ਗੁਰਦਾਸਪੁਰ,(ਵਿਨੋਦ)-ਪਾਕਿਸਤਾਨ ਸਥਿਤ ਸ੍ਰੀ ਨਨਕਾਣਾ ਸਾਹਿਬ ਇਲਾਕੇ ਦੀ ਇਕ ਸਿੱਖ ਲਡ਼ਕੀ ਜਗਜੀਤ ਕੌਰ ਦਾ ਜਬਰੀ ਧਰਮ ਪਰਿਵਰਤਨ ਕਰਵਾ ਕੇ ਇਕ ਮੁਸਲਿਮ ਲਡ਼ਕੇ ਮੁਹੰਮਦ ਹਸਨ ਨਾਲ ਨਿਕਾਹ ਕਰਵਾਉਣ ਸਬੰਧੀ ਵਿਵਾਦ ਨੇ ਅੱਜ ਉਸ ਸਮੇਂ ਪਾਕਿਸਤਾਨੀ ਪੰਜਾਬ ’ਚ ਨਵਾਂ ਮੋਡ਼ ਲਿਆ, ਜਦ ਉਥੋਂ ਦੇ ਕਾਨੂੰਨ ਮੰਤਰੀ ਰਾਜਾ ਬਸ਼ਰਤ ਨੇ ਇਕ ਉੱਚ-ਪੱਧਰੀ ਕਮੇਟੀ ਗਠਿਤ ਕਰ ਕੇ ਸਿੱਖ ਭਾਈਚਾਰੇ ਵੱਲੋਂ 30 ਮੈਂਬਰਾਂ ’ਤੇ ਆਧਾਰਿਤ ਗਠਿਤ ਸੰਘਰਸ਼ ਕਮੇਟੀ ਨਾਲ ਗੱਲਬਾਤ ਕਰ ਕੇ ਮਾਮਲੇ ਨੂੰ ਸ਼ਾਂਤ ਕਰਨ ਦਾ ਆਦੇਸ਼ ਦਿੱਤਾ ਪਰ ਉਥੇ ਦੂਜੇ ਪਾਸੇ ਸ੍ਰੀ ਨਨਕਾਣਾ ਸਾਹਿਬ ਜ਼ਿਲਾ ਪੁਲਸ ਅਧਿਕਾਰੀ ਨੇ ਪੰਜਾਬ ਦੇ ਇੰਸਪੈਕਟਰ ਜਨਰਲ ਨੂੰ ਪੱਤਰ ਲਿਖ ਕੇ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿਡ਼ਕਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿਚ ਪੁਲਸ ਨੇ ਬੀਤੇ ਦਿਨੀਂ 6 ਦੋਸ਼ੀਆਂ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ, ਜਿਨ੍ਹਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਇਕ ਸਿੱਖ ਲਡ਼ਕੀ ਜਗਜੀਤ ਕੌਰ ਨੂੰ ਅਗਵਾ ਕਰ ਕੇ ਜ਼ਬਰਦਸਤੀ ਧਰਮ ਤਬਦੀਲੀ ਕਰਵਾਇਆ ਹੈ। ਦੋਸ਼ੀਆਂ ’ਚ ਮੁਹੰਮਦ ਹਸਨ ਵੀ ਸ਼ਾਮਲ ਹੈ, ਜਿਸ ਦੇ ਨਾਲ ਜਗਜੀਤ ਕੌਰ ਦਾ ਨਿਕਾਹ ਹੋਇਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੁਲਸ ਨੇ ਇਕ ਦੋਸ਼ੀ ਨੂੰ ਤਾਂ ਲਾਹੌਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਤਿੰਨ ਨੇ ਅਦਾਲਤ ਤੋਂ ਜ਼ਮਾਨਤ ਕਰਵਾ ਲਈ ਹੈ ਅਤੇ ਦੋ ਦੋਸ਼ੀ ਅਜੇ ਫਰਾਰ ਹਨ।
