ਅੰਮ੍ਰਿਤਸਰ (ਦਲਜੀਤ)- ਸਿਹਤ ਵਿਭਾਗ ਨੇ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਸਰਕਾਰੀ ਮੁਲਾਜ਼ਮਾਂ ਅਤੇ ਡਾਕਟਰਾਂ ਨੂੰ ਚੋਣਾਂ ਤੱਕ ਕੋਈ ਵੀ ਛੁੱਟੀ ਨਾ ਦੇਣ ਦੇ ਹੁਕਮ ਜਾਰੀ ਕੀਤੇ ਹਨ। ਵਿਭਾਗ ਵੱਲੋਂ ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸਮੁੱਚੇ ਸਰਕਾਰੀ ਹਸਪਤਾਲਾਂ ਵਿਚ ਸਿਹਤ ਸੇਵਾਵਾਂ ਦੇ ਪ੍ਰਬੰਧ ਚੰਗੇ ਕਰਨ ਦੇ ਵੀ ਹੁਕਮ ਸੀਨੀਅਰ ਮੈਡੀਕਲ ਅਧਿਕਾਰੀਆਂ ਨੂੰ ਜਾਰੀ ਕੀਤੇ ਹਨ।
ਸਿਵਲ ਸਰਜਨ ਡਾ. ਸੁਮਿਤ ਸਿੰਘ ਵੱਲੋਂ ਚੋਣਾਂ ਨੂੰ ਲੈ ਕੇ ਖੁਦ ਸਿਹਤ ਸੇਵਾਵਾਂ ਦਾ ਜ਼ਿਲ੍ਹੇ ਵਿਚ ਜਾਇਜ਼ਾ ਲੈਂਦਿਆਂ ਦੇਰ ਸ਼ਾਮ ਤੱਕ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਚੋਣਾਂ ਨੂੰ ਚੰਗੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਪ੍ਰਸ਼ਾਸਨ ਪੂਰੀ ਮੁਸਤੈਦੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ।
ਸਿਹਤ ਵਿਭਾਗ ਨੇ ਵੀ ਗਰਮੀ ਨੂੰ ਮੱਦੇਨਜ਼ਰ ਰੱਖਦਿਆਂ ਪਹਿਲਾਂ ਹੀ ਆਮ ਜਨਤਾ ਵਾਸਤੇ ਐਡਵਾਈਜਰੀ ਜਾਰੀ ਕਰਦਿਆਂ ਸਰਕਾਰੀ ਹਸਪਤਾਲਾਂ ਵਿਚ ਪ੍ਰਬੰਧ ਮੁਕੰਮਲ ਕਰ ਲਏ ਹਨ। ਇਸ ਤੋਂ ਇਲਾਵਾ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਹਸਪਤਾਲਾਂ ਵਿਚ ਦਵਾਈਆਂ ਅਤੇ ਐਮਰਜੈਂਸੀ ਸੇਵਾਵਾਂ ਵਿਚ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਕਿਸੇ ਵੀ ਡਾਕਟਰ ਅਤੇ ਮੁਲਾਜ਼ਮ ਨੂੰ ਛੁੱਟੀ ਨਾ ਦੇਣ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮੁਲਾਜ਼ਮ ਜਾਂ ਡਾਕਟਰ ਨੂੰ ਬੇਹੱਦ ਐਮਰਜੈਂਸੀ ਹੈ ਤਾਂ ਉਸ ਦੀ ਸਬੂਤ ਦਿਖਾ ਕੇ ਉਹ ਛੁੱਟੀ ਲੈ ਸਕਦਾ ਹੈ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ 2024 : 1 ਜੂਨ ਨੂੰ ਇੰਝ ਦਿਖੇਗਾ EVM, ਜਲੰਧਰ ਹਲਕੇ 'ਚ ਇਸ ਤਰ੍ਹਾਂ ਹੋਵੇਗੀ ਉਮੀਦਵਾਰਾਂ ਦੀ ਤਰਤੀਬ
