ਰਮਦਾਸ, (ਸਾਰੰਗਲ)- ਪਿਛਲੇ ਇਕ ਸਾਲ ਤੋਂ ਆਪਣਾ ਨਵ-ਨਿਰਮਾਣ ਕਰਵਾਉਣ ਨੂੰ ਤਰਸ ਰਹੀ ਸੜਕ ਜੋ ਕਿ ਥਾਣਾ ਰਮਦਾਸ ਤੋਂ ਲੈ ਕੇ ਪਿੰਡ ਪੰਡੋਰੀ ਤੱਕ ਜਾਂਦੀ ਹੈ, ਨਾ ਬਣਾਏ ਜਾਣ ਦੇ ਰੋਸ ਵਜੋਂ ਅੱਜ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਹਰਕਤ 'ਚ ਆਉਂਦਿਆਂ ਜਿਥੇ ਪੀ. ਡਲਬਯੂ. ਡੀ. ਵਿਭਾਗ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ, ਉਥੇ ਨਾਲ ਹੀ ਪਿਛਲੀ ਅਕਾਲੀ-ਭਾਜਪਾ ਅਤੇ ਮੌਜੂਦਾ ਕਾਂਗਰਸ ਸਰਕਾਰ ਨੂੰ ਖੂਬ ਕੋਸਿਆ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਕਸ਼ਮੀਰ ਸਿੰਘ ਧੰਗਈ ਤੇ ਜਨਰਲ ਸਕੱਤਰ ਜਸਪਾਲ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਪਿਛਲੇ ਕਰੀਬ ਇਕ ਸਾਲ ਤੋਂ ਆਪਣੇ ਨਵ-ਨਿਰਮਾਣ ਨੂੰ ਸੜਕ ਤਰਸ ਰਹੀ ਹੈ। ਇਹ ਸੜਕ ਥਾਣਾ ਰਮਦਾਸ ਤੋਂ ਪਿੰਡ ਪੰਡੋਰੀ ਤੱਕ ਜਾਂਦੀ ਹੈ ਅਤੇ ਇਸ ਸੜਕ 'ਤੇ ਕਈ ਹੋਰ ਅਨੇਕਾਂ ਪਿੰਡ ਵਸੇ ਹੋਣ ਕਰ ਕੇ ਜਦੋਂ ਇਥੋਂ ਕੋਈ ਦੋਪਹੀਆ ਵਾਹਨ ਲੈ ਕੇ ਪਿੰਡ ਵਾਸੀ ਜਾਂ ਆਮ ਰਾਹਗੀਰ ਲੰਘਦਾ ਹੈ ਤਾਂ ਉਸ ਨਾਲ ਜਿਥੇ ਉਸ ਦੇ ਵਾਹਨ ਦਾ ਮਾਲੀ ਨੁਕਸਾਨ ਹੁੰਦਾ ਹੈ, ਉਥੇ ਨਾਲ ਹੀ ਕਈ ਵਾਰ ਇਹ ਅਕਸਰ ਦੇਖਣ ਵਿਚ ਆਇਆ ਹੈ ਕਿ ਇਥੋਂ ਲੰਘਣ ਵਾਲੇ ਦੋਪਹੀਆ ਵਾਹਨ ਚਾਲਕ ਡਿੱਗ ਕੇ ਸੱਟਾਂ ਵੀ ਲਵਾ ਚੁੱਕੇ ਹਨ ਕਿਉਂਕਿ ਇਸ ਸੜਕ 'ਤੇ ਕਰੀਬ ਇਕ ਸਾਲ ਪਹਿਲਾਂ ਅਕਾਲੀ ਸਰਕਾਰ ਵੇਲੇ ਮੋਟਾ ਪੱਥਰ ਪਾਇਆ ਤਾਂ ਗਿਆ ਪਰ ਇਸ ਦਾ ਪੂਰਾ ਨਿਰਮਾਣ ਨਾ ਕਰਵਾ ਕੇ ਪਿਛਲੀ ਸਰਕਾਰ ਤੇ ਪੀ. ਡਬਲਯੂ. ਡੀ. ਵਿਭਾਗ ਨੇ ਲੋਕਾਂ ਲਈ ਸਿਰਦਰਦੀ ਪੈਦਾ ਕਰ ਦਿੱਤੀ ਸੀ। ਇਸ ਤੋਂ ਇਲਾਵਾ ਪਿੰਡ ਪੰਡੋਰੀ ਤੋਂ ਅੱਗੇ ਥੋੜ੍ਹੀ ਜਿਹੀ ਦੂਰੀ ਛੱਡ ਕੇ ਰੂੜੇਵਾਲ ਤੇ ਕਤਲੇ ਨੂੰ ਜਾਂਦੀ ਸੜਕ 'ਤੇ ਮੋਟਾ ਪੱਥਰ ਪਾਇਆ ਗਿਆ ਹੈ।
