ਨਿਊ ਚੰਡੀਗੜ੍ਹ (ਬੱਤਾ) : ਪੀ. ਜੀ. ਆਈ.-ਖੁੱਡਾ ਲਾਹੌਰਾ ਤੋਂ ਨਵਾਂਗਰਾਓਂ ਵੱਲ ਜਾਣ ਵਾਲੇ ਵਾਹਨ ਚਾਲਕਾਂ ਨੂੰ ਜਲਦੀ ਜਾਮ ਤੋਂ ਰਾਹਤ ਮਿਲੇਗੀ। ਅਧਿਕਾਰੀਆਂ ਨੇ ਸੜਕ ਨੂੰ ਚੌੜਾ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਮੰਡੀ ਬੋਰਡ ਨੇ 3 ਫਰਵਰੀ ਨੂੰ 2 ਵੱਖ-ਵੱਖ ਟੈਂਡਰ ਜਾਰੀ ਕਰ ਕੇ ਅਰਜ਼ੀਆਂ ਵੀ ਮੰਗ ਲਈਆਂ ਹਨ। ਦੱਸਣਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੜਕ ਚੌੜੀ ਕਰਨ ’ਚ ਹੋ ਰਹੀ ਦੇਰੀ ਦਾ ਨੋਟਿਸ ਲਿਆ ਸੀ। ਇਸ ਤੋਂ ਬਾਅਦ ਵਿਭਾਗ ਨੇ ਹਲਫ਼ਨਾਮਾ ਦਾਇਰ ਕਰ ਕੇ ਕਿਹਾ ਸੀ ਕਿ ਸੜਕ ਚੌੜੀ ਕਰਨ ਦਾ ਕੰਮ ਜਲਦੀ ਸ਼ੁਰੂ ਹੋਵੇਗਾ। ਮੁੱਖ ਸਕੱਤਰ ਨੇ ਮੰਡੀ ਬੋਰਡ, ਸਥਾਨਕ ਸਰਕਾਰ ਵਿਭਾਗ, ਲੋਕ ਨਿਰਮਾਣ ਵਿਭਾਗ ਤੇ ਸੀਵਰੇਜ ਬੋਰਡ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਫ਼ੈਸਲਾ ਲਿਆ ਕਿ ਪੰਜਾਬ ਦੇ ਹਿੱਸੇ ’ਚ ਆਉਣ ਵਾਲੀ ਸੜਕ ਨੂੰ ਮੰਡੀ ਬੋਰਡ ਦੇ ਫੰਡਾਂ ਦੀ ਵਰਤੋਂ ਕਰ ਕੇ ਚੌੜਾ ਕੀਤਾ ਜਾਵੇਗਾ।
ਹੁਣ ਇਸ ਕੰਮ ਲਈ ਵਿਭਾਗ ਵੱਲੋਂ ਟੈਂਡਰ ਵੀ ਜਾਰੀ ਕਰ ਦਿੱਤੇ ਗਏ ਹਨ। ਸੜਕ ਚੌੜਾ ਕਰਨ ’ਚ ਹੋ ਰਹੀ ਦੇਰੀ ਦੇ ਸਬੰਧ ’ਚ ਹਾਈਕੋਰਟ ਨੇ ਮੁੱਖ ਸਕੱਤਰ ਨੂੰ ਪ੍ਰਾਜੈਕਟ ਜਲਦੀ ਪੂਰਾ ਕਰਨ ਤੇ ਇਸ ਦੀ ਨਿਰਧਾਰਿਤ ਸਮਾਂ ਸੀਮਾ ਬਾਰੇ ਸੂਚਿਤ ਕਰਨ ਦੇ ਹੁਕਮ ਦਿੱਤੇ ਸਨ। ਇਸ ਲਈ ਉਸ ਨੇ 6 ਮਹੀਨੇ ਦਾ ਸਮਾਂ ਮੰਗਿਆ ਸੀ ਪਰ ਅਦਾਲਤ ਨੇ ਸਖ਼ਤ ਰੁਖ਼ ਅਪਣਾਉਂਦਿਆਂ ਅਧਿਕਾਰੀਆਂ ਨੂੰ ਝਾੜ ਪਾਈ ਤੇ ਚਾਰ ਮਹੀਨਿਆਂ ’ਚ ਸੜਕ ਬਣਾਉਣ ਤੇ 5 ਮਾਰਚ ਨੂੰ ਅਗਲੀ ਸੁਣਵਾਈ ਤੱਕ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।
