ਫਿਰੋਜ਼ਪੁਰ (ਸੰਨੀ ਚੋਪੜਾ) : ਆਨਲਾਈਨ ਠੱਗਾਂ ਵੱਲੋਂ ਠੱਗੀ ਮਾਰਨ ਦੇ ਨਿੱਤ ਨਵੇਂ ਤਰੀਕੇ ਅਪਣਾਏ ਜਾ ਰਹੇ ਹਨ। ਇਹ ਠੱਗ ਕਦੇ ਬੈਂਕ ਅਧਿਕਾਰੀ, ਕਦੇ ਰਿਸ਼ਤੇਦਾਰ ਤੇ ਕਦੇ ਪੁਲਸ ਅਧਿਕਾਰੀ ਬਣ ਕੇ ਨਿੱਤ ਲੋਕਾਂ ਤੋਂ ਲੱਖਾਂ ਰੁਪਏ ਠੱਗ ਰਹੇ ਹਨ। ਤਾਜ਼ਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਸ਼ਹਿਰ ਦੇ ਨਮਕ ਮੰਡੀ ਚੌਂਕ ਦੇ ਨਜ਼ਦੀਕ ਸੈਂਟਰੀ ਹਾਰਡਵੇਅਰ ਦੀ ਦੁਕਾਨ ਕਰਦੇ ਦੀਪਕ ਗਰੋਵਰ ਨੇ ਦੱਸਿਆ ਕਿ ਉਸ ਨੂੰ ਮੋਬਾਇਲ 'ਤੇ ਇੱਕ ਫੋਨ ਆਇਆ। ਫੋਨ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਉਹ ਸਥਾਨਕ ਗਊਸ਼ਾਲਾ ਦਾ ਪੰਡਿਤ ਬੋਲ ਰਿਹਾ ਅਤੇ ਉਸ ਨੇ ਗਊਸ਼ਾਲਾ ਲਈ ਕੁੱਝ ਸਮਾਨ ਆਰਡਰ ਕਰਨਾ ਹੈ। ਦੁਕਾਨਦਾਰ ਨੇ ਦੱਸਿਆ ਕਿ ਸਮਾਨ ਦੇ ਪੈਸੇ ਉਕਤ ਵਿਅਕਤੀ ਵੱਲੋਂ ਉਸ ਨੂੰ ਆਨਲਾਈਨ ਭੇਜ ਦਿੱਤੇ ਗਏ ਅਤੇ ਉਸ ਨੂੰ ਆਨਲਾਈਨ ਪੈਮੇਂਟ ਹੋਣ ਦਾ ਇੱਕ ਮੈਸਜ ਵੀ ਭੇਜ ਦਿੱਤਾ।
ਦੁਕਾਨਦਾਰ ਨੇ ਦੱਸਿਆ ਕਿ ਪੰਡਿਤ ਬਣੇ ਠੱਗ ਨੇ ਦੁਬਾਰਾ ਫਿਰ ਮੋਬਾਇਲ ਫੋਨ 'ਤੇ ਕਹਿ ਦਿੱਤਾ ਕਿ ਗਲਤੀ ਨਾਲ ਆਪ ਨੂੰ 2100 ਦੀ ਜਗ੍ਹਾ 21000 ਸੈਂਡ ਹੋ ਗਏ ਹਨ ਤਾਂ ਤੁਸੀਂ ਬਾਕੀ ਪੈਸੇ ਵਾਪਸ ਪਾ ਦਿਓ। ਦੁਕਾਨਦਾਰ ਨੇ ਸ਼ਰਾਫ਼ਤ ਦਿਖਾਉਂਦੇ ਹੋਏ 18900 ਰੁਪਏ ਤੁਰੰਤ ਉਸ ਨੂੰ ਵਾਪਸ ਪਾ ਦਿੱਤੇ। ਹੱਦ ਤਾਂ ਉਦੋਂ ਹੋ ਗਈ, ਜਦੋਂ ਠੱਗ ਨੇ ਦੁਬਾਰਾ ਫਿਰ ਦੁਕਾਨਦਾਰ ਨੂੰ ਇੱਕ ਬੱਚੇ ਦੀ ਫੋਟੋ ਭੇਜ ਇਮੋਸ਼ਨਲ ਕਰ ਕੇ ਹੋਰ ਪੈਸੇ ਠੱਗਣ ਦੀ ਕੋਸ਼ਿਸ਼ ਕੀਤੀ ਪਰ ਅਣਭੋਲ ਦੁਕਾਨਦਾਰ ਪੈਸੇ ਸੈਂਡ ਹੀ ਕਰਨ ਵਾਲਾ ਸੀ ਤਾਂ ਮੌਕੇ 'ਤੇ ਪਹੁੰਚੇ ਇੱਕ ਹੋਰ ਦੁਕਾਨਦਾਰ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤੇ ਆਪਣੀ ਹੱਡ-ਬੀਤੀ ਸੁਣਾ ਦਿੱਤੀ।
ਮੌਕੇ 'ਤੇ ਪਹੁੰਚੇ ਦੁਕਾਨਦਾਰ ਨੇ ਉਸ ਨੂੰ ਦੱਸਿਆ ਕੇ ਇਸ ਠੱਗ ਨੇ ਉਸ ਕੋਲੋਂ ਕੁੱਝ ਸੀਮੈਂਟ ਦੀਆਂ ਬੋਰੀਆਂ ਗਾਊਸ਼ਾਲਾ ਭੇਜਣ ਲਈ ਕਿਹਾ ਸੀ ਅਤੇ ਇਸੇ ਤਰਾਂ ਆਨਲਾਈਨ ਪੈਮੇਂਟ ਦੀ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਆਪਣੀ ਸੂਝ-ਬੂਝ ਨਾਲ ਬੱਚ ਗਿਆ। ਠੱਗੀ ਦਾ ਸ਼ਿਕਾਰ ਹੋਏ ਦੁਕਾਨਦਾਰ ਨੇ ਜਦੋਂ ਆਪਣਾ ਖ਼ਾਤਾ ਚੈੱਕ ਕੀਤਾ ਤਾਂ ਉਸ ਦੇ ਖ਼ਾਤੇ 'ਚੋਂ ਹਜ਼ਾਰਾਂ ਰੁਪਏ ਗਾਇਬ ਸਨ। ਇਸ ਤੋਂ ਬਾਅਦ ਬਜ਼ਾਰ ਅੰਦਰ ਸਾਰੇ ਦੁਕਾਨਦਾਰ ਹੱਕੇ-ਬੱਕੇ ਰਹਿ ਗਏ ਕਿ ਠੱਗ ਹੁਣ ਕਿਸ ਤਰ੍ਹਾਂ ਸ਼ਰਧਾ ਦੇ ਨਾਂ 'ਤੇ ਠੱਗੀ ਮਾਰਨ ਲੱਗ ਪਏ ਹਨ। ਦੁਕਾਨਦਾਰ ਨੇ ਮੰਗ ਕੀਤੀ ਕਿ ਅਜਿਹੇ ਠੱਗਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਉਸਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
Punjab: ਜੰਗ ਦਾ ਮੈਦਾਨ ਬਣੇ ਖੇਤ! ਚੱਲੇ ਤੇਜ਼ਧਾਰ ਹਥਿਆਰ ਤੇ ਹੋਈ ਫਾਇਰਿੰਗ
NEXT STORY