ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਸ ਗੱਲੋਂ ਨਿਖੇਧੀ ਕੀਤੀ ਕਿ ਉਹ ਕਿਸਾਨ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨਾਲ ਗੁਪਤ ਸਮਝੌਤੇ ਕਰਨ ਮਗਰੋਂ ਹੁਣ ਮਗਰਮੱਛ ਦੇ ਹੰਝੂ ਵਹਾ ਰਹੇ ਹਨ। ਇਥੇ ਜਾਰੀ ਕੀਤੇ ਇਕ ਬਿਆਨ ’ਚ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਤੁਸੀਂ ਆਪਣੇ ਅਹੁਦੇ ਨੂੰ ਕਿਸਾਨ ਸੰਘਰਸ਼ ਖਿਲਾਫ਼ ਵਰਤ ਕੇ ਆਪਣੇ ਉਚੇ ਅਹੁਦੇ ’ਤੇ ਵੀ ਦਾਗ ਲੁਆ ਲਏ ਹਨ। ਉਨ੍ਹਾਂ ਕਿਹਾ ਕਿ ਇਸ ਨੂੰ ਤੁਹਾਡੇ ਹੀ ਐੱਮ.ਪੀ. ਰਵਨੀਤ ਸਿੰਘ ਬਿੱਟੂ ਨੇ ਸਾਬਿਤ ਕੀਤਾ ਹੈ, ਜਿਨ੍ਹਾਂ ਨੇ ਜਨਤਕ ਤੌਰ ’ਤੇ ਆਖਿਆ ਹੈ ਕਿ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਉਨ੍ਹਾਂ ਨੂੰ ਆਖਿਆ ਸੀ ਕਿ ਉਹ ਕਿਸਾਨਾਂ ਦੇ ਹੱਕ ਵਿਚ ਪ੍ਰਦਰਸ਼ਨ ਕਰਨਾ ਬੰਦ ਕਰਨ ਤੇ ਜੇਕਰ ਉਨ੍ਹਾਂ ਨੇ ਦੱਸ ਦਿੱਤਾ ਕਿ ਮੁੱਖ ਮੰਤਰੀ ਨੇ ਮੈਨੂੰ ਕੀ ਆਖਿਆ ਸੀ ਤਾਂ ਬਿੱਟੂ ਹੈਰਾਨ ਰਹਿ ਜਾਣਗੇ। ਉਨ੍ਹਾਂ ਕਿਹਾ ਕਿ ਇਹ ਹੁਣ ਸਪੱਸ਼ਟ ਹੈ ਕਿ ਤੁਸੀਂ ਭਾਜਪਾ ਨਾਲ ਗੁਪਤ ਸਮਝੌਤਾ ਕਰ ਕੇ ਕਿਸਾਨ ਹਿੱਤਾਂ ਦੀ ਪਿੱਠ ਵਿਚ ਛੁਰਾ ਮਾਰਿਆ। ਉਨ੍ਹਾਂ ਕਿਹਾ ਕਿ ਇਸੇ ਵਾਸਤੇ ਤੁਸੀਂ ਰਾਜ ਘਾਟ ’ਤੇ ਪ੍ਰਦਰਸ਼ਨ ਦੀ ਯੋਜਨਾ ਵਿਚਾਲੇ ਛੱਡ ਦਿੱਤੀ ਅਤੇ ਤੁਸੀਂ ਹੁਣ ਆਪਣੇ ਫਾਰਮ ਹਾਊਸ ’ਚ ਵੜ ਕੇ ਬੈਠੇ ਹੋ ਜਦਕਿ ਕਿਸਾਨ ਕੜਾਕੇ ਦੀ ਠੰਢ ’ਚ ਦਿੱਲੀ ਦੇ ਬਾਰਡਰਾਂ ’ਤੇ ਡਟੇ ਹੋਏ ਹਨ।
ਇਹ ਵੀ ਪੜ੍ਹੋ : ‘ਸਿੱਖਾਂ ਲਈ ਗੁਰਪਤਵੰਤ ਪੰਨੂ ਬਹੁਤ ਵੱਡਾ ਧੱਬਾ : ਸੁੱਖੀ ਚਾਹਲ’
