ਪੱਟੀ, (ਸੌਰਭ)- ਬੀਤੀ ਰਾਤ ਪੱਟੀ ਦੀ ਵਾਰਡ ਨੰਬਰ 7 ਦੇ ਵਸਨੀਕ ਸਤਨਾਮ ਸਿੰਘ ਸੋਹਲ ਪੁੱਤਰ ਬਗੀਚਾ ਸਿੰਘ ਦੇ ਘਰ ’ਚ ਦਾਖਲ ਹੋ ਕੇ ਕੁਝ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ, ਜਿਸ ਵਿਚ ਉਸ ਦੀ ਭੈਣ ਮਨਜੀਤ ਕੌਰ ਤੇ ਜੀਜਾ ਜਗਬੀਰ ਸਿੰਘ ਗੰਭੀਰ ਜ਼ਖਮੀ ਹੋ ਗਏ ਅਤੇ ਉਸ ਦੀ ਮਾਤਾ ਦੇ ਖਿਚ-ਧੂਹ ਵਿਚ ਕਪਡ਼ੇ ਵੀ ਪਾਟ ਗਏ।
ਸਤਨਾਮ ਸਿੰਘ ਸੋਹਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਘਰ ਦੇ ਨੇਡ਼ੇ ਬਾਬਾ ਚੁੱਪ ਸ਼ਾਹ ਦੀ ਦਰਗਾਹ ਦੇ ਕਿਸੇ ਸਮਾਗਮ ਸਬੰਧੀ ਮੀਟਿੰਗ ਕਰ ਰਹੇ ਸੀ ਅਤੇ ਅਚਾਨਕ ਉਸ ਦੇ ਘਰੋਂ ਉਸ ਨੂੰ ਕੁਝ ਵਿਅਕਤੀਆਂ ਵੱਲੋਂ ਕੀਤੇ ਗਏ ਹਮਲੇ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਆਪਣੇ ਮੈਂਬਰਾਂ ਨਾਲ ਘਰ ਵੱਲ ਦੌਡ਼ ਕੇ ਆਇਆ ਤਾਂ ਦੇਖਿਆ ਕਿ ਘਰ ਅੰਦਰ ਕਈ ਚੀਜ਼ਾਂ ਦੀ ਭੰਨ-ਤੋਡ਼ ਕੀਤੀ ਹੋਈ ਹੈ ਅਤੇ ਉਸ ਦੀ ਭੈਣ ਮਨਜੀਤ ਕੌਰ ਅਤੇ ਜੀਜਾ ਜਗਬੀਰ ਸਿੰਘ ਗੰਭੀਰ ਜ਼ਖਮੀ ਪਏ ਹਨ, ਜਿਸ ਦੀ ਸੂਚਨਾ ਤੁਰੰਤ ਥਾਣਾ ਪੱਟੀ ਵਿਖੇ ਦਿੱਤੀ ਗਈ ਅਤੇ ਜ਼ਖਮੀ ਭੈਣ ਅਤੇ ਜੀਜੇ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ।
ਉਸ ਨੇ ਦੱਸਿਆ ਕਿ ਇਹ ਹਮਲਾ ਚੱਲ ਰਹੀ ਪੁਰਾਣੀ ਰੰਜਿਸ਼ ਤਹਿਤ ਕੀਤਾ ਗਿਆ ਹੈ। ਇਸ ਵਿਚ ਉਸ ਦੀ ਭੈਣ ਦੇ ਚਾਚੇ ਸਹੁਰੇ ਪਰਿਵਾਰ ਅਤੇ ਉਸ ਦੀ ਭੈਣ ਦੇ ਸਹੁਰੇ ਪਿੰਡ ਵਰਪਾਲ ਫੌਜਾ ਸਿੰਘ ਵਾਲਾ ਵਿਖੇ ਘਰ ਦੇ ਗੁਆਂਢੀ ਸ਼ਾਮਲ ਹਨ। ਕੁਝ ਦਿਨ ਪਹਿਲਾਂ ਉਹ ਇਕ ਕੇਸ ਦੇ ਕਾਰਨ ਆਪਣੀ ਭੈਣ ਅਤੇ ਜੀਜੇ ਨੂੰ ਮਿਲ ਰਹੀਆਂ ਧਮਕੀਆਂ ਤੋਂ ਡਰ ਕੇ ਉਨ੍ਹਾਂ ਨੂੰ ਆਪਣੇ ਕੋਲ ਪੱਟੀ ਲੈ ਆਏ ਸਨ। ਉਸ ਨੇ ਦੱਸਿਆ ਕਿ ਹਮਲਾਵਰਾਂ ਵੱਲੋਂ ਰੰਜਿਸ਼ ਤਹਿਤ ਪਹਿਲਾਂ ਵੀ ਉਸ ਦੀ ਭੈਣ ਅਤੇ ਉਸ ਦੇ ਖਿਲਾਫ ਝੂਠਾ ਪਰਚਾ ਦਰਜ ਕਰਵਾਇਆ ਹੋਇਆ ਹੈ, ਜਿਸ ਦੀ ਇਨਕੁਆਰੀ ਲਈ ਦਰਖਾਸਤ ਆਈ. ਜੀ. ਪੁਲਸ ਬਾਰਡਰ ਰੇਂਜ ਅੰਮ੍ਰਿਤਸਰ ਨੂੰ ਦਿੱਤੀ ਹੋਈ ਹੈ। ਲਵਾਈ ਗਈ ਇਨਕੁਆਰੀ ਤੋਂ ਖਿਝ ਕੇ ਹਮਲਾਵਰਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।
ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਮਨਜੀਤ ਕੌਰ ਅਤੇ ਜਗਬੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਪੱਟੀ ਘਰ ਦੇ ਬਰਾਂਡੇ ਵਿਚ ਬੈਠੇ ਹੋਏ ਸਨ ਅਤੇ ਅਚਾਨਕ ਦਰਵਾਜ਼ਾ ਖਡ਼ਕਣ ਦੀ ਆਵਾਜ਼ ਸੁਣ ਕੇ ਜਦੋਂ ਵੇਖਣ ਲਈ ਅੱਗੇ ਹੋਏ ਤਾਂ 7 ਤੋਂ 10 ਹਮਲਾਵਰਾਂ ਨੇ ਉਨ੍ਹਾਂ ਉਪਰ ਤੇਜ਼ਧਾਰ ਹਥਿਆਰਾਂ ਸਮੇਤ ਹਮਲਾ ਕਰ ਦਿੱਤਾ ਅਤੇ ਸੱਟਾਂ ਲਾ ਦਿੱਤੀਆਂ।
ਆਪਣੀ ਜਾਣ ਬਣਾਉਣ ਲਈ ਜਦੋਂ ਅੰਦਰ ਨੂੰ ਦੌਡ਼ਨ ਲਗੇ ਤਾਂ ਹਮਲਾਵਰਾਂ ਵੱਲੋਂ ਰਸੋਈ ਤੇ ਘਰ ਦੇ ਅੰਦਰਲੇ ਦਰਵਾਜ਼ਿਆਂ ਦੇ ਸ਼ੀਸ਼ੇ, ਜਾਲੀਆਂ ਆਦਿ ਕਈ ਵਸਤੂਆਂ ਦਾ ਨੁਕਸਾਨ ਕੀਤਾ ਗਿਆ। ਅਸੀਂ ਆਪਣੀ ਜਾਨ ਘਰ ਦੇ ਅੰਦਰਲੇ ਦਰਵਾਜ਼ੇ ਬੰਦ ਕਰ ਕੇ ਬਚਾਈ। ਐੱਸ. ਐੱਚ. ਓ. ਸਿਟੀ ਪੱਟੀ ਰਾਜੇਸ਼ ਕੱਕਡ਼ ਨੇ ਦੱਸਿਆ ਕਿ ਉਕਤ ਘਟਨਾ ਦੀ ਜਾਂਚ ਬਾਰੀਕੀ ਨਾਲ ਕੀਤੀ ਜਾ ਰਹੀ ਹੈ। ਜਾਂਚ ਮੁਕੰਮਲ ਹੋਣ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਦੁਕਾਨਾਂ ਅੱਗੇ ਖ਼ਡ਼੍ਹੇ ਗੰਦੇ ਪਾਣੀ ਤੋਂ ਦੁਕਾਨਦਾਰ ਪ੍ਰੇਸ਼ਾਨ
NEXT STORY