ਫਿਰੋਜ਼ਪੁਰ (ਕੁਮਾਰ) : ਪੰਜਾਬ ਵਿਜੀਲੈਂਸ ਬਿਊਰੋ ਨੇ ਪੰਚਾਇਤੀ ਚੋਣ ਲਈ ਸਰਪੰਚ ਅਤੇ ਪੰਚਾਇਤ ਮੈਂਬਰਾਂ ਦੇ ਨਾਮਜ਼ਦਗੀ ਫਾਰਮ ਰੱਦ ਨਾ ਕਰਨ ਬਦਲੇ 23 ਲੱਖ ਰੁਪਏ ਦੀ ਰਿਸ਼ਵਤ ਲੈਣ ਅਤੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਗੁਲਾਬ ਸਿੰਘ, ਐੱਸ.ਡੀ.ਓ. ਨਹਿਰੀ ਵਿਭਾਗ ਫਿਰੋਜ਼ਪੁਰ, ਉਸ ਵੇਲੇ ਬਤੌਰ ਰਿਟਰਨਿੰਗ ਅਫਸਰ (ਆਰ.ਓ) ਬਲਾਕ ਘੱਲ ਖੁਰਦ ਅਤੇ ਦਵਿੰਦਰ ਸਿੰਘ, ਸਬ-ਇੰਸਪੈਕਟਰ ਖੇਤੀਬਾੜੀ ਵਿਭਾਗ ਫਿਰੋਜ਼ਪੁਰ, ਉਸ ਵੇਲੇ ਸਹਾਇਕ ਰਿਟਰਨਿੰਗ ਅਫਸਰ (ਏ.ਆਰ.ਓ.) ਬਲਾਕ ਘੱਲ ਖੁਰਦ, ਫਿਰੋਜ਼ਪੁਰ ਅਤੇ ਉੱਥੋਂ ਦੇ ਨਿਵੇਦਿਅਮ ਹੋਟਲ ਦੇ ਮਾਲਕ ਰਾਹੁਲ ਨਾਰੰਗ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਸ ਮੁਕੱਦਮੇ ਵਿਚ ਗੁਲਾਬ ਸਿੰਘ, ਐੱਸ.ਡੀ.ਓ. ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਉਹ ਇਸ ਵੇਲੇ ਜੇਲ੍ਹ ਵਿਚ ਬੰਦ ਹੈ।
ਇਹ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਐੱਸ. ਐੱਸ. ਪੀ. ਵਿਜੀਲੈਂਸ ਬਿਊਰੋ ਫਿਰੋਜ਼ਪੁਰ ਨੇ ਦੱਸਿਆ ਕਿ ਇਹ ਮੁਕੱਦਮਾ ਇਕ ਸ਼ਿਕਾਇਤ ਦੀ ਵੈਰੀਫਿਕੇਸ਼ਨ ਉਪਰੰਤ ਦਰਜ ਕੀਤਾ ਗਿਆ ਹੈ। ਸ਼ਿਕਾਇਤ ਦੀ ਪੜਤਾਲ ਦੌਰਾਨ ਪਾਇਆ ਗਿਆ ਕਿ ਸ਼ਿਕਾਇਤਕਰਤਾ ਹਰਦੀਪ ਸਿੰਘ ਅਤੇ ਉਸ ਦੇ ਭਰਾ ਜਗਦੇਵ ਸਿੰਘ ਵਲੋਂ ਪਿੰਡ ਤੂਤ, ਜ਼ਿਲ੍ਹਾ ਫਿਰੋਜ਼ਪੁਰ ਦੀ ਸਰਪੰਚੀ ਚੋਣ ਲਈ ਅਤੇ ਸੁਖਜੀਤ ਕੌਰ, ਰਸ਼ਪਾਲ ਸਿੰਘ, ਮਨਜੀਤ ਕੌਰ ਅਤੇ ਜਗਮੋਹਨ ਸਿੰਘ ਵੱਲੋਂ ਮੈਂਬਰ ਪੰਚਾਇਤ ਦੀ ਚੋਣ ਲਈ ਨਾਮਜ਼ਦਗੀ ਫਾਰਮ ਭਰੇ ਸਨ। ਫਾਰਮ ਭਰਨ ਤੋਂ ਬਾਅਦ ਸ਼ਿਕਾਇਤਕਰਤਾ ਨੇ ਫਾਰਮਾਂ ਦੇ ਸਬੰਧ ਵਿਚ ਉਕਤ ਦੋਸ਼ੀ ਦਵਿੰਦਰ ਸਿੰਘ, ਸਬ-ਇੰਸਪੈਕਟਰ ਖੇਤੀਬਾੜੀ ਵਿਭਾਗ ਫਿਰੋਜ਼ਪੁਰ, ਉਸ ਵੇਲੇ ਸਹਾਇਕ ਰਿਟਰਨਿੰਗ ਅਫਸਰ (ਏ.