ਤਰਨਤਾਰਨ (ਰਮਨ) - ਰੀਜਨਲ ਟਰਾਂਸਪੋਰਟ ਅਥਾਰਟੀ ਦਫਤਰਾਂ ਵਿੱਚ ਡਰਾਈਵਿੰਗ ਲਾਈਸੈਂਸ ਨੂੰ ਲੈ ਕੇ ਹੋਣ ਵਾਲੀ ਖੱਜਲ ਖਵਾਰੀ ਤੋਂ ਲੋਕਾਂ ਨੂੰ ਮੁਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਵਿਸ਼ੇਸ਼ ਕਦਮ ਚੁੱਕਿਆ ਜਾ ਰਿਹਾ ਹੈ। ਜਿਸ ਵਿੱਚ ਡਰਾਈਵਿੰਗ ਟੈਸਟ ਪਾਸ ਕਰਨ ਤੋਂ ਕੁਝ ਸਮੇਂ ਬਾਅਦ ਹੀ ਮੌਕੇ ਤੇ ਡਰਾਈਵਿੰਗ ਲਾਈਸੈਂਸ ਜਾਰੀ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਟਰਾਂਸਪੋਰਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨੇ ਜਗ ਬਾਣੀ ਨਾਲ ਆਪਣੇ ਗ੍ਰਹਿ ਵਿਖੇ ਵਿਸ਼ੇਸ਼ ਗੱਲਬਾਤ ਕਰਦਿਆਂ ਸਾਂਝੀ ਕੀਤੀ।
ਟਰਾਂਸਪੋਰਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਦੇ ਨਾਲ ਹੀ ਭਰਿਸ਼ਟਾਚਾਰ ਦੇ ਖਿਲਾਫ ਪਹਿਲਾ ਕਦਮ ਚੁੱਕਿਆ ਗਿਆ ਸੀ। ਜਿਸ ਦੇ ਚਲਦਿਆਂ ਸਰਕਾਰੀ ਦਫਤਰਾਂ ਵਿੱਚ ਭਰਿਸ਼ਟਾਚਾਰ ਦੇ ਖਿਲਾਫ ਵੱਡੇ ਪੱਧਰ ਉੱਪਰ ਕਾਮਯਾਬੀ ਪ੍ਰਾਪਤ ਹੋਈ ਹੈ। ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਬੀਤੇ ਸਮੇਂ ਦੌਰਾਨ ਰੀਜਨਲ ਟਰਾਂਸਪੋਰਟ ਅਥਾਰਟੀ ਦਫਤਰਾਂ ਵਿੱਚ ਏਜੰਟ ਰਾਜ ਨੂੰ ਖਤਮ ਕਰਦੇ ਹੋਏ ਵੱਡੀ ਗਿਣਤੀ ਦੌਰਾਨ ਭ੍ਰਿਸ਼ਟ ਕਰਮਚਾਰੀਆਂ ਉੱਪਰ ਨਕੇਲ ਪਾਈ ਗਈ ਹੈ।
ਮੰਤਰੀ ਲਾਲਜੀਤ ਭੁੱਲਰ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਲੋਕਾਂ ਨੂੰ ਘਰ ਬੈਠੇ ਹੀ ਲਰਨਿੰਗ ਲਾਈਸੈਂਸ ਬਣਵਾਉਣ ਦੀ ਸੁਵਿਧਾ ਪਹਿਲਾਂ ਤੋਂ ਹੀ ਦੇ ਦਿੱਤੀ ਗਈ ਹੈ ਜਦਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੱਕੇ ਤੌਰ ਉੱਪਰ ਬਣਾਏ ਜਾਣ ਵਾਲੇ ਡਰਾਈਵਿੰਗ ਲਾਈਸੈਂਸ ਦੌਰਾਨ ਹੋਣ ਵਾਲੀ ਖੱਜਲ ਖੁਵਾਰੀ ਨੂੰ ਵੀ ਖਤਮ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦਿਆਂ ਸੰਬੰਧਿਤ ਡਰਾਈਵਿੰਗ ਲਾਈਸੈਂਸ ਬਣਵਾਉਣ ਵਾਲੇ ਵਿਅਕਤੀ ਦਾ ਟਰੈਕ ਉੱਪਰ ਪੂਰੀ ਪਾਰਦਰਸ਼ਤਾ ਨਾਲ ਟੈਸਟ ਪਾਸ ਹੋਣ ਤੋਂ ਬਾਅਦ ਅੱਧੇ ਘੰਟੇ ਉਪਰੰਤ ਲਾਈਸੈਂਸ ਮੌਕੇ ਤੇ ਹੀ ਜਾਰੀ ਕਰਨ ਦੀ ਪ੍ਰਕਿਰਿਆ ਲਗਭਗ ਮੁਕੰਮਲ ਹੋ ਚੁੱਕੀ ਹੈ ਜਿਸ ਨੂੰ ਜਲਦ ਹੀ ਅਮਲੀ ਜਾਮਾ ਪਹਿਨਾ ਦਿੱਤਾ ਜਾਵੇਗਾ।
ਮੰਤਰੀ ਭੁੱਲਰ ਨੇ ਅੱਗੇ ਦੱਸਿਆ ਕਿ ਮੁਹਾਲੀ ਦੀ ਤਰਜ ਉੱਪਰ ਹਾਈ ਟੇਕ ਕੈਮਰੇ ਡਰਾਈਵਿੰਗ ਟਰੈਕ ਉੱਪਰ ਲਗਾਏ ਜਾਣਗੇ ਤਾਂ ਜੋ ਇਸ ਗੱਲ ਦੀ ਪੁਸ਼ਟੀ ਹੋ ਸਕੇ ਕਿ ਡਰਾਈਵਿੰਗ ਲਾਈਸੈਂਸ ਬਣਵਾਉਣ ਵਾਲਾ ਵਿਅਕਤੀ ਹੀ ਟਰਾਇਲ ਦੇ ਰਿਹਾ ਹੈ, ਕਿਉਂਕਿ ਕਈ ਵਾਰ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਸਨ ਕੀ ਅਸਲ ਡਰਾਈਵਿੰਗ ਟੈਸਟ ਦੇਣ ਵਾਲਾ ਵਿਅਕਤੀ ਘਰ ਬੈਠਾ ਹੁੰਦਾ ਹੈ ਅਤੇ ਉਸ ਦੀ ਜਗ੍ਹਾ ਫਰਜ਼ੀ ਵਿਅਕਤੀ ਵੱਲੋਂ ਟੈਸਟ ਨੂੰ ਮਿਲੀ ਭੁਗਤ ਰਾਹੀਂ ਪਾਸ ਕਰਵਾ ਲਿਆ ਜਾਂਦਾ ਸੀ। ਅਜਿਹੇ ਹਾਈਟੈਕ ਕੈਮਰੇ ਪੰਜਾਬ ਦੇ ਸਾਰੇ ਡਰਾਈਵਿੰਗ ਟਰੈਕ ਵਿੱਚ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਨਵੀਂ ਪ੍ਰਕਿਰਿਆ ਦੌਰਾਨ ਆਰ.ਟੀ.ਏ ਦਫਤਰਾਂ ਵਿੱਚ ਹੀ ਆਰਸੀਆਂ ਜਾਰੀ ਕੀਤੇ ਜਾਣ ਦਾ ਕੰਮ ਵੀ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ।
ਦੇਸ਼-ਵਿਦੇਸ਼ ’ਚ ਗੱਤਕੇ ਦੇ ਜ਼ੌਹਰ ਦਿਖਾਉਣ ਵਾਲੇ ਚਾਰ ਸਾਲਾ ਬੱਚੇ ਨੂੰ ਜਥੇ. ਗੜਗੱਜ ਨੇ ਕੀਤਾ ਸਨਮਾਨਿਤ
NEXT STORY