ਚੰਡੀਗੜ੍ਹ (ਪਾਲ) : ਪੀ. ਜੀ. ਆਈ. ਵਿਚ ਇਕ ਵਾਰ ਫਿਰ ਦੋ ਬ੍ਰੇਨ ਡੈੱਡ ਮਰੀਜ਼ਾਂ ਦੇ ਪਰਿਵਾਰਾਂ ਦੀ ਬਦੌਲਤ 8 ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲ ਸਕੀ ਹੈ। ਇਸ ਮੁਸ਼ਕਿਲ ਸਮੇਂ ਵਿਚ ਵੀ ਆਰਗਨ ਡੋਨੇਟ ਕਰਨ ਦੇ ਇਸ ਫੈਸਲੇ ਕਾਰਨ 4 ਲੋਕਾਂ ਨੂੰ ਕਿਡਨੀ ਅਤੇ 4 ਲੋਕਾਂ ਨੂੰ ਕਾਰਨੀਆ ਟਰਾਂਸਪਲਾਂਟ ਹੋ ਸਕਿਆ ਹੈ। ਜਿਹੜੇ ਲੋਕਾਂ ਨੂੰ ਕਿਡਨੀ ਟਰਾਂਸਪਲਾਂਟ ਹੋਈ ਹੈ, ਉਹ ਕਾਫ਼ੀ ਸਮੇਂ ਤੋਂ ਪੀ. ਜੀ. ਆਈ. ਤੋਂ ਇਲਾਜ ਕਰਵਾ ਰਹੇ ਸਨ। ਉਨ੍ਹਾਂ ਦੇ ਜਿਊਣ ਦੀ ਉਮੀਦ ਵੀ ਖ਼ਤਮ ਹੋ ਚੁੱਕੀ ਸੀ। ਡਾਇਰੈਕਟਰ ਪੀ. ਜੀ. ਆਈ. ਡਾ. ਜਗਤਰਾਮ ਨੇ ਦੱਸਿਆ ਕਿ ਉਮੀਦ ਹੈ ਕਿ ਇਨ੍ਹਾਂ ਲੋਕਾਂ ਦੇ ਇਸ ਫੈਸਲੇ ਕਾਰਨ ਦੂਜੇ ਕਈ ਲੋਕ ਆਰਗਨ ਡੋਨੇਸ਼ਨ ਸਬੰਧੀ ਜਾਗਰੂਕ ਹੋਣਗੇ। ਇਹ ਨੇਕ ਕੰਮ ਹੈ। ਪੀ. ਜੀ. ਆਈ. ਡਾਕਟਰਾਂ ਨੇ ਇਕ ਚੰਗਾ ਕੰਮ ਕੀਤਾ ਹੈ। ਨੈਫਰੋਲਾਜੀ ਵਿਭਾਗ ਦੇ ਹੈੱਡ ਪ੍ਰੋ. ਐੱਚ. ਐੱਸ. ਕੋਹਲੀ ਕਹਿੰਦੇ ਹਨ ਕਿ ਜਿਹੜੇ ਲੋਕਾਂ ਨੂੰ ਕਿਡਨੀ ਪਾਈ ਹੈ , ਉਹ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ’ਤੇ ਸਨ। ਕਿਡਨੀ ਦੀ ਵੇਟਿੰਗ ਲਿਸਟ ਸਾਡੇ ਕੋਲ ਬਹੁਤ ਜ਼ਿਆਦਾ ਹੈ। ਇਸ ਦੌਰਾਨ ਡੋਨਰਜ਼ ਪਰਿਵਾਰਾਂ ਨੇ ਇਸ ਵੇਟਿੰਗ ਨੂੰ ਘੱਟ ਕਰਨ ਦਾ ਕੰਮ ਕੀਤਾ ਹੈ।
54 ਸਾਲਾ ਪੁਰਸ਼ ਦੇ ਆਰਗਨ ਹੋਏ ਡੋਨੇਟ
ਕੈਥਲ ਦੇ ਅਸ਼ਵਨੀ ਕੁਮਾਰ 14 ਅਗਸਤ ਨੂੰ ਇਕ ਸੜਕ ਹਾਦਸੇ ਵਿਚ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੂੰ ਐਮਰਜੈਂਸੀ ਵਿਚ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਹਾਲਤ ਜ਼ਿਆਦਾ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਪੀ. ਜੀ. ਆਈ. ਰੈਫਰ ਕੀਤਾ ਗਿਆ। 