ਨਿਹਾਲ ਸਿੰਘ ਵਾਲਾ/ਬਿਲਾਸਪੁਰ,(ਬਾਵਾ, ਜਗਸੀਰ)- 'ਰੁੱਖ ਲਗਾਓ-ਪਾਣੀ ਬਚਾਓ' ਸੁਸਾਇਟੀ ਮਾਣੂੰਕੇ ਵੱਲੋਂ ਪਿੰਡ ਦੀ ਗ੍ਰਾਮ ਪੰਚਾਇਤ ਦੀ ਮਨਜ਼ੂਰੀ ਨਾਲ ਪਿੰਡ ਦੇ ਪੰਚਾਇਤ ਘਰ ਵਿਚ 3 ਸਾਲ ਪਹਿਲਾਂ ਲਾਏ 15 ਦਰੱਖਤਾਂ 'ਚੋਂ ਆਪਸੀ ਰੰਜਿਸ਼ ਕਾਰਨ 11 ਦਰੱਖਤ ਬਗੈਰ ਮਨਜ਼ੂਰੀ ਦੇ ਕੱਟੇ ਜਾਣ 'ਤੇ ਵਾਤਾਵਰਣ ਪ੍ਰੇਮੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਦਾ ਗੰਭੀਰ ਨੋਟਿਸ ਲੈਂਦਿਆਂ ਬਲਾਕ ਐੱਨ. ਜੀ. ਓ. ਨੇ ਦੋਸ਼ੀਆਂ ਨੂੰ ਕਟਹਿਰੇ 'ਚ ਖੜ੍ਹਾ ਕਰਵਾਉਣ ਲਈ ਤਿੱਖਾ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ।
ਰੁੱਖ ਲਗਾਓ ਸੁਸਾਇਟੀ ਮਾਣੂੰਕੇ ਨੇ ਇਸ ਸਬੰਧੀ ਬਲਾਕ ਰੂਰਲ ਐੱਨ. ਜੀ. ਓ. ਕਲੱਬਜ਼ ਐਸੋਸੀਏਸ਼ਨ ਨਿਹਾਲ ਸਿੰਘ ਵਾਲਾ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਰਾਜੂ ਪੱਤੋ ਅਤੇ ਬਲਾਕ ਨਿਹਾਲ ਸਿੰਘ ਵਾਲਾ ਸਮੁੱਚੀ ਟੀਮ ਨੂੰ ਇਕ ਕਾਰਵਾਈ ਕਰਵਾਉਣ ਦਾ ਪੱਤਰ ਦਿੱਤਾ ਸੀ। ਅੱਜ ਬਲਾਕ ਰੂਰਲ ਐੱਨ. ਜੀ. ਓ. ਕਲੱਬਜ਼ ਐਸੋਸੀਏਸ਼ਨ ਨਿਹਾਲ ਸਿੰਘ ਵਾਲਾ ਦੀ ਹੋਈ ਮੀਟਿੰਗ 'ਚ ਪ੍ਰਧਾਨ ਜਸਵੀਰ ਸਿੰਘ ਜੱਸੀ ਦੀਨਾਂ ਅਤੇ ਜਨਰਲ ਸਕੱਤਰ ਗੁਰਚਰਨ ਸਿੰਘ ਰਾਜੂ ਪੱਤੋ ਨੇ ਦੱਸਿਆ ਕਿ ਕਰੀਬ 3 ਮਹੀਨੇ ਪਹਿਲਾਂ 'ਰੁੱਖ ਲਗਾਓ-ਪਾਣੀ ਬਚਾਓ' ਸੁਸਾਇਟੀ ਮਾਣੂੰਕੇ ਨੇ ਪੰਚਾਇਤ ਘਰ ਮਾਣੂੰਕੇ ਵਿਖੇ ਪੰਚਾਇਤ ਦੀ ਮਨਜ਼ੂਰੀ ਅਤੇ ਪੰਚਾਇਤ ਦੀ ਦੇਖ-ਰੇਖ 'ਚ 15 ਛਾਂਦਾਰ ਰੁੱਖ ਲਾਏ ਸਨ।
ਉਨ੍ਹਾਂ ਦੱਸਿਆ ਕਿ ਕਰੀਬ ਡੇਢ ਮਹੀਨਾ ਪਹਿਲਾਂ ਪਿੰਡ ਦੇ ਦੋ ਵਿਅਕਤੀਆਂ ਨੇ ਆਪਣੀ ਆਪਸੀ ਨਿੱਜੀ ਰੰਜਿਸ਼ ਕਰ ਕੇ 15 'ਚੋਂ 11 ਦਰੱਖਤ, ਜੋ ਕਿ ਸੁਸਾਇਟੀ ਦੀ ਮਿਹਨਤ ਕਰ ਕੇ ਛਾਂ ਦੇਣ ਦੇ ਕਾਬਲ ਹੋ ਗਏ ਸਨ। ਬਿਨਾਂ ਕਿਸੇ ਵਜ੍ਹਾ, ਕਾਰਨ ਦੱਸੇ ਅਤੇ ਬਿਨਾਂ ਕਿਸੇ ਮਨਜ਼ੂਰੀ ਤੋਂ ਵੱਢ ਦਿੱਤੇ ਅਤੇ ਅਸੀਂ ਕਈ ਵਾਰ ਮਾਮਲਾ ਗ੍ਰਾਮ ਪੰਚਾਇਤ ਤੇ ਮਾਣਯੋਗ ਡਿਪਟੀ ਕਮਿਸ਼ਨਰ ਮੋਗਾ ਅਤੇ ਸਬੰਧਿਤ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਪਰ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਅਤੇ ਮਾਮਲਾ ਜਿਉਂ ਦਾ ਤਿਉਂ ਹੀ ਹੈ। ਪੰਚਾਇਤ ਦੀ ਟਾਲ-ਮਟੋਲ ਦੀ ਨੀਤੀ ਅਤੇ ਸਬੰਧਿਤ ਅਧਿਕਾਰੀਆਂ ਦੀ ਢਿੱਲੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਅਸੀਂ ਰੁੱਖ ਲਾ ਨਹੀਂ ਸਕਦੇ ਤਾਂ ਸਾਨੂੰ ਕੱਟਣ ਦਾ ਤਾਂ ਕੋਈ ਅਧਿਕਾਰ ਨਹੀਂ।
ਉਨ੍ਹਾਂ ਕਿਹਾ ਕਿ ਇਕ ਪਾਸੇ ਪੰਚਾਇਤ ਵਿਭਾਗ ਅਤੇ ਸਰਕਾਰ ਪਿੰਡਾਂ 'ਚ ਮਨਰੇਗਾ ਮਜ਼ਦੂਰਾਂ ਤੋਂ ਦਰੱਖਤ ਲਾ ਕੇ ਕਰੋੜਾਂ ਰੁਪਏ ਖਰਚ ਕਰ ਰਹੀ ਹੈ, ਪਰ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਲਾਏ ਗਏ ਦਰੱਖਤਾਂ ਦਾ ਘਾਣ ਕਰਨ ਵਾਲਿਆਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾ ਰਹੀ, ਜੋ ਕਿ ਸਰਕਾਰ ਤੇ ਪ੍ਰਸ਼ਾਸਨ ਦੇ ਦੂਹਰੇ ਕਿਰਦਾਰ ਦੀ ਨਿਸ਼ਾਨੀ ਹੈ ਪਰ ਜਥੇਬੰਦੀਆਂ ਚੁੱਪ ਨਹੀਂ ਬੈਠਣਗੀਆਂ ਸਗੋਂ ਦੋਸ਼ੀਆਂ ਨੂੰ ਕਟਹਿਰੇ 'ਚ ਖੜ੍ਹਾ ਕਰਵਾਉਣ ਲਈ ਸੰਘਰਸ਼ ਦੇ ਨਾਲ-ਨਾਲ ਅਦਾਲਤ ਦਾ ਵੀ ਦਰਵਾਜ਼ਾ ਖੜਕਾਇਆ ਜਾਵੇਗਾ।
ਇਸ ਸਮੇਂ ਹਰਭਗਵਾਨ ਸਿੰਘ ਮਾਣੂੰਕੇ, ਗੁਰਪ੍ਰੀਤ ਸਿੰਘ ਤਖਤੂਪੁਰਾ, ਸਰਵ ਭਾਰਤ ਨੌਜਵਾਨ ਸਭਾ ਦੇ ਬਲਾਕ ਸਕੱਤਰ ਗੁਰਦਿੱਤ ਸਿੰਘ ਦੀਨਾਂ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਦਰਸ਼ਨ ਸਿੰਘ, ਬਾਬਾ ਕ੍ਰਿਪਾਲ ਸਿੰਘ ਲੋਪੋਂ, ਗੁਰਲਾਲ ਸਿੰਘ ਹਿੰਮਤਪੁਰਾ, ਰਣਜੀਤ ਸਿੰਘ ਬੱਬੂ, ਮਨਜੀਤ ਸਿੰਘ ਜੀਤਾ, ਗੁਰਪ੍ਰੀਤ ਸਿੰਘ ਦੀਨਾ, ਗੁਰਨਾਨਕ ਸਿੰਘ ਗੁਰੀ, ਮਨਜੀਤ ਸਿੰਘ ਪੱਤੋ, ਦਰਸ਼ਨ ਸਿੰਘ ਪ੍ਰਧਾਨ, ਪਰਗਟ ਸਿੰਘ, ਜਗਜੀਤ ਸਿੰਘ, ਮੱਖਣ ਸਿੰਘ ਭਾਗੀਕੇ ਆਦਿ ਮੌਜੂਦ ਸਨ।
ਡਿਊਟੀ 'ਤੇ ਜਾ ਰਹੇ ਅਧਿਆਪਕ ਦੀ ਮੌਤ
NEXT STORY