ਉਕਤ ਕਿਸਾਨ ਆਗੂਆਂ ਨੇ ਅੱਗੇ ਦੱਸਿਆ ਕਿ ਹੁਣ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਵੀ ਸੱਤਾ ਵਿਚ ਆ ਚੁੱਕੀ ਹੈ ਤਾਂ ਇਸ ਨੇ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ, ਜਿਸ ਕਰ ਕੇ ਰਾਤ-ਬਰਾਤੇ ਇਸ ਸੜਕ ਤੋਂ ਲੰਘਣ ਵਾਲੇ ਵਾਹਨ ਚਾਲਕ ਸੱਟਾਂ ਲਵਾ ਕੇ ਜ਼ਖਮੀ ਵੀ ਹੋ ਚੁੱਕੇ ਹਨ। ਹੋਰ ਤਾਂ ਹੋਰ ਪੀ. ਡਬਲਯੂ. ਡੀ. ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਇਥੋਂ ਵੀ ਸਾਹਮਣੇ ਆਉਂਦੀ ਹੈ ਕਿ ਪਿੰਡ ਪੰਡੋਰੀ ਤੋਂ ਥੋੜ੍ਹੀ ਪਿੱਛੇ ਜੋ ਨਹਿਰ ਲੰਘਦੀ ਹੈ, ਉਸ ਦੇ ਪੁਲ ਦੇ ਕਿਨਾਰੇ ਵੀ ਟੁੱਟ ਚੁੱਕੇ ਹਨ, ਜਿਨ੍ਹਾਂ ਨੂੰ ਬਣਾਉਣ ਦੀ ਮਹਿਕਮੇ ਵੱਲੋਂ ਅਜੇ ਤੱਕ ਕੋਈ ਜ਼ਹਿਮਤ ਨਹੀਂ ਕੀਤੀ ਗਈ। ਅੱਜ ਭਾਰਤੀ ਕਿਸਾਨ ਯੂਨੀਅਨ ਨੂੰ ਪੀ. ਡਬਲਯੂ. ਡੀ. ਵਿਭਾਗ ਵਿਰੁੱਧ ਮੁਜ਼ਾਹਰਾ ਕਰਨ ਲਈ ਮਜਬੂਰ ਹੋਣਾ ਪਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵੰਤ ਸਿੰਘ, ਸੁਖਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਹਰਪਾਲ ਸਿੰਘ, ਸੁਖਬੀਰ ਸਿੰਘ, ਕਰਨਬੀਰ ਸਿੰਘ, ਹਰਪ੍ਰਤਾਪ ਸਿੰਘ, ਪ੍ਰਭਜੋਤ ਸਿੰਘ ਆਦਿ ਕਿਸਾਨ ਯੂਨੀਅਨ ਦੇ ਨੁਮਾਇੰਦੇ ਹਾਜ਼ਰ ਸਨ।
ਉਕਤ ਮਾਮਲੇ ਸਬੰਧੀ ਜਦੋਂ ਪੀ. ਡਬਲਯੂ. ਡੀ. ਵਿਭਾਗ ਦੇ ਐਕਸੀਅਨ ਦਲਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੁਝ ਦਿਨ ਪਹਿਲਾਂ ਹੀ ਬਤੌਰ ਐਕਸੀਅਨ ਇਥੋਂ ਦਾ ਚਾਰਜ ਸੰਭਾਲਿਆ ਹੈ ਅਤੇ ਬਰਸਾਤੀ ਮੌਸਮ ਕਾਰਨ ਪਲਾਂਟ ਬੰਦ ਹੈ ਤੇ ਆਉਣ ਵਾਲੇ 2 ਹਫਤਿਆਂ ਦੇ ਅੰਦਰ-ਅੰਦਰ ਥਾਣਾ ਰਮਦਾਸ ਤੋਂ ਪੰਡੋਰੀ ਤੱਕ ਨੂੰ ਜਾਂਦੀ ਸੜਕ ਬਣਾ ਦਿੱਤੀ ਜਾਵੇਗੀ।
ਅਮਰਿੰਦਰ ਲੰਡਨ ਰਵਾਨਾ, ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਲਈ ਲਾਂਚ ਕਰਨਗੇ ਨਵਾਂ ਪ੍ਰੋਗਰਾਮ
NEXT STORY