ਫਿਰੋਜ਼ਪੁਰ (ਸ਼ੈਰੀ) – ਜਿਥੇ ਪੰਜਾਬ ਦੀ ਨੌਜਵਾਨ ਪੀਡ਼੍ਹੀ ਦੀਆਂ ਮਿਸਾਲਾਂ ਦੇਸ਼-ਵਿਦੇਸ਼ ’ਚ ਦਿੱਤੀਆਂ ਜਾਂਦੀਆਂ ਸਨ ਕਿ ਪੰਜਾਬ ਦੀ ਜਵਾਨੀ ਨੇ ਹਰ ਥਾਂ ’ਤੇ ਮੱਲਾਂ ਹੀ ਨਹੀਂ ਮਾਰੀਆਂ ਸਗੋਂ ਇਤਿਹਾਸ ਵੀ ਕਾਇਮ ਕੀਤੇ ਹਨ। ਭਾਵੇਂ ਜੰਗ ਦਾ ਮੈਦਾਨ ਹੋਵੇ ਜਾਂ ਫਿਰ ਸ਼ਹੀਦੀਆਂ ਦੀਆਂ ਮਿਸਾਲਾਂ, ਉਹ ਪੰਜਾਬ ਦੇ ਨਾਂ ਆਈਆਂ ਹਨ ਪਰ ਪੰਜਾਬ ’ਚ ਜੇਕਰ ਪਹਿਲਾਂ ਵਾਲੇ ਨੌਜਵਾਨਾਂ ਦੀਆਂ ਮਿਸਾਲਾਂ ’ਤੇ ਹੁਣ ਵਾਲੇ ਸਮੇਂ ਦੇ ਨੌਜਵਾਨਾਂ ਦੀ ਗੱਲ ਕੀਤੀ ਜਾਵੇ ਤਾਂ ਲੱਖਾਂ-ਕੋਹਾਂ ਦਾ ਫਰਕ ਪੈ ਚੁੱਕਾ ਹੈ ਕਿਉਂਕਿ ਪੰਜਾਬ ਦੀ ਨੌਜਵਾਨ ਪੀਡ਼੍ਹੀ ਨੂੰ ਸੂਬੇ ’ਚ ਵਹਿ ਰਹੇ ਨਸ਼ਿਆਂ ਦੇ ਦਰਿਆ ਨੇ ਆਪਣੀ ਲਪੇਟ ਵਿਚ ਪੂਰੀ ਤਰ੍ਹਾਂ ਜਕਡ਼ ਲਿਆ ਹੈ। ਇਸ ਦੇ ਨਤੀਜੇ ਵੀ ਬਹੁਤ ਹੀ ਮਾਡ਼ੇ ਸਾਹਮਣੇ ਆ ਰਹੇ ਹਨ।
ਸਰਕਾਰਾਂ ਵੀ ਨਸ਼ਿਆਂ ਨੂੰ ਪੰਜਾਬ ’ਚੋਂ ਕੱਢਣ ’ਚ ਨਾ-ਕਾਮਯਾਬ ਰਹੀਆਂ
ਸਮੇਂ ਦੀਆਂ ਸਰਕਾਰਾਂ ਵੀ ਨਸ਼ਿਆਂ ਨੂੰ ਪੰਜਾਬ ’ਚੋਂ ਕੱਢਣ ’ਚ ਨਾ-ਕਾਮਯਾਬ ਹੋਈਆਂ ਹਨ ਅਤੇ ਆਏ ਦਿਨੀਂ ਹੀ ਨਸ਼ਿਆਂ ’ਚ ਵਾਧਾ ਹੋ ਰਿਹਾ ਹੈ। ਭਾਵੇਂ ਕਿ ਪੰਜਾਬ ’ਚ ਨਵੀਂ ਬਣੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਸੂਬੇ ’ਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਸਰਕਾਰ ਬਣਨ ਤੋਂ ਪਹਿਲਾਂ ਹੀ ਇਹ ਬਿਆਨ ਦਿੱਤਾ ਸੀ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ ਅਤੇ ਪੰਜਾਬ ਦੀ ਪੁਲਸ ਨੂੰ ਸਖਤ ਹਦਾਇਤਾਂ ਹੀ ਨਹੀਂ ਸਗੋਂ ਲਾਪ੍ਰਵਾਹੀ ਵਰਤਣ ਵਾਲੇ ਪੁਲਸ ਅਧਿਕਾਰੀਆਂ ’ਤੇ ਕਾਰਵਾਈ ਕੀਤੀ ਜਾਵੇਗੀ। ਸਰਕਾਰ ਨੇ ਇਨ੍ਹਾਂ ਬਿਆਨਾਂ ਤੇ ਸਖਤ ਹਦਾਇਤਾਂ ਕਾਰਨ ਲੋਕਾਂ ਨੂੰ ਇਕ ਵਾਰ ਇਹ ਤਾਂ ਜ਼ਰੂਰ ਲੱਗਾ ਕਿ ਪੰਜਾਬ ਨੂੰ ਇਹ ਸਰਕਾਰ ਨਸ਼ਾ ਮੁਕਤ ਕਰਵਾ ਦੇਵੇਗੀ ਪਰ ਅਸਲ ’ਚ ਹੋਇਆ ਕੁਝ ਵੀ ਨਹੀਂ ਕਿਉਂਕਿ ਜਿਸ ਤਰ੍ਹਾਂ ਪੰਜਾਬ ਦੀ ਜਨਤਾ ਨਾਲ ਪਹਿਲਾਂ ਵਾਂਗ ਸਰਕਾਰਾਂ ਵਾਅਦੇ ਕਰਦੀਆਂ ਸਨ ਤੇ ਬਿਆਨਾਂ ਤੱਕ ਹੀ ਸੀਮਿਤ ਰਹਿੰਦੀਆਂ ਸਨ, ਉਸੇ ਤਰ੍ਹਾਂ ਅੱਜ ਵੀ ਪੰਜਾਬ ’ਚ ਹੋ ਰਿਹਾ ਹੈ। ਸਰਕਾਰ ਨੂੰ ਖੁਸ਼ ਕਰਨ ਲਈ ਪੰਜਾਬ ਦੇ ਹਰ ਜ਼ਿਲੇ ’ਚ ਜ਼ਿਲਾ ਪੁਲਸ ਮੁਖੀਆਂ ਵੱਲੋਂ ਪੂਰੀ ਤਰ੍ਹਾਂ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ ਕਿ ਨਸ਼ਿਆਂ ਖਿਲਾਫ ਮੁਹਿੰਮ ਹਰ ਥਾਣਾ ਚਲਾਵੇ।
ਥਾਣਾ ਮੁਖੀ ਵੀ ਜ਼ਿਲਿਆਂ ਦੇ ਮੁਖੀਆਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਪੋ-ਆਪਣੇ ਥਾਣਿਆਂ ਅੰਦਰ ਗਿਣਤੀ ਤਹਿਤ ਨਸ਼ੇ ਦੇ ਕੇਸ ਦਰਜ ਕਰਦੇ ਹਨ ਤੇ ਬਿਆਨ ਦਿੰਦੇ ਹਨ ਕਿ ਫਲਾਣੇ ਵਿਅਕਤੀ ਕੋਲੋਂ ਨਸ਼ੇ ਵਾਲਾ ਪਾਊਡਰ ਬਰਾਮਦ ਕਰ ਕੇ ਉਸ ’ਤੇ ਕੇਸ ਦਰਜ ਕੀਤਾ ਗਿਆ ਹੈ। ਜੇ ਗੱਲ ਕੀਤੀ ਜਾਵੇ ਤਾਂ ਸਰਹੱਦੀ ਖੇਤਰ ਦੇ ਘਰਾਂ ਦੇ ਘਰ ਨਸ਼ਿਆਂ ਦੀ ਲਪੇਟ ’ਚ ਆ ਚੁੱਕੇ ਹਨ। ਕਈ ਨੌਜਵਾਨਾਂ ਨੂੰ ਨਸ਼ਿਆਂ ਦੇ ਜ਼ਾਲਮ ਪੰਜਿਆਂ ਨੇ ਜਕਡ਼ ਕੇ ਮੌਤ ਦੇ ਮੂੰਹ ’ਚ ਖਡ਼ਿਆ ਹੈ । ਪੁਲਸ ਨਸ਼ਾ ਸਮੱਗਲਰਾਂ ਨੂੰ ਕਾਬੂ ਕਰਨ ’ਚ ਨਾ-ਕਾਮਯਾਬ ਹੋ ਰਹੀ ਹੈ। ਇਸ ਸਰਹੱਦੀ ਖੇਤਰ ’ਚ ਖਾਲੀ ਪਈਆਂ ਸਰਕਾਰੀ ਇਮਾਰਤਾਂ ਵੀ ਨਸ਼ਾ ਸਮੱਗਲਰਾਂ ਲਈ ਅੱਡਿਆਂ ਦਾ ਕੰਮ ਕਰ ਰਹੀਆਂ ਹਨ।
ਕਰਿਆਨੇ ਦੀ ਦੁਕਾਨ ’ਚੋਂ ਇਕ ਲੱਖ ਦਾ ਸਾਮਾਨ ਚੋਰੀ
NEXT STORY