ਚੰਡੀਗੜ੍ਹ, (ਸ਼ਰਮਾ)— ਇੰਸਟੀਚਿਊਟ ਆਫ਼ ਵਾਇਰੋਲੋਜੀ, ਪੁਣੇ ਨੇ ਇਕ ਵੱਡੀ ਰਾਹਤ ਦਿੰਦਿਆਂ 2019-ਐਨ. ਸੀ. ਓ. ਵੀ. (ਕੋਰੋਨਾਵਾਇਰਸ) ਦੇ ਸ਼ੱਕੀ ਵਿਅਕਤੀਆਂ ਦੇ ਨੈਸੋਫੈਰੰਜੀਅਲ ਸਵੈਬ ਨਮੂਨਿਆਂ ਨੂੰ ਨਕਾਰਾਤਮਕ ਦੱਸਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਦੱਸਿਆ ਕਿ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ, ਪੁਣੇ ਨੇ 22 ਨਕਾਰਾਤਮਕ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ, ਜਦਕਿ ਫਰੀਦਕੋਟ ਨਾਲ ਸਬੰਧਤ 1 ਮਾਮਲੇ ਦੀ ਰਿਪੋਰਟ ਕੱਲ੍ਹ ਤੱਕ ਆਵੇਗੀ। ਉਨ੍ਹਾਂ ਦੱਸਿਆ ਕਿ ਸੂਬੇ 'ਚ ਹਾਲੇ ਤੱਕ ਕੋਰੋਨਾ ਵਾਇਰਸ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਤੇ ਪੰਜਾਬ ਸਰਕਾਰ ਚੀਨ ਦੀ ਯਾਤਰਾ ਕਰ ਚੁੱਕੇ ਜਾਂ ਚੀਨ ਦੇ ਹਵਾਈ ਅੱਡੇ 'ਤੇ ਠਹਿਰਨ ਵਾਲੇ ਸਾਰੇ ਵਿਅਕਤੀਆਂ ਦੀ ਵਿਸ਼ੇਸ਼ ਤੌਰ 'ਤੇ ਸਕਰੀਨਿੰਗ ਕਰਨ ਲਈ ਜੰਗੀ ਪੱਧਰ 'ਤੇ ਕੰਮ ਕਰ ਰਹੀ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਵਿਚ 85 ਸ਼ੱਕੀ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 84 ਮਾਮਲੇ ਨਾਕਾਰਤਮਕ ਪਾਏ ਗਏ ਅਤੇ ਕੁੱਲ 77 ਮਰੀਜ਼ਾਂ ਨੂੰ ਕੜੀ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਅੰਮ੍ਰਿਤਸਰ ਹਵਾਈ ਅੱਡੇ 'ਤੇ 3915 ਯਾਤਰੀਆਂ ਅਤੇ ਮੋਹਾਲੀ ਹਵਾਈ ਅੱਡੇ 'ਤੇ 4476 ਯਾਤਰੀਆਂ ਦੀ ਸਕਰੀਨਿੰਗ ਕੀਤੀ ਗਈ ਹੈ ਅਤੇ ਸਕਰੀਨਿੰਗ ਦੌਰਾਨ ਕਿਸੇ ਵੀ ਵਿਅਕਤੀ 'ਚ ਕੋਰੋਨਾਵਾਇਰਸ ਦੇ ਲੱਛਣ ਨਹੀਂ ਪਾਏ ਗਏ। ਮੰਤਰੀ ਨੇ ਅੱਗੇ ਦੱਸਿਆ ਕਿ ਅਟਾਰੀ ਬਾਰਡਰ ਤੇ ਡੇਰਾ ਬਾਬਾ ਨਾਨਕ, ਗੁਰਦਾਸਪੁਰ 'ਤੇ ਨਜ਼ਰ ਰੱਖਣ ਲਈ ਦੋਵਾਂ ਥਾਵਾਂ 'ਤੇ ਮੈਡੀਕਲ ਪੋਸਟਾਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ 29 ਜਨਵਰੀ ਤੋਂ ਹੁਣ ਤੱਕ ਅਟਾਰੀ ਵਿਖੇ 777 ਯਾਤਰੀਆਂ ਅਤੇ ਡੇਰਾ ਬਾਬਾ ਨਾਨਕ ਵਿਖੇ 1430 ਯਾਤਰੀਆਂ ਦੀ ਸਕ੍ਰੀਨਿੰਗ ਕੀਤੀ ਗਈ ਅਤੇ ਕਿਸੇ ਯਾਤਰੀ ਵਿੱਚ ਵੀ 2019 ਐਨ.ਸੀ.ਓ.ਵੀ ਦੇ ਲੱਛਣ ਨਹੀਂ ਪਾਏ ਗਏ। ਉਨ੍ਹਾਂ ਦੱਸਿਆ ਕਿ ਇਹ ਮੈਡੀਕਲ ਚੈੱਕ ਪੋਸਟਾਂ ਵਲੋਂ ਪਾਕਿਸਤਾਨ ਤੋਂ ਯਾਤਰਾ ਕਰਕੇ ਆ ਰਹੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਚੀਨ ਦੀ ਯਾਤਰਾ ਕਰ ਚੁੱਕੇ ਲੋਕਾਂ ਨੂੰ ਉਨ੍ਹਾਂ ਦੇ ਯਾਤਰਾ ਇਤਿਹਾਸ ਬਾਰੇ ਸਵੈ-ਘੋਸ਼ਣਾ ਪੱਤਰ ਜਮ੍ਹਾਂ ਕਰਾਉਣ ਸਬੰਧੀ ਗਤੀਵਿਧੀਆਂ ਵੀ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਵਾਇਰਸ ਦੇ ਲੱਛਣ ਬਾਰੇ ਵੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਸੰਬੰਧੀ ਜਾਣਕਾਰੀ ਲਈ ਹੈਲਪਲਾਈਨ ਨੰਬਰ 104 ਦੀ ਸ਼ੁਰੂਆਤ ਕੀਤੀ ਗਈ ਹੈ । ਕੋਰੋਨਾ ਵਾਇਰਸ ਬਿਮਾਰੀ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਲਈ ਕੋਈ ਵੀ ਨਾਗਰਿਕ ਕਿਸੇ ਵਕਤ ਵੀ ਸੰਪਰਕ ਕਰ ਸਕਦਾ ਹੈ।
ਸਿਰਸਾ ਵਲੋਂ ਗ੍ਰਹਿ ਮੰਤਰੀ ਨੂੰ ਅਪੀਲ, ਪਾਕਿ ਤੋਂ ਆਏ ਪਰਿਵਾਰਾਂ ਨੂੰ ਦਿੱਤੀ ਜਾਵੇ ਨਾਗਰਿਕਤਾ
NEXT STORY