾਜ਼ਾਰਾਂ ਨਾਲ ਸੰਪਰਕ ਘੱਟ ਹੈ। ਬੇਸ਼ੱਕ ਮਾਧੋਪੁਰ ਜਾਂ ਹੋਰ ਬਾਜ਼ਾਰਾਂ ਤੋਂ ਅਸੀਂ ਕਰਿਆਨਾ ਦਾ ਸਾਮਾਨ ਲਿਆਉਂਦੇ ਹਾਂ ਪਰ ਸਾਮਾਨ ਇਕੱਠਾ ਹੀ ਮੰਗਵਾ ਲਿਆ ਜਾਂਦਾ ਹੈ। ਪਿੰਡ ਵਿਚ ਜ਼ਿਆਦਾਤਰ ਲੋਕਾਂ ਕੋਲ ਪਸ਼ੂਧਨ ਹੋਣ ਕਾਰਣ ਬਾਹਰੋਂ ਦੁੱਧ, ਦਹੀ ਮੱਖਣ ਜਾਂ ਮਿਠਾਈਆਂ ਮੰਗਵਾਉਣ ਦੀ ਲੋੜ ਨਹੀਂ ਪੈਂਦੀ। ਕੁਝ ਸਬਜ਼ੀਆਂ ਦੀ ਖਰੀਦ ਬਾਹਰੋਂ ਹੁੰਦੀ ਹੈ ਪਰ ਉਸ ਨੂੰ ਪਹਿਲਾਂ ਗਰਮ ਪਾਣਈ ਵਿਚ ਚੰਗੀ ਤਰ੍ਹਾਂ ਧੋ ਕੇ ਇਕ ਦਿਨ ਬਾਅਦ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਬਾਹਰ ਤੋਂ ਆਉਣ ਵਾਲੇ ਲੋਕਾਂ ਲਈ ਪਿੰਡ ਵਿਚ ਐਂਟਰੀ ਲਈ ਮਾਸਕ ਪਹਿਨਣਾ ਲਾਜ਼ਮੀ ਹੈ।
ਇਸੇ ਤਰ੍ਹਾਂ ਪਠਾਨਕੋਟ ਦੇ ਪਿੰਡ ਮੁਤਫਰਕਾ ਵਿਚ ਵੀ ਕੋਰੋਨਾ ਕਾਲ ਤੋਂ ਹੀ ਬਾਹਰ ਤੋਂ ਆਉਣ ਵਾਲੇ ਲੋਕਾਂ ਲਈ ਪਿੰਡ ਵਿਚ ਐਂਟਰੀ ਵੇਲੇ ਮਾਸਕ ਅਤੇ ਸੈਨੇਟਾਈਜ਼ ਦੀ ਵਰਤੋਂ ਨੂੰ ਲਾਜ਼ਮੀ ਕੀਤਾ ਗਿਆ ਹੈ। ਪਿੰਡ ਤੋਂ ਬਾਹਰ ਜਾ ਕੇ ਮਜਦੂਰੀ ਕਰਨ ਵਾਲੇ ਲੋਕ ਵਾਪਸ ਆ ਕੇ ਚੰਗੀ ਤਰ੍ਹਾਂ ਆਪਣੇ ਹੱਥ-ਪੈਰ ਅਤੇ ਮੂੰਹ ਸਾਬਣ ਨਾਲ ਧੋਂਦੇ ਹਨ। ਇਕ ਥਾਂ 'ਤੇ ਲੋਕਾਂ ਨੂੰ ਇਕੱਠੇ ਹੋਣ 'ਤੇ ਮਨਾਹੀ ਹੈ। ਸਰਪੰਚ ਪ੍ਰੇਮ ਚੰਦ ਨੇ ਕਿਹਾ ਕਿ ਲੋਕਾਂ ਨੂੰ ਹਰ ਦਿਨ ਕਸਰਤ ਅਤੇ ਯੋਗਾ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਲੋਕ ਅਜਿਹਾ ਕਰ ਵੀ ਰਹੇ ਹਨ ਅਤੇ ਕੋਰੋਨਾ ਵਿਰੁੱਧ ਮੋਰਚਾ ਜਾਰੀ ਹੈ।
ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।
ਸੰਗਰੂਰ ਨੈਸ਼ਨਲ ਹਾਈਵੇ ਉਪਰ ਬੇਕਾਬੂ ਹੋ ਕੇ ਪਲਟੀ ਕਾਰ, ਇਕ ਦੀ ਮੌਤ
NEXT STORY