ਟਾਂਡਾ ਉੜਮੁੜ (ਪੰਡਿਤ ਵਰਿੰਦਰ)—ਪ੍ਰਵਾਸੀ ਪੰਜਾਬੀਆਂ ਵੱਲੋਂ ਪੰਜਾਬ 'ਚ ਮਿੱਟੀ ਦੇ ਮੋਹ ਦੇ ਚਲਦਿਆਂ ਸਮਾਜਿਕ ਵਿਕਾਸ ਅਤੇ ਲੋਕ ਸੇਵਾ ਦੇ ਅਨੇਕਾਂ ਮਿਸਾਲੀ ਕੰਮਾਂ ਦੀ ਕੜੀ 'ਚ ਪਿੰਡ ਦੇਹਰੀਵਾਲ ਨਾਲ ਸੰਬੰਧਿਤ ਪ੍ਰਵਾਸੀ ਪੰਜਾਬੀ ਨੇ ਮਿਸਾਲ ਬਣਾਈ ਹੈ। ਕੈਨੇਡਾ ਦੇ ਸਰੀ 'ਚ ਸਫਲ ਕਾਰੋਬਾਰੀ ਜਵਾਹਰ ਸਿੰਘ ਪੱਡਾ ਨੇ ਇਨਸਾਨੀਅਤ ਦੀ ਖਿਦਮਤ ਦਾ ਬੀੜਾ ਚੁੱਕਦਿਆਂ ਆਪਣੇ ਪਿੰਡ 'ਚ ਆਪਣੇ ਦਾਦਾ ਭਾਈ ਘਨੱਈਆ ਸਿੰਘ ਪੱਡਾ ਦੀ ਯਾਦ 'ਚ 100 ਬੈੱਡ ਵਾਲੇ ਬਿਰਧ ਆਸ਼ਰਮ ਬਣਾਉਣ ਦਾ ਮਿਸ਼ਨ ਸ਼ੁਰੂ ਕੀਤਾ ਹੈ, ਜਿਸ 'ਤੇ ਕਰੋੜਾ ਰੁਪਏ ਖਰਚ ਆਉਣਗੇ ਅਤੇ ਪੱਡਾ ਇਸ ਮਿਸ਼ਨ 'ਚ ਪਿੰਡ 'ਚ ਆਪਣੀ ਜਾਇਦਾਦ ਆਸ਼ਰਮ ਲਈ ਦੇਣ ਦੇ ਨਾਲ-ਨਾਲ ਕੈਨੇਡਾ 'ਚ ਆਪਣੇ ਲੱਖਾਂ ਡਾਲਰ ਦੇ ਵਪਾਰ ਦੇ ਸਲਾਨਾ ਮੁਨਾਫ਼ੇ ਦਾ 50 ਫ਼ੀਸਦੀ ਇਸ ਸੇਵਾ 'ਚ ਲਾਉਣਗੇ। ਪਿੰਡ 'ਚ ਹੋਏ ਧਾਰਮਿਕ ਸਮਾਗਮ 'ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਾਹਿਬ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਪਿੰਡ ਦੇ ਬਜ਼ੁਰਗਾਂ ਅਤੇ ਪੰਥ ਪ੍ਰਸਿੱਧ ਕੀਰਤਨੀਏ ਭਾਈ ਦਵਿੰਦਰ ਸਿੰਘ ਸੋਢੀ ਨੇ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ 'ਚ ਬਿਰਧ ਆਸ਼ਰਮ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਪ੍ਰਵਾਸੀ ਭਾਰਤੀ ਜਵਾਹਰ ਸਿੰਘ ਪੱਡਾ ਨੇ ਦੱਸਿਆ ਕੇ ਕੁਝ ਦਿਨ ਪਹਿਲਾ ਹੀ ਉਨ੍ਹਾਂ ਨੂੰ 'ਵਾਹਿਗੁਰੂ' ਨੇ ਅੰਮ੍ਰਿਤ ਦੀ ਦਾਤ ਬਖਸ਼ੀ ਹੈ ਅਤੇ ਉਹ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਸਰਾ ਲੈ ਕੇ ਆਪਣੇ ਸਵਰਗਵਾਸੀ ਮਾਤਾ ਪਿਤਾ ਜਗਦੀਸ਼ ਸਿੰਘ ਅਤੇ ਰਣਜੀਤ ਕੌਰ ਦੀ ਪ੍ਰੇਰਨਾ ਨਾਲ ਬਿਰਧ ਆਸ਼ਰਮ ਦੇ ਇਸ ਸੇਵਾ ਮਿਸ਼ਨ ਨੂੰ ਜਲਦ ਪੂਰਾ ਕਰਨਗੇ ਅਤੇ ਪਹਿਲੇ ਪੜ੍ਹਾਅ 'ਚ ਬਜ਼ੁਰਗਾਂ ਲਈ 100 ਬੈੱਡ ਦੀ ਸਹੂਲਤ ਹੋਵੇਗੀ, ਜਿਸ ਦਾ ਬਾਅਦ 'ਚ ਵਿਸਤਾਰ ਕੀਤਾ ਜਾਵੇਗਾ। ਇਸ ਮੌਕੇ ਇਲਾਕਾ ਵਾਸੀਆਂ ਨੇ ਪੱਡਾ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ।
ਭ੍ਰਿਸ਼ਟਾਚਾਰ ਖਤਮ ਕਰਨ ਲਈ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜੀਆਂ ਜਾਣਗੀਆਂ : ਬੈਂਸ ਭਰਾ
NEXT STORY