ਜਲੰਧਰ, (ਖੁਰਾਣਾ)- ਕੁੱਝ ਹਫਤੇ ਪਹਿਲਾਂ ਸ਼ਹਿਰ ਦੇ ਨਵੇਂ ਟ੍ਰੈਫਿਕ ਮੁਖੀ ਵਜੋਂ ਏ. ਡੀ. ਸੀ. ਪੀ. ਕੁਲਵੰਤ ਸਿੰਘ ਹੀਰ ਨੇ ਅਹੁਦਾ ਸੰਭਾਲਿਆ ਅਤੇ ਪਹਿਲੇ ਹੀ ਦਿਨ ਟ੍ਰੈਫਿਕ ਵਿਵਸਥਾ ਨੂੰ ਕੰਟਰੋਲ ਕਰਨ ਲਈ ਕੁੱਝ ਨਵੇਂ ਉਪਰਾਲੇ ਕੀਤੇ ਪਰ ਹੁਣ ਅਜਿਹਾ ਲੱਗ ਰਿਹਾ ਹੈ ਕਿ ਸ਼ਹਿਰ ਦੇ ਨਵੇਂ ਟ੍ਰੈਫਿਕ ਮੁਖੀ ਵਲੋਂ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਸੰਭਾਲੀ ਨਹੀਂ ਜਾ ਰਹੀ, ਜਿਸ ਕਾਰਨ ਅੱਜ-ਕਲ ਸ਼ਹਿਰ ਦੀਆਂ ਕਈ ਪ੍ਰਮੁੱਖ ਸੜਕਾਂ ਅਤੇ ਚੌਰਾਹਿਆਂ 'ਤੇ ਟ੍ਰੈਫਿਕ ਜਾਮ ਦਾ ਦ੍ਰਿਸ਼ ਆਮ ਦੇਖਣ ਨੂੰ ਮਿਲਦਾ ਹੈ।
ਫਾਇਰ ਬ੍ਰਿਗੇਡ ਤੇ ਐਂਬੂਲੈਂਸ ਤੱਕ ਦੀ ਫਿਕਰ ਨਹੀਂ
ਸ਼ਹਿਰ ਦੀ ਟ੍ਰੈਫਿਕ ਪੁਲਸ ਨੂੰ ਆਮ ਲੋਕਾਂ ਦੀ ਕੀ, ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਤੱਕ ਦੀ ਫਿਕਰ ਨਹੀਂ ਹੈ। ਜ਼ਿਕਰਯੋਗ ਹੈ ਕਿ ਫਾਇਰ ਬ੍ਰਿਗੇਡ ਮੁੱਖ ਦਫਤਰ ਅਤੇ ਸਿਵਲ ਹਸਪਤਾਲ ਦੋਵੇਂ ਹੀ ਓਲਡ ਜੀ. ਟੀ. ਰੋਡ 'ਤੇ ਸਥਿਤ ਹਨ ਪਰ ਹਾਲਾਤ ਇਹ ਹਨ ਕਿ ਕੰਪਨੀ ਬਾਗ ਚੌਕ ਤੋਂ ਲੈ ਕੇ ਜੇਲ ਚੌਕ ਤੱਕ ਜਾਣ 'ਚ ਅਕਸਰ ਅੱਧਾ ਘੰਟਾ ਲੱਗ ਜਾਂਦਾ ਹੈ। ਟ੍ਰੈਫਿਕ ਪੁਲਸ ਪੀ. ਐੱਨ. ਬੀ. ਚੌਕ ਅਤੇ ਜੋਤੀ ਚੌਕ ਦੇ ਨੇੜੇ ਜ਼ਰੂਰ ਖੜ੍ਹੀ ਹੁੰਦੀ ਹੈ ਪਰ ਕਦੇ ਇਸ ਨੇ ਟ੍ਰੈਫਿਕ ਨੂੰ ਰੈਗੂਲੇਟ ਕਰਨ ਦਾ ਕੰਮ ਨਹੀਂ ਕੀਤਾ ਬਲਕਿ ਹਮੇਸ਼ਾ ਹੈਲਮੇਟ ਨਾ ਪਾਉਣ ਵਾਲੇ ਅਤੇ ਸੀਟ ਬੈਲਟ ਨਾ ਬੰਨ੍ਹਣ ਵਾਲੇ ਲੋਕਾਂ ਦੇ ਚਲਾਨ ਕਰਦੀ ਰਹਿੰਦੀ ਹੈ।
ਟੋਅ ਕਰਨ ਵਾਲੀ ਕੰਪਨੀ ਵੀ ਕਾਬੂ 'ਚ ਨਹੀਂ
ਸ਼ਹਿਰ 'ਚ ਗਲਤ ਢੰਗ ਨਾਲ ਪਾਰਕ ਹੋਈਆਂ ਗੱਡੀਆਂ ਨੂੰ ਟੋਅ ਕਰਨ ਲਈ ਇਕ ਪ੍ਰਾਈਵੇਟ ਏਜੰਸੀ ਨੂੰ ਕੰਟ੍ਰੈਕਟ ਮਿਲਿਆ ਹੋਇਆ ਹੈ ਪਰ ਇਹ ਏਜੰਸੀ ਟ੍ਰੈਫਿਕ ਪੁਲਸ ਦੇ ਕਾਬੂ 'ਚ ਨਹੀਂ ਹੈ। ਇਹ ਏਜੰਸੀ ਸਿਰਫ ਮਿਲਾਪ ਚੌਕ ਅਤੇ ਕੰਪਨੀ ਬਾਗ ਪਾਰਕਿੰਗ ਦੇ ਨੇੜਿਓਂ ਹੀ ਗੱਡੀਆਂ ਨੂੰ ਟੋਅ ਕਰਦੀ ਹੈ। ਹੰਸ ਰਾਜ ਸਟੇਡੀਅਮ ਦੇ ਬਾਹਰ ਕਾਰ ਬਾਜ਼ਾਰ ਵਾਲਿਆਂ ਦੇ ਵਾਹਨ ਉਥੇ ਹਮੇਸ਼ਾ ਸੜਕਾਂ 'ਤੇ ਖੜ੍ਹੇ ਰਹਿੰਦੇ ਹਨ ਪਰ ਉਨ੍ਹਾਂ ਦਾ ਇਕ ਵੀ ਵਾਹਨ ਕਦੇ ਟੋਅ ਨਹੀਂ ਕੀਤਾ ਗਿਆ। ਪਿਛਲੇ ਟ੍ਰੈਫਿਕ ਪ੍ਰਮੁੱਖ ਨੇ ਇਸ ਏਜੰਸੀ ਦੀਆਂ ਮਨਮਾਨੀਆਂ ਕਾਰਨ ਇਸਦਾ ਕੰਟਰੈਕਟ ਰੱਦ ਕਰਨ ਦੀ ਸਿਫਾਰਸ਼ ਕੀਤੀ ਸੀ।
ਨਸ਼ੀਲੀਆਂ ਗੋਲੀਆਂ ਸਣੇ 1 ਗ੍ਰਿਫ਼ਤਾਰ
NEXT STORY