ਸੀਨੀਅਰ ਮੈਡੀਕਲ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਆਪਣੇ-ਆਪਣੇ ਹਸਪਤਾਲਾਂ ਵਿਚ ਸਿਹਤ ਸੇਵਾਵਾਂ ਨੂੰ ਚੰਗੇ ਢੰਗ ਨਾਲ ਮੋਨੀਟਰ ਕੀਤਾ ਜਾਵੇ ਅਤੇ ਅਧਿਕਾਰੀ ਖੁਦ ਸਿਹਤ ਸੇਵਾਵਾਂ ਦਾ ਜਾਇਜ਼ਾ ਲੈ ਕੇ ਰਿਪੋਰਟ ਸਿਵਲ ਸਰਜਨ ਦਫਤਰ ਵਿਚ ਕਰਨ। ਸਿਵਲ ਸਰਜਨ ਨੇ ਕਿਹਾ ਕਿ ਲੋਕਤੰਤਰ ਵਿਚ ਵੋਟ ਦੀ ਬੇਹੱਦ ਅਹਿਮੀਅਤ ਹੈ, ਇਸ ਲਈ ਸਮੁੱਚਾ ਸਿਹਤ ਵਿਭਾਗ ਆਪਣੀ ਜ਼ਿੰਮੇਵਾਰੀ ਲਗਨ ਅਤੇ ਈਮਾਨਦਾਰੀ ਨਾਲ ਨਿਭਾ ਰਿਹਾ ਹੈ।
ਆਮ ਜਨਤਾ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ, ਇਸ ਲਈ ਹਸਪਤਾਲਾਂ ਵਿਚ ਚੰਗੇ ਅਤੇ ਸੁਚਾਰੂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਦੇ ਨਾਲ ਮਿਲ ਕੇ ਡਾਕਟਰਾਂ ਦੀਆਂ ਵਿਸ਼ੇਸ਼ ਟੀਮਾਂ ਵੀ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਆਮ ਜਨਤਾ ਨੂੰ ਸਿਹਤ ਸੇਵਾਵਾਂ ਦੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ। ਇਸ ਤੋਂ ਇਲਾਵਾ 108 ਐਬੂਲੈਂਸ ਅਤੇ ਸਰਕਾਰੀ ਐਬੂਲੈਂਸ ਨੂੰ ਵੀ ਤਿਆਰ ਕੀਤੇ ਗਿਆ ਹੈ ਤਾਂ ਕਿ ਜਰੂਰਤ ਪੈਣ 'ਤੇ ਸਬੰਧਤ ਐਬੂਲੈਂਸਾਂ ਬੂਥ ਲੈਵਲ ਤੱਕ ਪਹੁੰਚ ਕੇ ਮਰੀਜ਼ ਨੂੰ ਸਮੇਂ ਸਿਹਤ ਸੇਵਾਵਾਂ ਦੇ ਸਕਣ।
ਸਿਵਲ ਸਰਜਨ ਡਾ. ਸੁਮਿਤ ਸਿੰਘ ਨੇ ਦੱਸਿਆ ਕਿ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿਚ ਸੈਕਟਰ ਪੱਧਰ ’ਤੇ ਬੂਥਾਂ ਨੂੰ ਵੰਡਿਆ ਗਿਆ ਹੈ। ਹਰ ਸੈਕਟਰ ’ਤੇ ਇਕ ਡਾਕਟਰ ਨੂੰ ਤਾਇਨਾਤ ਕੀਤਾ ਜਾਵੇਗਾ। ਇਸ ਤੋਂ ਇਲਾਵਾ 1200 ਦੇ ਕਰੀਬ ਆਸ਼ਾ ਵਰਕਰਾਂ ਨੂੰ ਵੀ ਬੂਥ ’ਤੇ ਜ਼ਰੂਰਤ ਅਨੁਸਾਰ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰੀ ਖੇਤਰ ਵਿਚ ਸਿਹਤ ਵਿਭਾਗ ਦੇ 50 ਦੇ ਕਰੀਬ ਡਾਕਟਰ, ਜਦਕਿ ਦਿਹਾਤੀ ਖੇਤਰ ਵਿਚ ਵਿਭਾਗ ਦੇ ਡਾਕਟਰਾਂ ਤੋਂ ਇਲਾਵਾ ਰੂਰਲ ਮੈਡੀਕਲ ਅਧਿਕਾਰੀਆਂ ਦੀ ਵੀ 100 ਦੇ ਕਰੀਬ ਤਾਇਨਾਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਲੋਕਾਂ ਨੂੰ ਚੰਗੀਆਂ ਸੇਵਾਵਾਂ ਮਿਲ ਸਕਣ, ਇਸ ਲਈ ਪ੍ਰਸ਼ਾਸਨ ਨਾਲ ਮਿਲ ਕੇ ਵਿਭਾਗ ਆਪਣੀ ਜ਼ਿੰਮੇਵਾਰੀ ਪੂਰੀ ਲਗਨ ਦੇ ਨਾਲ ਨਿਭਾ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਦੀ ਸਿਆਸਤ 'ਚ ਇਕ ਹੋਰ ਵੱਡਾ ਧਮਾਕਾ, ਸ਼੍ਰੋਮਣੀ ਅਕਾਲੀ ਦਲ ਨੇ ਸੀਨੀਅਰ ਆਗੂ ਨੂੰ ਕੱਢਿਆ ਪਾਰਟੀ 'ਚੋਂ ਬਾਹਰ
ਉਨ੍ਹਾਂ ਦੱਸਿਆ ਕਿ ਇਕ ਜੂਨ ਨੂੰ ਜ਼ਿਲ੍ਹੇ ਭਰ ਦੀਆਂ ਸਿਹਤ ਸੇਵਾਵਾਂ ਨੂੰ ਮਨੀਟਰ ਕਰਨ ਲਈ ਉਨ੍ਹਾਂ ਦੇ ਦਫਤਰ ਵਿਚ ਕੰਟਰੋਲ ਰੂਮ ਬਣਾਇਆ ਜਾਵੇਗਾ ਤਾਂ ਕਿ ਹਰ ਇਕ ਸੈਕਟਰ ਅਤੇ ਸਰਕਾਰੀ ਹਸਪਤਾਲ ਤੱਕ ਪਹੁੰਚ ਕਰ ਕੇ ਸੇਵਾਵਾਂ ਦਾ ਸਮੇਂ-ਸਮੇਂ ’ਤੇ ਜਾਇਜ਼ਾ ਲਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਉਹ ਖੁਦ ਸਾਰੀਆਂ ਸੇਵਾਵਾਂ ਦੀ ਮੋਨੀਟਰਿੰਗ ਕਰਨਗੇ ਅਤੇ ਉਨ੍ਹਾਂ ਨਾਲ ਅਧਿਕਾਰੀ ਵੀ ਮੌਕੇ ’ਤੇ ਮੌਜੂਦ ਹੋਣਗੇ। ਜ਼ਰੂਰਤ ਅਨੁਸਾਰ ਡਾਕਟਰ ਅਤੇ ਮੁਲਾਜ਼ਮਾਂ ਦੀਆਂ ਟੀਮਾਂ ਵੀ ਜਰੂਰਤ ਵਾਲੀ ਜਗ੍ਹਾ ’ਤੇ ਭੇਜਿਆ ਜਾਣਗੀਆਂ।
ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਵਿਚ ਪ੍ਰਬੰਧ ਮੁਕੰਮਲ
ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਸਵਰਨਜੀਤ ਧਵਨ ਅਤੇ ਡਾ. ਮਦਨ ਮੋਹਨ ਨੇ ਦੱਸਿਆ ਕਿ ਚੋਣਾਂ ਨੂੰ ਲੈ ਕੇ ਹਸਪਤਾਲ ਵਿੱਚ ਸਿਹਤ ਸੇਵਾਵਾਂ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਐਮਰਜੈਂਸੀ ਵਿੱਚ ਦਵਾਈਆਂ ਦੀ ਕੋਈ ਵੀ ਘਾਟ ਨਹੀਂ ਹੈ। ਇਸ ਤੋਂ ਇਲਾਵਾ ਓ.ਪੀ.ਡੀ. ਵਿੱਚ ਵੀ ਆਉਣ ਵਾਲੇ ਮਰੀਜ਼ਾਂ ਨੂੰ ਵਿਭਾਗ ਵੱਲੋਂ ਮੁਹੱਈਆ ਕਰਵਾਈਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਡਾ. ਧਵਨ ਅਤੇ ਡਾ. ਮਦਨ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਹਸਪਤਾਲ ਹੋਣ ਕਰ ਕੇ ਇਸ ਹਸਪਤਾਲ ਦੀ ਜਿੰਮੇਵਾਰੀ ਜਿਆਦਾ ਬਣਦੀ ਹੈ, ਇਸ ਲਈ ਸਮੇਂ ਰਹਿੰਦਿਆਂ ਹੀ ਸਾਰੀਆਂ ਸੇਵਾਵਾਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸਟਾਫ ਅਤੇ ਡਾਕਟਰਾਂ ਨੂੰ ਵੀ ਡਿਊਟੀ ’ਤੇ ਪਾਬੰਧ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਗੁਰੂ ਨਾਨਕ ਦੇਵ ਹਸਪਤਾਲ ਵਿੱਚ ਵੀ ਐਮਰਜੈਂਸੀ ਸੇਵਾਵਾਂ ਲਈ ਪ੍ਰਬੰਧ ਮੁਕੰਮਲ
ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਇਸ ਤੋਂ ਇਲਾਵਾ ਐਮਰਜੈਂਸੀ ਵਿੱਚ ਵੀ ਸੀਨੀਅਰ ਡਾਕਟਰ ਦੀ ਨਿਗਰਾਨੀ ਹੇਠ ਟੀਮਾਂ ਦਾ ਗਠਨ ਕੀਤਾ ਗਿਆ ਹੈ। ਡਾ. ਕਰਮਜੀਤ ਨੇ ਦੱਸਿਆ ਕਿ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਗੁਰੂ ਨਾਨਕ ਦੇਵ ਹਸਪਤਾਲ ਪੂਰੀ ਤਰ੍ਹਾਂ ਨਾਲ ਤਿਆਰ ਹੈ ਅਤੇ ਡਾਕਟਰ ਅਤੇ ਮੁਲਾਜ਼ਮ ਵਰਗ ਨੂੰ ਵੀ ਹਦਾਇਤ ਜਾਰੀ ਕੀਤੀ ਗਈ ਹੈ ਕਿ ਉਹ ਡਿਊਟੀ ’ਤੇ ਪਾਬੰਧ ਰਹਿ ਕੇ ਸਿਹਤ ਸੇਵਾਵਾਂ ਦਾ ਜਾਇਜ਼ਾ ਲੈਂਦੇ ਰਹਿਣ। ਡਾ. ਕਰਮਜੀਤ ਨੇ ਲੋਕਾਂ ਨੂੰ ਅਪੀਲ ਕੀਤੀ ਲੋਕਤੰਤਰ ਲਈ ਵੋਟ ਦਾ ਇਸਤੇਮਾਲ ਕਰਨਾ ਸਭ ਦੇ ਲਈ ਬੇਹੱਦ ਜਰੂਰੀ ਹੈ। ਇਸ ਲਈ ਇੱਕ ਜੂਨ ਨੂੰ ਸਾਰੇ ਆਪਣੀ ਵੋਟ ਦਾ ਇਸਤੇਮਾਲ ਜਰੂਰ ਕਰਨ।
ਇਹ ਵੀ ਪੜ੍ਹੋ- ਮੁੱਖ ਚੋਣ ਅਫ਼ਸਰ ਸਿਬਿਨ ਸੀ ਦਾ ਵੱਡਾ ਐਲਾਨ- 'ਵੋਟ ਫ਼ੀਸਦੀ ਵਧਾਉਣ ਵਾਲੇ BLOs ਨੂੰ ਦਿੱਤਾ ਜਾਵੇਗਾ ਨਕਦ ਇਨਾਮ'
ਚੋਣਾਂ ਦੇ ਮੱਦੇਨਜ਼ਰ ਪੰਜਾਬ ’ਚ ਜੇਲ ਕੈਦੀਆਂ/ਹਵਾਲਾਤੀਆਂ ਦੀਆਂ ਮੁਲਾਕਾਤਾਂ ਬੰਦ
ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜੇਲ੍ਹ ਵਿਭਾਗ ਪੰਜਾਬ ਨੇ ਕੈਦੀਆਂ/ਹਵਾਲਾਤੀਆਂ ਦੀਆਂ ਉਨ੍ਹਾਂ ਦੇ ਪਰਿਵਾਰਾਂ ਨਾਲ ਮੁਲਾਕਾਤਾਂ ਵੀ ਬੰਦ ਕਰ ਦਿੱਤੀਆਂ ਹਨ। ਦੱਸਿਆ ਜਾਂਦਾ ਹੈ ਕਿ ਮੁਲਾਕਾਤਾਂ 29 ਮਈ ਤੋਂ ਲੈ ਕੇ 1 ਜੂਨ ਤੱਕ ਬੰਦ ਰਹਿਣਗੀਆਂ। ਏ.ਡੀ.ਜੀ.ਪੀ. (ਜੇਲ੍ਹ) ਨੇ ਪੰਜਾਬ ਦੀਆਂ ਜੇਲ੍ਹਾਂ ਦੇ ਸੁਪਰਡੈਂਟਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦਾ ਦਾਅਵਾ, ਬਿੱਟੂ ਅਤੇ ਵੜਿੰਗ ਤੋਂ ਪੱਪੀ ਅੱਗੇ
NEXT STORY