ਦੂਜੇ ਪਾਸੇ ਮੁਹੰਮਦ ਹਸਨ ਅਤੇ ਜਗਜੀਤ ਕੌਰ ਉਰਫ਼ ਆਸਿਆ ਦੇ ਵਕੀਲ ਸ਼ੇਖ ਸੁਲਤਾਨ ਨੇ ਪੁਲਸ ਨੂੰ ਦੱਸਿਆ ਕਿ ਜਗਜੀਤ ਕੌਰ ਨੇ ਆਪਣੀ ਇੱਛਾ ਨਾਲ ਇਸਲਾਮ ਧਰਮ ਕਬੂਲ ਕਰ ਕੇ ਆਪਣਾ ਨਾਂ ਆਸਿਆ ਰੱਖਿਆ ਹੈ ਅਤੇ ਉਸ ਨੇ ਆਪਣੀ ਇੱਛਾ ਨਾਲ ਮੁਹੰਮਦ ਹੁਸੈਨ ਨਾਲ ਨਿਕਾਹ ਕੀਤਾ ਹੈ। ਵਕੀਲ ਨੇ ਦੱਸਿਆ ਕਿ ਉਸ ਨੇ ਜਗਜੀਤ ਕੌਰ ਉਰਫ਼ ਆਸਿਆ ਵੱਲੋਂ ਲਾਹੌਰ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਪੁਲਸ ਅਤੇ ਜਗਜੀਤ ਕੌਰ ਦੇ ਪਰਿਵਾਰ ਵੱਲੋਂ ਉਸ ਨੂੰ ਅਤੇ ਉਸ ਦੇ ਪਤੀ ਮੁਹੰਮਦ ਹਸਨ ਨੂੰ ਬਿਨਾਂ ਕਾਰਣ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ।
ਵਕੀਲ ਦੇ ਅਨੁਸਾਰ ਜਗਜੀਤ ਕੌਰ ਨੇ ਅਦਾਲਤ ਨੂੰ ਇਕ ਲਿਖਤੀ ਸਟੇਟਮੈਂਟ ਦਿੱਤੀ ਹੈ ਕਿ ਉਸ ਨੇ ਆਪਣੀ ਇੱਛਾ ਨਾਲ ਇਸਲਾਮ ਧਰਮ ਅਪਣਾ ਕੇ ਮੁਹੰਮਦ ਹਸਨ ਨਾਲ ਨਿਕਾਹ ਕੀਤਾ ਹੈ। ਅਦਾਲਤ ਵਿਚ ਦਿੱਤੀ ਸਟੇਟਮੈਂਟ ਵਿਚ ਵਕੀਲ ਦੇ ਅਨੁਸਾਰ ਜਗਜੀਤ ਕੌਰ ਉਰਫ਼ ਆਸਿਆ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਉਸ ਦਾ ਪਰਿਵਾਰ ਉਸ ਦੀ ਹੱਤਿਆ ਕਰਨੀ ਚਾਹੁੰਦਾ ਹੈ। ਜਗਜੀਤ ਕੌਰ ਇਸ ਸਮੇਂ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਦੇ ਆਦੇਸ਼ ਅਨੁਸਾਰ ਦਰੂਲ ਅਮਨ ਲਾਹੌਰ ਵਿਚ ਪਨਾਹ ਸਖਤ ਸੁਰੱਖਿਆ ਹੇਠ ਪਨਾਹ ਲਈ ਹੋਈ ਹੈ ।