ਮਹੇਸ਼ਇੰਦਰ ਗਰੇਵਾਲ ਨੇ ਮੁੱਖ ਮੰਤਰੀ ਦਾ ਇਹ ਬਹਾਨਾ ਵੀ ਰੱਦ ਕਰ ਦਿੱਤਾ, ਜਿਸ ’ਚ ਉਨ੍ਹਾਂ ਕਿਹਾ ਸੀ ਕਿ ਉਹ ਸੰਘਰਸ਼ ਕਰ ਰਹੇ ਕਿਸਾਨਾਂ ਕੋਲ ਇਸ ਵਾਸਤੇ ਨਹੀਂ ਗਏ ਕਿਉਂਕਿ ਉਹ ਪ੍ਰਦਰਸ਼ਨਾਂ ’ਚ ਸਿਆਸੀ ਪਾਰਟੀਆਂ ਨੂੰ ਸ਼ਾਮਲ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਤੁਹਾਨੂੰ ਕੱਲ੍ਹ ਤੁਹਾਡੇ ਮੀਡੀਆ ਨਾਲ ਰੂ-ਬ-ਰੂ ਪ੍ਰੋਗਰਾਮ ਦੌਰਾਨ ਸਵਾਲ ਇਸ ਕਰ ਕੇ ਪੁੱਛਿਆ ਗਿਆ ਕਿਉਂਕਿ ਪੰਜਾਬੀਆਂ ਨੂੰ ਆਸ ਸੀ ਕਿ ਮੁੱਖ ਮੰਤਰੀ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਧਰਨੇ ’ਤੇ ਜ਼ਰੂਰ ਆਉਣਗੇ। ਉਨ੍ਹਾਂ ਕਿਹਾ ਕਿ ਇਹ ਤੁਸੀਂ ਹੋ ਜਿਹੜੇ ਮੁੱਖ ਮੰਤਰੀ ਦਫ਼ਤਰ ਦਾ ਸਿਆਸੀਕਰਨ ਕਰ ਰਹੇ ਹੋ ਅਤੇ ਇਸ ਨੂੰ ਕਾਂਗਰਸ ਪਾਰਟੀ ਨਾਲ ਜੋੜ ਰਹੇ ਹੋ ਜੋ ਕਿ ਬਹੁਤ ਹੀ ਨਿਖੇਧੀਯੋਗ ਗੱਲ ਹੈ। ਅਕਾਲੀ ਆਗੂ ਨੇ ਕਿਹਾ ਕਿ ਜੇਕਰ ਕਿਸੇ ਨੇ ਸਾਰੇ ਮਾਮਲੇ ’ਤੇ ਇਸ ਤਰੀਕੇ ਦੀ ਪਹੁੰਚ ਅਪਣਾਈ ਹੈ, ਉਹ ਸਿਰਫ਼ ਮੁੱਖ ਮੰਤਰੀ ਹਨ। ਉਨ੍ਹਾਂ ਕਿਹਾ ਕਿ ਤੁਸੀਂ ਸ਼ਾਇਦ ਇਹ ਭੁੱਲ ਗਏ ਹੋ ਕਿ ਤੁਸੀਂ ਸੂਬੇ ਵਿਚ ਸਰਕਾਰ ਬਣਾਉਣ ਤੋਂ ਤੁਰੰਤ ਬਾਅਦ ਏ.ਪੀ.ਐੱਮ.ਸੀ. ਐਕਟ ਵਿਚ ਸੋਧ ਕੀਤੀ ਸੀ। ਤੁਸੀਂ ਉਸ ਕਮੇਟੀ ਦੇ ਮੈਂਬਰ ਵੀ ਰਹੇ ਜਿਸ ਨੇ ਖੇਤੀਬਾੜੀ ਆਰਡੀਨੈਂਸਾਂ ਬਾਰੇ ਬਾਰੀਕੀ ਨਾਲ ਵਿਚਾਰ ਵਟਾਂਦਰਾ ਕੀਤਾ। ਤੁਸੀਂ ਆਪਣੇ ਵਿੱਤ ਮੰਤਰੀ ਦੀ ਡਿਊਟੀ ਕਮੇਟੀ ਦੀਆਂ ਮੀਟਿੰਗਾਂ ਵਿਚ ਸ਼ਾਮਲ ਹੋਣ ਲਈ ਵੀ ਲਗਾਈ ਸੀ। ਉਨ੍ਹਾਂ ਕਿਹਾ ਕਿ ਤੁਹਾਡੇ ਵਿਚ ਤਾਂ ਇੰਨੀ ਜੁਅਰਤ ਨਹੀਂ ਹੋਈ ਕਿ ਤੁਸੀਂ ਪੰਜਾਬ ਦੇ ਐੱਮ.ਪੀਜ਼ ਨੂੰ ਸੰਸਦ ਵਿਚ ਬਿਲ ਦੇ ਖਿਲਾਫ਼ ਵੋਟਾਂ ਪਾਉਣ ਲਈ ਆਖਦੇ ਜਦੋਂ ਇਹ ਸੰਸਦ ਵਿਚ ਪੇਸ਼ ਕੀਤੀ ਗਈ ਸੀ। ਬਾਅਦ ’ਚ ਤੁਸੀਂ ਕਿਸਾਨਾਂ ਦੇ ਹਿੱਤ ਵੇਚ ਦਿੱਤੇ ਅਤੇ ਆਪ ਮਾਮਲੇ ਵਿਚ ਦਖ਼ਲ ਦੇਣ ਤੋਂ ਨਾਂਹ ਕਰ ਦਿੱਤੀ। ਹੁਣ ਤੁਸੀਂ ਮਗਰ ਮੱਛ ਦੇ ਹੰਝੂ ਵਿਹਾ ਰਹੇ ਹੋ ਅਤੇ ਹੋਰਨਾਂ ਸਿਰ ਦੋਸ਼ ਮੜ੍ਹ ਕੇ ਆਪਣੀ ਅਸਫਲਤਾ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹੋ।
