ਜਲੰਧਰ, (ਗੁਲਸ਼ਨ)- ਜੇਕਰ ਤੁਸੀਂ ਟਰੇਨ ਵਿਚ ਕਿਸੇ ਲੰਬੇ ਸਫਰ 'ਤੇ ਜਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਕਿ ਹੁਣ ਠੰਡ ਦੇ ਮੌਸਮ ਵਿਚ ਤੁਹਾਨੂੰ ਖੁਦ ਹੀ ਬਚਾਅ ਕਰਨਾ ਪਵੇਗਾ, ਕਿਉਂਕਿ ਆਉਣ ਵਾਲੇ ਦਿਨਾਂ ਵਿਚ ਟਰੇਨਾਂ ਦੇ ਏ. ਸੀ. ਕੋਚ ਵਿਚ ਕੰਬਲ ਨਹੀਂ ਮਿਲੇਗਾ। ਜ਼ਿਕਰਯੋਗ ਹੈ ਕਿ ਰੇਲਵੇ ਨੂੰ ਹਰ ਮਹੀਨੇ ਏ. ਸੀ. ਕੋਚ ਵਿਚ ਗੰਦੇ ਕੰਬਲ ਮਿਲਣ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ, ਜਿਸ ਤੋਂ ਬਾਅਦ ਰੇਲਵੇ ਨੇ ਇਹ ਫੈਸਲਾ ਲਿਆ ਹੈ।
ਕੰਬਲ ਦੀ ਥਾਂ ਮਿਲਣਗੇ ਸ਼ਾਲ- ਸੂਤਰਾਂ ਮੁਤਾਬਕ ਰੇਲਵੇ ਨੇ ਹੁਣ ਏ. ਸੀ. ਕੋਚ ਵਿਚ ਕੰਬਲ ਦੀ ਜਗ੍ਹਾ ਗਰਮ ਸ਼ਾਲ ਦੇਣ ਦਾ ਫੈਸਲਾ ਕੀਤਾ ਹੈ, ਜਿਸ ਨੂੰ ਰੇਲਵੇ ਨੇ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕਰਵਾਇਆ ਹੈ। ਯਾਤਰੀ ਅਕਸਰ ਕੰਬਲ ਗੰਦਾ ਹੋਣ ਦੀਆਂ ਸ਼ਿਕਾਇਤਾਂ ਕਰਦੇ ਸਨ, ਉਥੇ ਹੀ ਰੇਲਵੇ ਦਾ ਤਰਕ ਹੈ ਕਿ ਕੰਬਲ ਦੀ ਧੁਆਈ ਵਿਚ ਉਨ੍ਹਾਂ ਨੂੰ ਜ਼ਿਆਦਾ ਪੈਸੇ ਖਰਚ ਕਰਨੇ ਪੈਂਦੇ ਹਨ। ਇਸ ਲਈ ਇਨ੍ਹਾਂ ਦੀ ਸਮੇਂ 'ਤੇ ਧੁਆਈ ਨਹੀਂ ਹੁੰਦੀ। ਗਰਮ ਸ਼ਾਲ ਨੂੰ ਜਿਥੇ ਸੰਭਾਲਣ ਵਿਚ ਆਸਾਨੀ ਹੋਵੇਗੀ, ਉਥੇ ਹੀ ਉਸ ਦੀ ਧੁਆਈ ਦਾ ਖਰਚਾ ਵੀ ਘੱਟ ਹੋਵੇਗਾ।
ਹਰ ਮਹੀਨੇ ਹੋਣੀ ਚਾਹੀਦੀ ਕੰਬਲਾਂ ਦੀ ਧੁਆਈ- ਰੇਲਵੇ ਨਿਯਮ ਮੁਤਾਬਕ ਹਰ ਮਹੀਨੇ ਕੰਬਲਾਂ ਦੀ ਧੁਆਈ ਹੋਣੀ ਚਾਹੀਦੀ ਹੈ। ਮੋਟੇ ਕੰਬਲਾਂ ਨੂੰ ਧੋਣ ਤੇ ਸੁਕਾਉਣ ਵਿਚ ਕਾਫੀ ਮੁਸ਼ਕਲਾਂ ਆਉਂਦੀਆਂ ਹਨ ਅਤੇ ਟਰੇਨਾਂ ਵਿਚ ਉਨ੍ਹਾਂ ਨੂੰ ਰੱਖਣ ਵਿਚ ਵੀ ਪਰੇਸ਼ਾਨੀ ਹੁੰਦੀ ਹੈ। ਇਸ ਲਈ ਕਈ ਵਾਰ 6-6 ਮਹੀਨੇ ਤਕ ਕੰਬਲਾਂ ਦੀ ਧੁਆਈ ਨਹੀਂ ਹੁੰਦੀ ਸੀ। ਹੁਣ ਰੇਲਵੇ ਨੇ ਪਤਲੇ ਤੇ ਮਖਮਲੀ ਸ਼ਾਲ ਤਿਆਰ ਕਰਵਾਏ ਹਨ, ਜੋ ਕਿ ਕਾਫੀ ਗਰਮ ਹਨ। ਫਿਲਹਾਲ ਇਨ੍ਹਾਂ ਦਾ ਟਰਾਇਲ ਦਿੱਲੀ, ਮੁੰਬਈ, ਚੇਨਈ ਰੂਟ 'ਤੇ ਚੱਲਣ ਵਾਲੀਆਂ ਟਰੇਨਾਂ ਵਿਚ ਕੀਤਾ ਜਾਣਾ ਹੈ।
ਏ. ਸੀ. ਕੋਚ ਦਾ ਵਧਾਇਆ ਜਾ ਸਕਦਾ ਹੈ ਟੈਂਪਰੇਚਰ- ਦੂਜੇ ਪਾਸੇ ਜਾਣਕਾਰਾਂ ਦਾ ਕਹਿਣਾ ਹੈ ਕਿ ਏ. ਸੀ. ਕੋਚ ਦੇ ਟੈਂਪਰੇਚਰ ਨੂੰ ਵਧਾਇਆ ਜਾ ਸਕਦਾ ਹੈ, ਤਾਂ ਕਿ ਕੰਬਲ ਦੀ ਬਜਾਏ ਸ਼ਾਲ ਨਾਲ ਵੀ ਗੁਜ਼ਾਰਾ ਹੋ ਸਕੇ। ਟਰੇਨ ਦੇ ਏ. ਸੀ. ਕੋਚ ਵਿਚ ਕਰੀਬ 19 ਡਿਗਰੀ ਟੈਂਪਰੇਚਰ ਹੁੰਦਾ ਹੈ, ਜਿਸ ਨੂੰ ਵਧਾ ਕੇ 24 ਡਿਗਰੀ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਟੈਂਪਰੇਚਨ ਵਧਣ ਨਾਲ ਕੋਚ ਵਿਚ ਕੂਲਿੰਗ ਘਟ ਹੋਵੇਗੀ। ਜ਼ਿਆਦਾ ਕੂਲਿੰਗ ਨਾ ਹੋਣ ਨਾਲ ਕੰਬਲ ਦੀ ਬਜਾਏ ਸ਼ਾਲ ਨਾਲ ਵੀ ਗੁਜ਼ਾਰਾ ਹੋ ਜਾਵੇਗਾ।
'ਖੂਨੀ ਡੋਰ' ਦੀ ਲਪੇਟ 'ਚ ਆਉਣ ਨਾਲ 5 ਜ਼ਖਮੀ
NEXT STORY