ਇਸ ਤਰ੍ਹਾਂ ਜ਼ਿਲਾ ਪੁਲਸ ਅਧਿਕਾਰੀ ਸ੍ਰੀ ਨਨਕਾਣਾ ਸਾਹਿਬ ਅਨੁਸਾਰ ਜਗਜੀਤ ਕੌਰ ਦਾ ਪਰਿਵਾਰ ਦਾਅਵਾ ਕਰ ਰਿਹਾ ਹੈ ਕਿ ਜਗਜੀਤ ਕੌਰ ਦੀ ਉਮਰ 18 ਸਾਲ ਹੈ, ਜਦਕਿ ਨੈਸ਼ਨਲ ਡੈਟਾਬੇਸ ਅਤੇ ਪੰਜੀਕਰਨ ਅਥਾਰਿਟੀ ਦੇ ਰਿਕਾਰਡ ਅਨੁਸਾਰ ਜਗਜੀਤ ਕੌਰ ਦੀ ਉਮਰ 19 ਸਾਲ ਹੈ। ਰਿਪੋਰਟ ਦੇ ਨਾਲ ਜਗਜੀਤ ਕੌਰ ਅਤੇ ਮੁਹੰਮਦ ਹਸਨ ਦਾ ਨਿਕਾਹਨਾਮਾ ਵੀ ਨਾਲ ਨੱਥੀ ਕੀਤਾ ਗਿਆ ਹੈ। ਜ਼ਿਲਾ ਪੁਲਸ ਅਧਿਕਾਰੀ ਨੇ ਉੱਚ ਅਧਿਕਾਰੀਆਂ ਨੂੰ ਸਪਸ਼ੱਟ ਕੀਤਾ ਹੈ ਕਿ ਇਸ ਘਟਨਾ ਦੇ ਬਾਅਦ ਸਿੱਖ ਭਾਈਚਾਰਾ ਬਹੁਤ ਗੁੱਸੇ ਵਿਚ ਹੈ ਅਤੇ ਜਗਜੀਤ ਕੌਰ ਅਤੇ ਮੁਹੰਮਦ ਹਸਨ ਦਾ ਨਿਕਾਹ ਪਾਕਿਸਤਾਨ ਅਤੇ ਹੋਰ ਦੇਸ਼ਾਂ ਦੇ ਵਿਚ ਵਾਇਰਲ ਕੀਤਾ ਜਾ ਰਿਹਾ ਹੈ, ਜਿਸ ਨਾਲ ਹਾਲਾਤ ਕਿਸੇ ਵੀ ਸਮੇਂ ਖਰਾਬ ਹੋ ਸਕਦੇ ਹਨ।
ਉਥੇ ਪਾਕਿਸਤਾਨ ਸਥਿਤ ਸਿੱਖ ਭਾਈਚਾਰਾ ਅਤੇ ਗਠਿਤ 30 ਮੈਂਬਰੀ ਕਮੇਟੀ ਨੇ ਪ੍ਰਸ਼ਾਸਨ ਨੂੰ ਸਪੱਸ਼ਟ ਕਿਹਾ ਹੈ ਕਿ ਜਗਜੀਤ ਕੌਰ ਨੂੰ ਉਸ ਦੇ ਮਾਂ-ਬਾਪ ਦੇ ਹਵਾਲੇ ਕੀਤਾ ਜਾਵੇ, ਜੋ ਇਕ ਗ੍ਰੰਥੀ ਪਰਿਵਾਰ ਹੈ। ਉਸ ਦੇ ਬਾਅਦ ਹੀ ਪਤਾ ਲੱਗੇਗਾ ਕਿ ਸੱਚਾਈ ਕੀ ਹੈ ਕਿਉਂਕਿ ਪਹਿਲਾਂ ਵੀ ਕਈ ਵਾਰ ਹਿੰਦੂ ਅਤੇ ਸਿੱਖ ਲਡ਼ਕੀਆਂ ਨੂੰ ਜ਼ਬਰਦਸਤੀ ਧਰਮ ਤਬਦੀਲੀ ਕਰ ਕੇ ਨਿਕਾਹ ਕਰਵਾਇਆ ਹੈ ਅਤੇ ਜਾਂਚ ਵਿਚ ਪਾਇਆ ਗਿਆ ਹੈ ਕਿ ਇਹ ਸਭ ਕੁਝ ਜ਼ਬਰਦਸਤੀ ਕਰਵਾਇਆ ਜਾਂਦਾ ਹੈ। ਸਿੱਖ ਫਿਰਕੇ ਵੱਲੋਂ ਗਠਿਤ ਕਮੇਟੀ ਨੇ ਚਿਤਾਵਨੀ ਦਿੱਤੀ ਹੈ ਕਿ ਜਦ ਜਗਜੀਤ ਕੌਰ ਨੂੰ ਤੁਰੰਤ ਉਸ ਦੇ ਮਾਤਾ-ਪਿਤਾ ਦੇ ਹਵਾਲੇ ਨਾ ਕੀਤਾ ਗਿਆ ਤਾਂ ਨਿਸ਼ਚਿਤ ਰੂਪ ਵਿਚ ਸੰਘਰਸ਼ ਦਾ ਰਸਤਾ ਅਪਣਾਇਆ ਜਾਵੇਗਾ।
ਵਿਆਹ ਦਾ ਝਾਂਸਾ ਦੇ ਕੇ ਹੌਲਦਾਰ ਕਰਦਾ ਰਿਹਾ 4 ਬੱਚਿਆਂ ਦੀ ਮਾਂ ਨਾਲ ਜਬਰ-ਜ਼ਨਾਹ
NEXT STORY