ਜਲੰਧਰ (ਧਵਨ) - ਨਾਰਦਰਨ ਜ਼ੋਨਲ ਕੌਂਸਲ ਦੀ ਚੰਡੀਗੜ੍ਹ 'ਚ ਤਜਵੀਜ਼ਸ਼ੁਦਾ ਅਹਿਮ ਮੀਟਿੰਗ 'ਚ ਐੱਸ. ਵਾਈ. ਐੱਲ. ਅਤੇ ਡਰੱਗਜ਼ ਵਰਗੇ ਅਹਿਮ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਹੋਣ ਦੀ ਸੰਭਾਵਨਾ ਹੈ। ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ, ਜਦੋਂਕਿ ਇਸ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼ਾਮਲ ਹੋਣਗੇ। ਰਾਜਸਥਾਨ ਨੇ ਹਰੀਕੇ 'ਚ ਇੰਦਰਾ ਗਾਂਧੀ ਫੀਡਰ ਦੀ ਸਮਰੱਥਾ ਨੂੰ 15000 ਕਿਊਸਿਕ ਤੋਂ ਵਧਾ ਕੇ 18000 ਕਿਊਸਿਕ ਕਰਨ ਦਾ ਮੁੱਦਾ ਚੁੱਕਿਆ ਸੀ। ਇਸ ਲਈ ਇਸ ਮੁੱਦੇ 'ਤੇ ਮੀਟਿੰਗ 'ਚ ਡੂੰਘਾਈ 'ਚ ਵਿਚਾਰ ਹੋਣ ਦੇ ਆਸਾਰ ਹਨ । ਨਾਰਦਰਨ ਜ਼ੋਨਲ ਕੌਂਸਲ ਦੀ ਮੀਟਿੰਗ 'ਚ ਸਭਨਾਂ ਸੂਬਿਆਂ ਨਾਲ ਸਬੰਧਤ ਅਜਿਹੇ ਆਮ ਮੁੱਦਿਆਂ ਨੂੰ ਚੁੱਕਿਆ ਜਾਂਦਾ ਹੈ, ਜਿਹੜੇ ਇਕ ਦੂਜੇ ਨਾਲ ਜੁੜੇ ਹੁੰਦੇ ਹਨ।
ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਐੱਸ. ਵਾਈ. ਐੱਲ. ਬਾਰੇ ਆਪਣੇ ਵਿਚਾਰ ਰੱਖੇ ਜਾਣਗੇ, ਜਦੋਂਕਿ ਡਰੱਗਜ਼ ਦਾ ਮੁੱਦਾ ਕੌਮਾਂਤਰੀ ਮੁੱਦਾ ਬਣਿਆ ਹੋਇਆ ਹੈ, ਜਿਹੜਾ ਇਕ-ਦੂਜੇ ਨਾਲ ਸਬੰਧਤ ਹੈ। ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਅੰਤਰ-ਰਾਸ਼ਟਰੀ ਉਡਾਣਾਂ ਦੀ ਗਿਣਤੀ ਵਧਾਉਣ ਦਾ ਮਾਮਲਾ ਮੀਟਿੰਗ 'ਚ ਵਿਚਾਰਿਆ ਜਾਵੇਗਾ। ਇਸੇ ਪ੍ਰਕਾਰ ਮੋਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ਟ੍ਰਾਈਸਿਟੀ ਨੂੰ ਜੋੜਣ ਲਈ ਰਿੰਗ ਰੋਡ ਦੀ ਉਸਾਰੀ ਦੇ ਮਾਮਲੇ 'ਤੇ ਵਿਚਾਰ ਕੀਤਾ ਜਾਵੇਗਾ। ਰਾਜਾਂ ਦੇ ਪੁਨਰਗਠਨ ਐਕਟ 1956 ਤਹਿਤ 5 ਜ਼ੋਨਲ ਕੌਂਸਲਾਂ ਕਾਇਮ ਹੋਈਆਂ ਸਨ ਜਿਸ 'ਚ ਕੇਂਦਰੀ, ਪੱਛਮੀ, ਉੱਤਰੀ, ਦੱਖਣੀ ਅਤੇ ਪੂਰਬੀ ਕੌਂਸਲਾਂ ਸ਼ਾਮਲ ਹਨ।ਇਨ੍ਹਾਂ ਕੌਸਲਾਂ ਦੀਆਂ ਮੀਟਿੰਗਾਂ 'ਚ ਆਰਥਕ ਅਤੇ ਸਮਾਜਕ ਯੋਜਨਾ, ਸਰਹੱਦੀ ਝਗੜਿਆਂ, ਅੰਤਰਰਾਜੀ ਟਰਾਂਸਪੋਰਟ ਅਤੇ ਸੂਬਿਆਂ ਨਾਲ ਸਬੰਧ ਰੱਖਦੇ ਹੋਰਨਾਂ ਆਮ ਮੁੱਦਿਆਂ ਨੂੰ ਸਬੰਧਤ ਸੂਬਾ ਸਰਕਾਰਾਂ ਵੱਲੋਂ ਚੁੱਕਿਆ ਜਾਂਦਾ ਹੈ ਤਾਂ ਕਿ ਉਨ੍ਹਾਂ 'ਤੇ ਸਰਬ-ਸੰਮਤੀ ਬਣਾ ਕੇ ਯੋਜਨਾਵਾਂ ਨੂੰ ਲਾਗੂ ਕਰਨ 'ਚ ਇਮਦਾਦ ਮਿਲ ਸਕੇ। ਪੰਜਾਬ ਸਰਕਾਰ ਦੇ ਅਧਿਕਾਰੀ ਨਾਰਦਰਨ ਕੌਂਸਲ ਦੀ ਮੀਟਿੰਗ 'ਚ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਚੁੱਕੇ ਜਾਣ ਵਾਲੇ ਮੁੱਦਿਆਂ ਨੂੰ ਤਿਆਰ ਕਰਨ 'ਚ ਲੱਗੇ ਹੋਏ ਹਨ ।
ਪ੍ਰਸ਼ਾਦ 'ਚ ਸ਼ਰਾਬ, ਲੰਗਰ 'ਚ ਸ਼ਰਾਬ ਫਿਰ ਹੋ ਗਈ ਪੂਰੀ ਮੁਰਾਦ (ਵੀਡੀਓ)
NEXT STORY