ਹੁਣ ਦੋ ਹਿੱਸਿਆਂ ’ਚ ਬਣਾਈ ਜਾਵੇਗੀ ਸੜਕ
ਅਧਿਕਾਰੀਆਂ ਨੇ ਸੜਕ ਚੌੜੀ ਕਰਨ ਦੇ ਕੰਮ ਨੂੰ ਦੋ ਹਿੱਸਿਆਂ ’ਚ ਵੰਡ ਦਿੱਤਾ ਹੈ। ਪਹਿਲਾ ਹਿੱਸਾ ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ ਨਾਡਾ ਪੁਲ ਤੱਕ ਦਾ ਹੈ। ਇਸ ਨੂੰ ਪਾਈਪ ਲਾਈਨ ਵਿਛਾਉਣ ਲਈ ਪੁੱਟਿਆ ਗਿਆ ਸੀ। ਇਸ ਹਿੱਸੇ ਨੂੰ ਪਹਿਲਾਂ ਵਾਂਗ 18 ਫੁੱਟ ਚੌੜਾ ਕੀਤਾ ਜਾਵੇਗਾ। ਇਸ ਸੜਕ ਦੀ 945 ਮੀਟਰ ਲੰਬਾਈ ਲਈ 86 ਲੱਖ 22 ਹਜ਼ਾਰ ਰੁਪਏ ਦਾ ਟੈਂਡਰ ਜਾਰੀ ਕੀਤਾ ਗਿਆ ਹੈ। ਹੁਣ ਦੂਜੇ ਹਿੱਸੇ ਲਈ 1 ਕਰੋੜ 12 ਲੱਖ 43 ਹਜ਼ਾਰ ਰੁਪਏ ਦਾ ਟੈਂਡਰ ਜਾਰੀ ਕੀਤਾ ਗਿਆ ਹੈ। ਇਸ ’ਚ ਸੜਕ ਦੇ 3.48 ਕਿਲੋਮੀਟਰ ਲੰਬੇ ਹਿੱਸੇ ਨੂੰ 18 ਤੋਂ 22 ਫੁੱਟ ਤੱਕ ਚੌੜਾ ਕਰਨ ਲਈ ਟੈਂਡਰ ਜਾਰੀ ਕੀਤਾ ਗਿਆ ਹੈ। ਇਨ੍ਹਾਂ ਟੈਂਡਰਾਂ ਦੀ ਆਖ਼ਰੀ ਤਾਰੀਖ਼ 13 ਫਰਵਰੀ ਹੈ। ਠੇਕੇਦਾਰ ਲਈ ਸੜਕ ਦਾ ਕੰਮ 45 ਦਿਨਾਂ ਅੰਦਰ ਪੂਰਾ ਕਰਨਾ ਲਾਜ਼ਮੀ ਹੋਵੇਗਾ। ਸੜਕ ਬਣਾਉਂਦੇ ਸਮੇਂ ਵੀਡੀਓਗ੍ਰਾਫੀ ਵੀ ਕਰਨੀ ਪਵੇਗੀ। ਜਦੋਂ ਸੜਕ ਨਿਰਮਾਣ ਦਾ ਕੰਮ ਪੂਰਾ ਹੋ ਜਾਵੇਗਾ ਤਾਂ ਉਹ ਵੀਡੀਓਗ੍ਰਾਫੀ ਹਾਈਕੋਰਟ ’ਚ ਪੇਸ਼ ਕੀਤੀ ਜਾਵੇਗੀ।
ਪਹਾੜਾਂ 'ਤੇ ਪੈ ਰਹੀ ਬਰਫ਼ ਨੇ ਬਦਲਿਆ ਪੰਜਾਬ ਦੇ ਮੌਸਮ ਦਾ ਮਿਜਾਜ਼, ਜਾਣੋ ਮੌਸਮ ਵਿਭਾਗ ਦੀ ਅਗਲੇ ਹਫ਼ਤੇ ਦੀ ਅਪਡੇਟ
NEXT STORY