ਜਲੰਧਰ (ਮਹੇਸ਼)— ਇਕ ਭੈਣ ਦੇ ਭਰਾ ਦੇ ਸਿਰ 'ਤੇ ਸਿਹਰਾ ਸਜਾਉਣ ਦੇ ਸਾਰੇ ਚਾਅ ਉਸ ਸਮੇਂ ਅਧੂਰੇ ਰਹਿ ਗਏ ਜਦੋਂ ਕੈਨੇਡਾ ਰਹਿੰਦੀ ਭੈਣ ਜਸਵਿੰਦਰ ਕੌਰ ਖੁਦ ਆਪਣੇ ਭਰਾ ਵਿੱਕੀ ਦੀ ਲਾਸ਼ ਲੈ ਕੇ ਸ਼ਨੀਵਾਰ ਸਵੇਰੇ ਜਲੰਧਰ ਪਹੁੰਚੀ। ਦੱਸਣਯੋਗ ਹੈ ਕਿ ਆਪਣਾ ਜਨਮ ਦਿਨ ਮਨਾਉਣ ਤੋਂ ਦੋ ਦਿਨ ਬਾਅਦ 17 ਜੁਲਾਈ ਨੂੰ ਬਰੈਂਪਟਨ (ਓਂਟਾਰੀਓ) ਕੈਨੇਡਾ ਵਿਚ ਗੋਲੀ ਮਾਰ ਕੇ ਪਲਵਿੰਦਰ ਸਿੰਘ ਵਿੱਕੀ ਦਾ ਕਤਲ ਕਰ ਦਿੱਤਾ ਗਿਆ ਸੀ। ਜਲੰਧਰ ਪਹੁੰਚੀ ਵਿੱਕੀ ਦੀ ਲਾਸ਼ ਨੂੰ ਦੇਖਦਿਆਂ ਹੀ ਉਸ ਦੇ ਪਿਤਾ ਪੰਜਾਬ ਪੁਲਸ ਤੋਂ ਰਿਟਾ. ਏ. ਐੱਸ. ਆਈ. ਗੁਰਮੇਜ ਸਿੰਘ ਅਤੇ ਪੰਜਾਬ ਐਗਰੋ ਤੋਂ ਮੈਨੇਜਰ ਦੇ ਅਹੁਦੇ ਤੋਂ ਰਿਟਾ. ਹੋਈ ਮਾਂ ਰਾਜਿੰਦਰ ਕੌਰ ਸਣੇ ਵੱਡੀ ਗਿਣਤੀ ਵਿਚ ਮੌਜੂਦ ਰਿਸ਼ਤੇਦਾਰਾਂ ਅਤੇ ਲੋਕਾਂ ਦੇ ਹੋਸ਼ ਉੱਡ ਗਏ ਕਿਉਂਕਿ ਜਿਸ ਵਿੱਕੀ ਦੇ ਵਿਆਹ ਨੂੰ ਲੈ ਕੇ ਉਸ ਦੇ ਮਾਂ-ਪਿਉ ਨੇ ਨਵੀਂ ਕੋਠੀ ਤਿਆਰ ਕਰਵਾਈ ਸੀ, ਉਸ ਵਿਚ ਉਸ ਦੀ ਲਾਸ਼ ਰੱਖਣੀ ਪੈ ਰਹੀ ਸੀ।
ਪਿਤਾ ਗੁਰਮੇਜ ਸਿੰਘ ਨੇ ਕਿਹਾ ਕਿ ਬੇਟੇ ਨੂੰ ਗਿਫਟ ਦੇਣ ਲਈ ਉਹ ਕੋਠੀ ਤਿਆਰ ਕਰਵਾ ਰਹੇ ਸਨ ਪਰ ਉਨ੍ਹਾਂ ਨੂੰ ਕਦੇ ਅੱਜ ਦਾ ਦਿਨ ਵੀ ਦੇਖਣਾ ਪਵੇਗਾ ਇਹ ਉਨ੍ਹਾਂ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ। ਮਾਂ-ਪਿਉ ਅਤੇ ਭੈਣ ਦਾ ਰੋ-ਰੋ ਕੇ ਬੁਰਾ ਹਾਲ ਸੀ। ਵਿੱਕੀ ਦੀ ਭੈਣ ਜਸਵਿੰਦਰ ਕੌਰ ਨੇ ਦੱਸਿਆ ਕਿ ਵਿੱਕੀ ਦਾ ਕਤਲ ਕਰਨ ਵਾਲੇ ਸਾਰੇ ਮੁਲਜ਼ਮਾਂ ਨੂੰ ਬਰੈਂਪਟਨ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਪਰ ਉਸ ਨੂੰ ਕਤਲ ਕਰਨ ਦੇ ਕਾਰਨ ਅਜੇ ਸਾਹਮਣੇ ਨਹੀਂ ਆਏ। ਪੁਲਸ ਮੁਲਜ਼ਮਾਂ ਦਾ ਪੁਲਸ ਰਿਮਾਂਡ ਲੈ ਕੇ ਉਨ੍ਹਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ।
ਵਿੱਕੀ ਦੀ ਲਾਸ਼ ਘਰ ਪਹੁੰਚਣ ਤੋਂ ਬਾਅਦ ਅੰਤਿਮ ਸੰਸਕਾਰ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰਦਿਆਂ ਉਸ ਦਾ ਲੱਧੇਵਾਲੀ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਚੰਬਲ ਡੇਪੋ ਅਫਸਰ ਦੇ ਘਰ ਤਸਕਰਾਂ ਵਲੋ ਜਾਨ ਲੇਵਾ ਹਮਲਾ, ਚਲਾਈਆਂ ਗੋਲੀਆਂ
NEXT STORY