54 ਸਾਲਾ ਅਸ਼ਵਨੀ ਨੂੰ ਉਸੇ ਦਿਨ ਰੈਫਰ ਕੀਤਾ ਗਿਆ। ਇਲਾਜ ਦੇ ਬਾਵਜੂਦ ਹਾਲਤ ਵਿਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ। ਇਸਤੋਂ ਬਾਅਦ 17 ਅਗਸਤ ਨੂੰ ਡਾਕਟਰਾਂ ਨੇ ਸਾਰੇ ਪ੍ਰੋਟੋਕਾਲ ਤਹਿਤ ਉਸ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ। ਪਰਿਵਾਰ ਨੂੰ ਜਦੋਂ ਇਹ ਪਤਾ ਲੱਗਾ ਤਾਂ ਉਨ੍ਹਾਂ ਨੇ ਅਸ਼ਵਨੀ ਦੀ ਮੌਤ ਨੂੰ ਜਾਇਆ ਨਹੀਂ ਜਾਣ ਦਿੱਤਾ। ਪਰਿਵਾਰ ਪਹਿਲਾਂ ਤੋਂ ਆਰਗਨ ਡੋਨੇਸ਼ਨ ਸਬੰਧੀ ਜਾਣਦਾ ਸੀ। ਅਸ਼ਵਨੀ ਦੀ ਪਤਨੀ ਅਨੀਤਾ ਨੇ ਦੱਸਿਆ ਕਿ ਮਿੱਟੀ ਵਿਚ ਮਿਲਾ ਦੇਣ ਤੋਂ ਕਿਤੇ ਬਿਹਤਰ ਹੈ ਕਿ ਇਹ ਆਰਗਨ ਕਿਸੇ ਦੇ ਕੰਮ ਆ ਜਾਣ। ਇਹੀ ਸੋਚ ਕੇ ਆਰਗਨ ਡੋਨੇਸ਼ਨ ਲਈ ਰਜ਼ਾਮੰਦੀ ਦਿੱਤੀ। ਸਾਡੇ ਦਿਲ ਨੂੰ ਪਤਾ ਹੈ ਕਿ ਅਸੀਂ ਠੀਕ ਕਦਮ ਚੁੱਕਿਆ ਹੈ।
ਲਗਾਤਾਰ ਦੋ ਟਰਾਂਸਪਲਾਂਟ
ਇਸ ਹਫਤੇ ਵਿਚ ਇਹ ਦੂਜਾ ਆਰਗਨ ਟਰਾਂਸਪਲਾਂਟ ਹੈ। ਪੰਜਾਬ ਦਾ ਰਹਿਣ ਵਾਲਾ 28 ਸਾਲਾ ਨੌਜਵਾਨ ਸੜਕ ਹਾਦਸੇ ਵਿਚ ਜ਼ਖ਼ਮੀ ਹੋ ਗਿਆ ਸੀ, ਜਿਸਨੂੰ 10 ਅਗਸਤ ਨੂੰ ਲੋਕਲ ਹਸਪਤਾਲ ਤੋਂ ਬਾਅਦ ਪੀ. ਜੀ. ਆਈ. ਰੈਫਰ ਕੀਤਾ ਗਿਆ। 3 ਦਿਨ ਜ਼ਿੰਦਗੀ ਅਤੇ ਮੌਤ ਨਾਲ ਲੜਨ ਤੋਂ ਬਾਅਦ ਉਸ ਨੂੰ 13 ਅਗਸਤ ਨੂੰ ਬ੍ਰੈੱਨ ਡੈੱਡ ਐਲਾਨ ਦਿੱਤਾ ਗਿਆ।
ਪਰਿਵਾਰ ਦੀ ਸਹਿਮਤੀ ਤੋਂ ਬਾਅਦ ਉਸ ਦੇ ਆਰਗਨ ਡੋਨੇਟ ਹੋਏ। ਪੀ. ਜੀ. ਆਈ. ਰੋਟੋ ਦੇ ਨੋਡਲ ਅਫ਼ਸਰ ਡਾ. ਵਿਪਨ ਕੌਸ਼ਲ ਕਹਿੰਦੇ ਹਨ ਕਿ ਇਨ੍ਹਾਂ ਦੋ ਪਰਿਵਾਰਾਂ ਨੇ ਕਈ ਲੋਕਾਂ ਨੂੰ ਜ਼ਿੰਦਗੀ ਦਾ ਨਵਾਂ ਤੋਹਫਾ ਦਿੱਤਾ ਹੈ। ਲੋਕਾਂ ਨੂੰ ਇਸ ਸਬੰਧੀ ਜਾਗਰੂਕ ਹੋਣ ਦੀ ਜ਼ਰੂਰਤ ਹੈ, ਤਾਂਕਿ ਕਈ ਜ਼ਰੂਰਤਮੰਦਾਂ ਨੂੰ ਬਚਾਇਆ ਜਾ ਸਕੇ।
ਮਜੀਠੀਆ ਦੀ ਨਵਜੋਤ ਸਿੱਧੂ ’ਤੇ ਚੁਟਕੀ, ਕਿਹਾ-ਕੈਪਟਨ ਸਾਹਿਬ ਮੇਰੀ ਸਿਫ਼ਾਰਿਸ਼ ’ਤੇ ਸਿੱਧੂ ਨੂੰ ਬਣਾ ਦਿਓ ਮੁੱਖ ਮੰਤਰੀ
NEXT STORY