ਇਹ ਵੀ ਪੜ੍ਹੋ : ਮੁਕਤਸਰ ’ਚ ਵੀ ਕਿਸਾਨਾਂ ਨੇ ਭਾਜਪਾ ਦੇ ਪ੍ਰੋਗਰਾਮ ’ਤੇ ਬੋਲਿਆ ਧਾਵਾ, ਪਿਛਲੇ ਗੇਟ ਰਾਹੀਂ ਨਿਕਲੇ ਆਗੂ
ਮੁੱਖ ਮੰਤਰੀ ਨੂੰ ਆਪਣੇ ਫਾਰਮ ਹਾਊਸ ’ਚੋਂ ਬਾਹਰ ਆਉਣ ਲਈ ਆਖਦਿਆਂ ਗਰੇਵਾਲ ਨੇ ਕਿਹਾ ਕਿ ਤੁਸੀਂ ਆਪਣੇ ਹੀ ਕਿਸਾਨਾਂ ਦੀਆਂ ਤਕਲੀਫਾਂ ਤੋਂ ਅਣਜਾਣ ਹੋ ਜਦਕਿ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਨਾਲ ਇਕਜੁਟਤਾ ਪ੍ਰਗਟ ਕਰਦਿਆਂ ਆਪਣਾ ਪਦਮ ਵਿਭੂਸ਼ਣ ਮੋੜ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਮ ਖਿਆਲੀ ਪਾਰਟੀਆਂ ਨਾਲ ਵਿਆਪਕ ਗਠਜੋੜ ਬਣਾ ਕੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਇਹ ਨਫ਼ਰਤ ਭਰੇ ਕਾਨੂੰਨ ਰੱਦ ਕਰਨ ਵਾਸਤੇ ਦਬਾਅ ਬਣਾਉਣ ਲਈ ਸਰਗਰਮੀ ਨਾਲ ਯਤਨਸ਼ੀਲ ਹਨ। ਜੇਕਰ ਕੋਈ ਦੁਨੀਆ ’ਚ ਅੰਨਦਾਤਾ ਦੀ ਪਰਵਾਹ ਕੀਤੇ ਬਗੈਰ ਆਰਾਮ ਨਾਲ ਸੌ ਰਿਹਾ ਹੈ, ਤਾਂ ਉਹ ਤੁਸੀਂ ਹੋ। ਤੁਸੀਂ ਤਾਂ ਹਾਲੇ ਤੱਕ ਚਲ ਰਹੇ ਸੰਘਰਸ਼ ਵਿਚ ਸ਼ਹੀਦ ਹੋਏ 42 ਕਿਸਾਨਾਂ ਦੇ ਪਰਿਵਾਰਾਂ ਲਈ ਸਰਕਾਰੀ ਨੌਕਰੀਆਂ ਦਾ ਐਲਾਨ ਵੀ ਨਹੀਂ ਕੀਤਾ। ਇਸ ਤੋਂ ਹੀ ਸਾਬਤ ਹੁੰਦਾ ਹੈ ਕਿ ਤੁਹਾਡੇ ਮਨ ’ਚ ਕਿਸਾਨਾਂ ਪ੍ਰਤੀ ਕੋਈ ਦਰਦ ਨਹੀਂ ਤੇ ਤੁਸੀਂ ਤੇ ਤੁਹਾਡੀ ਸਰਕਾਰ ਨੇ ਹਾਲੇ ਤੱਕ ਇਨ੍ਹਾਂ ਕਿਸਾਨ ਪਰਿਵਾਰਾਂ ਦੀ ਕੋਈ ਸਹਾਇਤਾ ਪ੍ਰਦਾਨ ਨਹੀਂ ਕੀਤੀ।
ਇਹ ਵੀ ਪੜ੍ਹੋ : ਬੀਬੀਆਂ ਦਾ ਦਿੱਲੀ ਕੂਚ, ਕਿਸਾਨੀ ਘੋਲ ’ਚ ਵੰਡਣਗੀਆਂ ਢਾਈ ਕੁਇੰਟਲ ਦੇਸੀ ਘਿਓ ਦੀਆਂ ਪਿੰਨੀਆਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਰਿਸ਼ਤਿਆਂ ’ਤੇ ਲੱਗਾ ਦਾਗ਼, ਗੁਰਦਾਸਪੁਰ ’ਚ ਹਵਸੀ ਨਾਨੇ ਨੇ ਨਾਬਾਲਗ ਦੋਹਤੀ ਨੂੰ ਕੀਤਾ ਗਰਭਵਤੀ
NEXT STORY