ਚੰਡੀਗੜ੍ਹ, (ਰਸ਼ਮੀ ਹੰਸ)- ਪੰਜਾਬ ਯੂਨੀਵਰਸਿਟੀ ਦੇ ਹੋਸਟਲ-5 (ਲੜਕੀਆਂ) ਦੇ ਮੈੱਸ ਦੇ ਦੁਪਹਿਰ ਦੇ ਖਾਣੇ 'ਚੋਂ ਕੀੜਾ ਨਿਕਲਿਆ। ਮਾਸ ਕਮਿਊਨੀਕੇਸ਼ਨ ਤੇ ਜਰਨਲਿਜ਼ਮ ਦੀ ਜਸਵੇਨੀ ਨਾਮ ਦੀ ਵਿਦਿਆਰਥਣ ਦੁਪਹਿਰ ਨੂੰ ਲਗਭਗ ਦੋ ਵਜੇ ਮੈੱਸ 'ਚ ਖਾਣਾ ਖਾ ਰਹੀ ਸੀ ਤਾਂ ਚੌਲਾਂ 'ਚੋਂ ਕੀੜਾ ਨਿਕਲਿਆ। ਜਸਵੇਨੀ ਨੇ ਦੱਸਿਆ ਕਿ ਉਨ੍ਹਾਂ ਨੇ ਖਾਣੇ 'ਚ ਕੀੜਾ ਨਿਲਕਣ ਦੀ ਸ਼ਿਕਾਇਤ ਮੈੱਸ ਠੇਕੇਦਾਰ ਤੇ ਵਾਰਡਨ ਨੂੰ ਕਰ ਦਿੱਤੀ, ਜਦੋਂਕਿ ਲਿਖਤੀ ਰੂਪ 'ਚ ਸ਼ਿਕਾਇਤ ਉਹ ਮੰਗਲਵਾਰ ਨੂੰ ਦੇਣਗੀਆਂ। ਜਸਵੇਨੀ ਨੇ ਦੱਸਿਆ ਕਿ ਫਿਲਹਾਲ ਸਿਰਫ ਮੈੱਸ ਠੇਕੇਦਾਰ ਨੂੰ ਇਹ ਕਹਿ ਦਿੱਤਾ ਗਿਆ ਕਿ ਉਹ ਅੱਗੇ ਤੋਂ ਧਿਆਨ ਰੱਖੇ।
ਜਸਵੇਨੀ ਪੀ. ਯੂ. ਦੇ ਹੋਸਟਲ 'ਚ ਲਗਭਗ ਡੇਢ ਸਾਲ ਤੋਂ ਰਹਿ ਰਹੀ ਹੈ। ਦਿੱਲੀ ਦੀ ਰਹਿਣ ਵਾਲੀ ਜਸਵੇਨੀ ਨੇ ਦੱਸਿਆ ਕਿ ਉਹ ਘਰ ਤੋਂ ਦੂਰ ਪਹਿਲੀ ਵਾਰ ਹੋਸਟਲ 'ਚ ਰਹਿ ਰਹੀ ਹੈ। ਇਸ ਤੋਂ ਪਹਿਲਾਂ ਦੀ ਪੜ੍ਹਾਈ ਉਨ੍ਹਾਂ ਨੇ ਦਿੱਲੀ 'ਚ ਰਹਿ ਕੇ ਹੀ ਕੀਤੀ ਹੈ। ਜਸਵੇਨੀ ਨੇ ਦੱਸਿਆ ਕਿ ਹੋਸਟਲ ਦੀ ਮੈੱਸ 'ਚ ਪਹਿਲੇ ਸਮੈਸਟਰ 'ਚ ਤਾਂ ਉੁਨ੍ਹਾਂ ਨੂੰ ਖਾਣਾ ਠੀਕ ਮਿਲਦਾ ਰਿਹਾ ਪਰ ਉਸ ਤੋਂ ਬਾਅਦ ਖਾਣੇ 'ਚ ਬਹੁਤ ਦਿੱਕਤ ਆਈ।
ਮਰ ਗਈ ਭੁੱਖ
ਜਸਵੇਨੀ ਨੇ ਦੱਸਿਆ ਕਿ ਮੈੱਸ 'ਚ ਖਾਣਾ ਇੰਨਾ ਬੁਰਾ ਮਿਲਦਾ ਹੈ ਕਿ ਉਨ੍ਹਾਂ ਦਾ ਖਾਣ ਨੂੰ ਮਨ ਹੀ ਨਹੀਂ ਕਰਦਾ। ਇਥੇ ਆਉਣ ਤੋਂ ਬਾਅਦ ਉਨ੍ਹਾਂ ਦੀ ਭੁੱਖ ਮਰ ਹੀ ਗਈ ਹੈ। ਉਹ ਦਿਨ 'ਚ ਇਕ ਵਾਰ ਹੀ ਖਾਣਾ ਖਾਂਦੀ ਹੈ। ਜਸਵੇਨੀ ਨੇ ਦੱਸਿਆ ਕਿ ਪੇਟ ਭਰਨ ਲਈ ਉਹ ਦਹੀਂ ਜਾਂ ਦੁੱਧ 'ਤੇ ਨਿਰਭਰ ਹੈ।
ਪਰਾਂਠਿਆਂ 'ਚੋਂ ਨਿਕਲੇ ਸਨ ਵਾਲ
ਜਸਵੇਨੀ ਨੇ ਦੱਸਿਆ ਕਿ ਹੋਸਟਲ 'ਚ ਸਵੇਰ ਦਾ ਨਾਸ਼ਤਾ ਕੰਟੀਨ 'ਚ ਮਿਲਦਾ ਹੈ। ਕੁਝ ਸਮਾਂ ਪਹਿਲਾਂ ਇਕ ਦਿਨ ਮੇਰੇ ਪਰਾਂਠੇ 'ਚੋਂ ਵਾਲ ਨਿਕਲੇ। ਮੈਂ ਕੰਟੀਨ ਦੇ ਮਾਲਕ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਮੈਂ ਦੂਜਾ ਪਰਾਂਠਾ ਲੈ ਲਵਾਂ, ਜੇ ਇਸ ਤੋਂ ਬਾਅਦ ਫਿਰ ਤੋਂ ਕੋਈ ਦਿੱਕਤ ਆਉਂਦੀ ਹੈ ਤਾਂ ਮੈਂ ਉਸਦੀ ਸ਼ਿਕਾਇਤ ਜ਼ਰੂਰ ਕਰ ਦੇਵਾਂ।
ਰਾਤ ਨੂੰ ਰੋਜ਼ ਆਲੂ
ਜਸਵੇਨੀ ਨੇ ਦੱਸਿਆ ਕਿ ਪੀ. ਯੂ. ਦੀ ਮੈੱਸ 'ਚ ਹਰ ਰੋਜ਼ ਰਾਤ ਨੂੰ ਆਲੂ-ਸ਼ਿਮਲਾ ਮਿਰਚ, ਆਲੂ-ਬੀਨ, ਆਲੂ-ਬੈਂਗਣ ਦੇ ਨਾਮ 'ਤੇ ਆਲੂ ਦਿੱਤੇ ਜਾਂਦੇ ਹਨ। ਆਲੂਆਂ 'ਚ ਦੂਜੀਆਂ ਸਬਜ਼ੀਆਂ ਘੱਟ ਹੀ ਹੁੰਦੀਆਂ ਹਨ। ਦਿਨ 'ਚ ਰਾਜਮਾਹ, ਰੌਂਗੀ ਤੇ ਕਾਲੇ ਛੋਲੇ ਹੀ ਹੁੰਦੇ ਹਨ। ਇਸ ਤੋਂ ਇਲਾਵਾ ਮੈਨਿਯੂ 'ਚ ਕਈ ਸਬਜ਼ੀਆਂ ਨਹੀਂ ਹੁੰਦੀਆਂ ਹਨ।
ਨਹੀਂ ਕਰਦੇ ਵਿਦਿਆਰਥੀ ਸ਼ਿਕਾਇਤ
