ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਅਨਾਜ ਮੰਡੀ ਵਿਖੇ ਅੱਜ ਆੜ੍ਹਤੀਆਂ ਦੀ ਇੱਕ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਕੂੰਨਰ ਤੇ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਸਮੂਹ ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਨੇ ਹਿੱਸਾ ਲੈਂਦਿਆਂ ਕੇਂਦਰ ਸਰਕਾਰ ਦੇ 1 ਅਕਤੂਬਰ ਦੀ ਬਜਾਏ 11 ਅਕਤੂਬਰ ਨੂੰ ਸਰਕਾਰੀ ਖ਼ਰੀਦ ਸ਼ੁਰੂ ਕਰਨ ਦੇ ਫ਼ੈਸਲੇ ਖ਼ਿਲਾਫ਼ ਰੋਸ ਪ੍ਰਗਟਾਇਆ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆੜ੍ਹਤੀ ਐਸੋ. ਦੇ ਪ੍ਰਧਾਨ ਤੇਜਿੰਦਰ ਸਿੰਘ ਕੂੰਨਰ, ਹਰਜਿੰਦਰ ਸਿੰਘ ਖੇੜਾ, ਉਪ ਚੇਅਰਮੈਨ ਸ਼ਕਤੀ ਆਨੰਦ, ਸੋਹਣ ਲਾਲ ਸ਼ੇਰਪੁਰੀ, ਟਹਿਲ ਸਿੰਘ ਔਜਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬੇਮੌਸਮੀ ਬਾਰਸ਼ਾਂ ਕਾਰਨ ਝੋਨੇ ਦੀ ਖ਼ਰੀਦ ਨਹੀਂ ਸ਼ੁਰੂ ਕੀਤੀ, ਉਹ ਸਿਰਫ ਪੰਜਾਬ ਦੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਪਰੇਸ਼ਾਨ ਕਰਨ ਵਾਲਾ ਵੱਡਾ ਬਹਾਨਾ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਵੀ ਬੇਮੌਸਮੀ ਬਾਰਸ਼ਾਂ ਪੈਂਦੀਆਂ ਰਹੀਆਂ ਹਨ ਅਤੇ ਸਮੇਂ ਦੀਆਂ ਸਰਕਾਰਾਂ ਨੇ ਤੈਅ ਸਮੇਂ ਤੋਂ 5 ਦਿਨ ਪਹਿਲਾਂ ਫ਼ਸਲਾਂ ਦੀ ਖ਼ਰੀਦ ਸ਼ੁਰੂ ਕਰ ਕਿਸਾਨਾਂ ਨੂੰ ਰਾਹਤ ਤਾਂ ਦਿੱਤੀ ਪਰ ਇਹ ਪਹਿਲੀ ਵਾਰ ਹੋਇਆ ਕਿ 10 ਦਿਨ ਫ਼ਸਲ ਦੀ ਖ਼ਰੀਦ ਦੇਰੀ ਨਾਲ ਸ਼ੁਰੂ ਕਰਨ ਦਾ ਫ਼ੈਸਲਾ ਹੋਇਆ। ਆੜ੍ਹਤੀਆਂ ਨੇ ਦੱਸਿਆ ਕਿ ਮਾਛੀਵਾੜਾ ਅਨਾਜ ਮੰਡੀ ਵਿਚ ਇਸ ਸਮੇਂ 40 ਹਜ਼ਾਰ ਕੁਇੰਟਲ ਤੋਂ ਵੱਧ ਝੋਨੇ ਦੀ ਫ਼ਸਲ ਵਿਕਣ ਲਈ ਪਈ ਹੈ ਅਤੇ ਕਿਸਾਨ ਆਪਣੀਆਂ ਅਗਲੀਆਂ ਫ਼ਸਲਾਂ ਆਲੂ ਤੇ ਹੋਰ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਝੋਨਾ ਵੱਢ ਕੇ ਮੰਡੀਆਂ ਵਿਚ ਲਿਆ ਰਹੇ ਹਨ ਪਰ ਖ਼ਰੀਦ ਨਾ ਹੋਣ ਕਾਰਨ ਜਿੱਥੇ ਉਹ ਨਾਮੋਸ਼ ਹਨ, ਉੱਥੇ ਆੜ੍ਹਤੀ ਵਰਗ ਵਿਚ ਵੀ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ।
ਆੜ੍ਹਤੀਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਬੇਮੌਸਮੀ ਬਾਰਸ਼ ਕਾਰਨ ਝੋਨੇ ’ਚ ਨਮੀ ਦੀ ਮਾਤਰਾ ਜ਼ਿਆਦਾ ਲੱਗਦੀ ਹੈ ਤਾਂ ਉਹ ਖ਼ਰੀਦ ਏਜੰਸੀਆਂ ਨੂੰ ਨਿਰਦੇਸ਼ ਦੇਣ ਕਿ ਅੱਜ ਤੋਂ ਹੀ 17 ਫ਼ੀਸਦੀ ਨਮੀ ਵਾਲਾ ਝੋਨਾ ਖਰੀਦਣ, ਜਦੋਂ ਕਿ ਵੱਧ ਨਮੀ ਵਾਲੇ ਨੂੰ ਇਨਕਾਰ ਕੀਤਾ ਜਾਵੇ। ਆੜ੍ਹਤੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਜਾਣ-ਬੁੱਝ ਕੇ ਪੰਜਾਬ ਦੇ ਆਰਥਿਕ ਢਾਂਚੇ ਨੂੰ ਢਾਹ ਲਗਾ ਰਹੀ ਹੈ ਅਤੇ ਜੇਕਰ ਉਨ੍ਹਾਂ ਨੇ ਆਪਣੇ ਫ਼ੈਸਲੇ ਨਾ ਬਦਲੇ ਤਾਂ ਕਿਸਾਨ, ਆੜ੍ਹਤੀ ਤੇ ਮਜ਼ਦੂਰ ਮਿਲ ਕੇ ਸੰਘਰਸ਼ ਕਰਨਗੇ। ਇਸ ਮੌਕੇ ਰੁਪਿੰਦਰ ਸਿੰਘ ਬੈਨੀਪਾਲ, ਗੁਰਨਾਮ ਸਿੰਘ ਨਾਗਰਾ, ਅਮਰੀਕ ਸਿੰਘ ਔਜਲਾ, ਅਰਵਿੰਦਰ ਪਾਲ ਸਿੰਘ ਵਿੱਕੀ, ਤੇਜਿੰਦਰਪਾਲ ਸਿੰਘ ਰਹੀਮਾਬਾਦ, ਹਰਿੰਦਰਮੋਹਣ ਸਿੰਘ ਕਾਲੜਾ, ਪਰਮਿੰਦਰ ਸਿੰਘ ਗੁਲਿਆਣੀ, ਨਿਤਿਨ ਜੈਨ, ਸੰਤੋਖ ਸਿੰਘ ਬਾਜਵਾ, ਸਰਬਜੀਤ ਸਿੰਘ ਗਿੱਲ, ਐਡਵੋਕੇਟ ਗੁਰਜੀਤ ਸਿੰਘ ਮਿੱਠੇਵਾਲ, ਪ੍ਰਿੰਸ ਮਿੱਠੇਵਾਲ, ਐਡਵੋਕੇਟ ਕਪਿਲ ਆਨੰਦ, ਬਿੰਦਰ ਸਿੰਘ, ਤੇਜਿੰਦਰਪਾਲ ਸਿੰਘ ਡੀ. ਸੀ., ਵਿਨੀਤ ਕੌਂਸਲ, ਅਜੈ ਬਾਂਸਲ, ਵਿਨੀਤ ਜੈਨ, ਸੁਰਿੰਦਰ ਅਗਰਵਾਲ, ਹਰਵਿੰਦਰ ਸਿੰਘ ਸ਼ੇਰੀਆਂ, ਹੈਪੀ ਬਾਂਸਲ, ਅਮਿਤ ਭਾਟੀਆ ਆਦਿ ਵੀ ਮੌਜੂਦ ਸਨ।
ਮੁੱਖ ਮੰਤਰੀ ਚੰਨੀ ਦੀ ਕੋਠੀ ਘੇਰਣ ਜਾ ਰਹੇ ਕਿਸਾਨਾਂ ਨੂੰ ਪੁਲਸ ਨੇ ਰੋਕਿਆ, ਹੋਈ ਬਹਿਸਬਾਜ਼ੀ
NEXT STORY