ਆਰ.ਓ.) ਬਲਾਕ ਘੱਲ ਖੁਰਦ, ਫਿਰੋਜ਼ਪੁਰ ਦੇ ਘਰ ਪਿੰਡ ਵਜੀਦਪੁਰ ਵਿਖੇ ਗਿਆ, ਜਿੱਥੇ ਉਸਨੂੰ ਦੋਸ਼ੀ ਗੁਲਾਬ ਸਿੰਘ, ਐੱਸ.ਡੀ.ਓ ਨਹਿਰੀ ਵਿਭਾਗ ਫਿਰੋਜ਼ਪੁਰ, ਉਸ ਵੇਲੇ ਬਤੌਰ ਰਿਟਰਨਿੰਗ ਅਫਸਰ (ਆਰ.ਓ) ਬਲਾਕ ਘੱਲ ਖੁਰਦ ਵੀ ਮਿਲਿਆ। ਦੋਵਾਂ ਰਿਟਰਨਿੰਗ ਅਫਸਰਾਂ ਨੇ ਸ਼ਿਕਾਇਤਕਰਤਾ ਪਾਸੋਂ ਨਾਮਜ਼ਦਗੀ ਫਾਰਮ ਰੱਦ ਨਾ ਕਰਨ ਬਦਲੇ 15 ਲੱਖ ਰੁਪਏ ਦੀ ਮੰਗ ਕੀਤੀ ਅਤੇ ਨਿਵੇਦਿਅਮ ਹੋਟਲ ਦੇ ਮਾਲਕ ਰਾਹੁਲ ਨਾਰੰਗ ਨੂੰ ਇਹ ਰਕਮ ਦੇਣ ਲਈ ਕਿਹਾ।
ਸ਼ਿਕਾਇਤਕਰਤਾ ਨੇ ਆਪਣੇ ਭਰਾ ਜਗਦੇਵ ਸਿੰਘ ਅਤੇ ਹੋਰਨਾਂ ਦੀ ਹਾਜ਼ਰੀ ਵਿਚ ਉਕਤ ਰਾਹੁਲ ਨਾਰੰਗ ਨੂੰ 15 ਲੱਖ ਰੁਪਏ ਦੇ ਦਿੱਤੇ ਤਾਂ ਰਾਹੁਲ ਨਾਰੰਗ ਨੂੰ ਜਦੋਂ ਸ਼ਿਕਾਇਤਕਰਤਾ ਹਰਦੀਪ ਸਿੰਘ ਨੇ ਮੈਂਬਰਾਂ ਸਬੰਧੀ ਪੁੱਛਿਆ ਤਾਂ ਰਾਹੁਲ ਨਾਰੰਗ ਨੇ 8 ਲੱਖ ਰੁਪਏ (ਪ੍ਰਤੀ ਮੈਂਬਰ 2 ਲੱਖ ਰੁਪਏ) ਹੋਰ ਅਦਾਇਗੀ ਬਤੌਰ ਰਿਸ਼ਵਤ ਦੇਣ ਲਈ ਕਿਹਾ। ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਵੱਲੋਂ ਪੜਤਾਲ ਦੌਰਾਨ ਦੋਸ਼ੀ ਗੁਲਾਬ ਸਿੰਘ ਐੱਸ.ਡੀ.ਓ. ਅਤੇ ਦੋਸ਼ੀ ਦਵਿੰਦਰ ਸਿੰਘ ਸਬ-ਇੰਸਪੈਕਟਰ ਦੁਆਰਾ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਕੇ ਰਾਹੁਲ ਨਾਰੰਗ, ਮਾਲਕ ਨਿਵੇਦਿਅਮ ਹੋਟਲ ਨਾਲ ਸ਼ਾਹਬਾਜ਼ ਹੋ ਕੇ ਸ਼ਿਕਾਇਤਕਰਤਾ ਹਰਦੀਪ ਸਿੰਘ ਪਾਸੋਂ 23 ਲੱਖ ਰੁਪਏ ਹਾਸਲ ਕਰਨ ਦੇ ਦੋਸ਼ ਸਾਹਮਣੇ ਆਏ ਹਨ ਜਿਸ ਕਰਕੇ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਦੇ ਥਾਣੇ ਵਿਚ ਉਕਤ ਤਿੰਨਾਂ ਮੁਲਜ਼ਮਾਂ ਖ਼ਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਮੁਕੱਦਮੇ ਦੀ ਹੋਰ ਤਫਤੀਸ਼ ਜਾਰੀ ਹੈ।
ਪੀ. ਐੱਸ. ਪੀ. ਸੀ. ਐੱਲ. ਦੇ ਮੁਲਾਜ਼ਮ 'ਤੇ ਵੱਡੀ ਕਾਰਵਾਈ
NEXT STORY