ਜਸਵੇਨੀ ਨੇ ਦੱਸਿਆ ਕਿ ਵਿਦਿਆਰਥੀ ਘਰ ਤੋਂ ਦੂਰ ਹਨ, ਬਾਹਰ ਦਾ ਖਾਣਾ ਬਹੁਤ ਮਹਿੰਗਾ ਹੈ, ਇਸ ਲਈ ਵਿਦਿਆਰਥੀ ਮੈੱਸ 'ਚ ਜਿਹੋ ਜਿਹਾ ਖਾਣਾ ਮਿਲਦਾ ਹੈ, ਖਾਂਦੇ ਰਹਿੰਦੇ ਹਨ। ਉਹ ਇਹ ਸੋਚ ਕੇ ਖਾਣਾ ਖਾਂਦੇ ਹਨ ਕਿ ਉੁਨ੍ਹਾਂ ਨੂੰ ਖਾਣਾ ਮਿਲ ਤਾਂ ਰਿਹਾ ਹੈ। ਬਹੁਤ ਹੀ ਘੱਟ ਵਿਦਿਆਰਥੀ ਹਨ ਜੋ ਖਰਾਬ ਖਾਣੇ ਲਈ ਬੋਲਦੇ ਹਨ। ਜਸਵੇਨੀ ਨੇ ਮੈੱਸ 'ਚ ਮਿਲਣ ਵਾਲੇ ਖਾਣੇ 'ਚੋਂ ਨਿਕਲੇ ਕੀੜੇ ਬਾਰੇ ਫੇਸਬੁੱਕ ਤੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।
ਪਹਿਲਾਂ ਵੀ ਖਰਾਬ ਖਾਣਾ ਮਿਲਣ 'ਤੇ ਵਿਦਿਆਰਥਣ ਨੇ ਉਠਾਈ ਸੀ ਆਵਾਜ਼
ਲਗਭਗ ਡੇਢ ਸਾਲ ਪਹਿਲਾਂ ਪੀ. ਯੂ. ਦੀ ਵਿਦਿਆਰਥਣ ਨੇ ਮੈੱਸ 'ਚ ਖਰਾਬ ਖਾਣਾ ਮਿਲਣ ਦੀ ਆਵਾਜ਼ ਉਠਾਈ ਸੀ। ਉਹ ਵਿਦਿਆਰਥਣ ਵੀ ਬੀਮਾਰ ਸੀ ਤੇ ਪੀ. ਜੀ. ਆਈ. 'ਚ ਉਸਦਾ ਇਲਾਜ ਵੀ ਚੱਲਦਾ ਸੀ। ਹਾਲਾਂਕਿ ਪੀ. ਯੂ. ਅਥਾਰਟੀ ਨੇ ਦਾਅਵਾ ਕੀਤਾ ਸੀ ਕਿ ਉਹ ਹੁਣ ਕੈਂਪਸ ਦੀ ਵਿਦਿਆਰਥਣ ਨਹੀਂ ਹੈ। ਉਥੇ ਇਸ ਤੋਂ ਪਹਿਲਾਂ ਵੀ ਵਿਦਿਆਰਥੀ ਲਗਾਤਾਰ ਮੈੱਸ 'ਚ ਚੰਗਾ ਖਾਣਾ ਨਾ ਮਿਲਣ ਦੀ ਸ਼ਿਕਾਇਤ ਕਰਦੇ ਰਹੇ ਹਨ। ਜ਼ਿਕਰਯੋਗ ਹੈ ਕਿ ਬੀਤੇ ਅਗਸਤ ਮਹੀਨੇ 'ਚ ਯੂ. ਜੀ. ਸੀ. ਦੀ ਟੀਮ ਨੇ ਪੀ. ਯੂ. ਦੀ ਮੈੱਸ ਦਾ ਦੌਰਾ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਪੀ. ਯੂ. ਨੂੰ ਨਿਰਦੇਸ਼ ਵੀ ਦਿੱਤੇ ਸਨ ਕਿ ਉਹ ਵਿਦਿਆਰਥੀਆਂ ਦੇ ਖਾਣੇ ਦੇ ਮੈਨਿਯੂ 'ਚ ਨਾਨਵੈੱਜ ਵੀ ਸ਼ਾਮਲ ਕਰਨ।
ਦਾਜ ਲਈ ਤੰਗ ਕਰਨ ਦੇ ਦੋਸ਼ 'ਚ ਪਤੀ ਤੇ ਦਿਓਰ ਨਾਮਜ਼ਦ
NEXT STORY