ਚੰਡੀਗੜ੍ਹ (ਬਿਊਰੋ) - ਸ਼੍ਰੋਮਣੀ ਅਕਾਲੀ ਦਲ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਇਕ ਵਿਅਕਤੀ ਦੇ ਕਤਲ ਸਬੰਧੀ ਕੀਤੇ ਗਏ ਕਬੂਲਨਾਮੇ ਸਬੰਧੀ ਵਿਵਾਦ 'ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਚੁੱਪੀ ਬਾਰੇ ਕਿਹਾ ਕਿ ਇਹ ਅਤਿ ਨਿੰਦਣਯੋਗ ਹੈ। ਅਕਾਲੀ ਦਲ ਨੇ ਨਵਜੋਤ ਸਿੱਧੂ ਨੂੰ ਤੁਰੰਤ ਮੰਤਰੀ ਮੰਡਲ 'ਚੋਂ ਬਰਖਾਸਤ ਕਰਨ ਦੀ ਮੰਗ ਮੁੜ ਦੁਹਰਾਈ ਹੈ। ਅਕਾਲੀ ਆਗੂਆਂ ਲੋਕ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਕਾਂਗਰਸ ਪਾਰਟੀ ਤੇ ਖਾਸ ਕਰਕੇ ਰਾਹੁਲ ਗਾਂਧੀ ਜਨਤਕ ਜੀਵਨ 'ਚ ਨੈਤਿਕਤਾ ਅਤੇ ਅਸੂਲਾਂ ਦੀਆਂ ਗੱਲਾਂ ਕਰਨ ਦੇ ਬਹੁਤ ਸ਼ੌਕੀਨ ਹਨ। ਕੀ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਨੂੰ ਦੱਸਣਗੇ ਕਿ ਉਹ ਸਿੱਧੂ ਖ਼ਿਲਾਫ ਕਾਰਵਾਈ ਕਿਉਂ ਨਹੀਂ ਕਰ ਰਹੇ ਹਨ? ਉਨ੍ਹਾਂ ਕਿਹਾ ਕਿ ਕੀ ਰਾਹੁਲ ਗਾਂਧੀ ਕਬੂਲਨਾਮੇ ਤੋਂ ਬਾਅਦ ਵੀ 'ਕਾਨੂੰਨਦਾਨ' ਦੀ ਕੁਰਸੀ 'ਤੇ ਸਿੱਧੂ ਨੂੰ ਬਿਠਾਈ ਰੱਖਣ ਦੇ ਹੱਕ ਵਿਚ ਹਨ? ਕੀ ਉਹ ਰਾਜਨੀਤੀ ਅੰਦਰ ਅਜਿਹੀਆਂ ਨਵੀਆਂ ਪਿਰਤਾਂ ਪਾਉਣੀਆਂ ਚਾਹੁੰਦੇ ਹਨ, ਜਿਨ੍ਹਾਂ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਦਾਅ 'ਤੇ ਲੱਗਣ?
ਆਮ ਆਦਮੀ ਪਾਰਟੀ ਵੱਲੋਂ ਸਿੱਧੂ ਮਾਮਲੇ 'ਤੇ ਧਾਰੀ ਚੁੱਪੀ ਨੂੰ ਇਕ ਡੂੰਘੀ ਚਾਲ ਕਰਾਰ ਦਿੰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਅਤੇ ਲੋਕ ਇਨਸਾਫ ਪਾਰਟੀ ਦੇ ਦੋਵੇਂ ਬੈਂਸ ਭਰਾ ਨਵਜੋਤ ਸਿੱਧੂ ਦੇ ਖ਼ਿਲਾਫ ਇਸ ਲਈ ਜ਼ੁਬਾਨ ਨਹੀਂ ਖੋਲ੍ਹ ਰਹੇ ਕਿਉਂਕਿ ਉਹ ਸਿੱਧੂ ਨੂੰ ਆਪਣੇ 'ਸੰਭਾਵੀ ਗਠਜੋੜ' ਦੇ ਭਾਈਵਾਲ ਵਜੋਂ ਵੇਖਦੇ ਹਨ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ 'ਆਪ' ਨੂੰ ਤੋੜਣਾ ਚਾਹੁੰਦਾ ਹੈ।
ਪ੍ਰੋ. ਬਡੂੰਗਰ ਕੋਈ ਪ੍ਰੇਸ਼ਾਨੀ ਨਾ ਖੜ੍ਹੀ ਕਰ ਦੇਣ!
NEXT STORY