ਜਲੰਧਰ -ਪ੍ਰਾਈਵੇਟ ਗੰਨਾ ਮਿੱਲਾਂ ਵਾਲਿਆਂ ਨੇ ਧੱਕਾ ਕੀਤਾ ਹੈ। ਤਿੰਨ ਸਾਲ ਹੋ ਗਏ ਕਿਸਾਨਾਂ ਨੂੰ ਗੰਨਾ ਸੁੱਟਿਆਂ ਅਤੇ ਜੇ ਕਿਸਾਨ ਨੂੰ ਮਿੱਲ ਪੈਸੇ ਨਾ ਦੇਵੇ ਤਾਂ ਇਹ ਧੱਕੇਸਾਹੀ ਹੀ ਹੈ। ਫਿਰ ਅੱਕ ਕੇ ਕਿਸਾਨ ਖ਼ੁਦਕੁਸ਼ੀ ਹੀ ਕਰਨਗੇ। ਨਿੱਜ਼ੀ ਮਿੱਲ ਮਾਲਕ ਹਾਕਮਾਂ ਨਾਲ ਮਿਲੇ ਹਨ ਅਤੇ ਵੋਟਾਂ ਵਿਚ ਉਨ੍ਹਾਂ ਨੂੰ ਪੈਸੇ ਦਿੰਦੇ ਹਨ। ਅਸੀਂ ਕਿਸਾਨਾਂ ਨਾਲ ਮਿਲ-ਬੈਠ ਕੇ ਇਸ ਮਸਲੇ ਦਾ ਹੱਲ ਕੱਢਿਆ ਹੈ। ਇਹ ਕਹਿਣਾ ਹੈ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿਘ ਧਾਲੀਵਾਲ ਦਾ। ਪੜ੍ਹੋ ‘ਜਗ ਬਾਣੀ’ ਦੇ ਪੱਤਰਕਾਰ ਰਮਨਦੀਪ ਸੋਢੀ ਨਾਲ ਵਿਸ਼ੇਸ਼ ਗੱਲਬਾਤ ਦੇ ਕੁਝ ਅੰਸ਼ :-
ਫਗਵਾੜਾ ਗੰਨਾ ਮਿੱਲ ਖ਼ਿਲਾਫ਼ ਕਿਸਾਨਾਂ ਦਾ ਧਰਨਾ ਸਰਕਾਰ ਲਈ ਸਿਰਦਰਦੀ ਬਣ ਗਿਆ ਹੈ, ਇਸ ਮਸਲੇ ਦਾ ਹੱਲ ਕਿਵੇਂ ਕਰੋਗੇ?
ਅਸੀਂ ਕਿਸਾਨਾਂ ਨਾਲ ਬੈਠ ਕੇ ਇਸ ਮਸਲੇ ਦਾ ਹੱਲ ਕੱਢਿਆ ਹੈ। ਪਿਛਲੇ ਸਾਲ ਦਾ ਸਰਕਾਰੀ ਗੰਨਾ ਮਿੱਲਾਂ ਵੱਲ 300 ਕਰੋੜ ਰੁਪਏ ਦਾ ਬਕਾਇਆ ਸੀ, ਜਿਸ ਦੀ ਪਹਿਲੀ ਕਿਸ਼ਤ 100 ਕਰੋੜ ਜਾਰੀ ਹੋ ਚੁੱਕੀ ਹੈ ਅਤੇ ਰਹਿੰਦੇ ਪੈਸੇ ਵੀ ਕਿਸ਼ਤਾਂ ’ਚ ਜਾਰੀ ਹੋ ਜਾਣਗੇ। ਨਿੱਜ਼ੀ ਮਿੱਲਾਂ ਦਾ ਵੀ ਕਰੀਬ 300 ਕਰੋੜ ਅਤੇ ਸਰਕਾਰੀ ਮਿੱਲਾਂ ਦਾ ਰਹਿੰਦਾ ਸਾਰਾ ਬਕਾਇਆ ਵੀ 7 ਸਤੰਬਰ ਤੱਕ ਜਾਰੀ ਕਰਨ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਕਮ ਜਾਰੀ ਕਰ ਦਿੱਤੇ ਸਨ। ਨਿੱਜੀ ਮਿੱਲਾਂ ਵਾਲਿਆਂ ਨੇ ਇਸ ਦੀ ਹਾਮੀ ਭਰੀ ਤੇ ਅਸੀਂ ਕਿਸਾਨਾਂ ਨਾਲ ਵਾਅਦਾ ਕੀਤਾ ਪਰ ਫਗਵਾੜਾ ਗੰਨਾ ਮਿੱਲ ਦਾ ਮਸਲਾ ਹੋਰ ਹੈ। ਇਸ ਮਿੱਲ ਦੇ ਮਾਲਕ ਠੱਗੀ ਮਾਰ ਗਏ। ਇਹ ਮਿੱਲ ਸਰਕਾਰੀ ਜ਼ਮੀਨ ’ਤੇ ਬਣੀ ਹੈ। ਫ਼ੈਸਲਾ ਹੋਇਆ ਕਿ ਮਿੱਲ ਦੀ ਪ੍ਰਾਪਰਟੀ ਵੇਚ ਕੇ ਕਿਸਾਨਾਂ ਦਾ ਬਕਾਇਆ ਦਿੱਤਾ ਜਾਵੇ ਪਰ ਫਿਰ ਪਤਾ ਚੱਲਿਆ ਕਿ ਪ੍ਰਾਪਰਟੀ ’ਤੇ ਵੀ ਲਿਮਟਾਂ ਹਨ। ਫਿਰ ਸਾਨੂੰ ਇਨ੍ਹਾਂ ਦੀ ਇਕ ਪ੍ਰਾਪਰਟੀ ਫਤਿਆਬਾਦ ਹਰਿਆਣਾ ਵਿਚ ਮਿਲੀ। ਸਾਡੇ ਅਫ਼ਸਰਾਂ ਨੇ ਸੋਚਿਆ ਕਿ ਕਰੀਬ 29 ਕਰੋੜ ਦੀ ਪ੍ਰਾਪਰਟੀ ਨੂੰ ਜਦੋਂ ਅਸੀਂ ਖੁੱਲ੍ਹੀ ਬੋਲੀ ’ਤੇ ਵੇਚਾਂਗੇ ਤਾਂ ਇਹ 40-45 ਕਰੋੜ ਰੁਪਏ ’ਚ ਵਿਕ ਜਾਵੇਗੀ। ਜਦੋਂ ਅਫ਼ਸਰ ਇਸਨੂੰ ਵੇਚਣ ਲੱਗੇ ਤਾਂ ਇਸ ਗੱਲ ਦਾ ਖੁਲਾਸਾ ਹੋਇਆ ਕਿ ਪਹਿਲਾਂ ਇਕ ਬੰਦੇ ਕੋਲੋਂ ਬਿਆਨਾ ਲਿਆ ਹੈ, ਜਦੋਂ ਖੁੱਲ੍ਹੀ ਬੋਲੀ ਹੋਈ ਤਾਂ ਜੇਕਰ ਉਹ ਬੰਦਾ ਹਾਈਕੋਰਟ ਚਲਾ ਗਿਆ ਤਾਂ ਕੇਸ ਉਲਝ ਜਾਵੇਗਾ। ਬਸ ਇਸੇ ਗੱਲ ਕਰਕੇ ਇਹ ਮਸਲਾ ਉਲਝ ਗਿਆ। ਇਸ ਨੂੰ ਮੈਂ ਆਪਣੇ ਅਫ਼ਸਰਾਂ ਦੀ ਗਲਤੀ ਮੰਨਦਾਂ ਹਾਂ। ਕਿਸਾਨਾਂ ਦਾ 72 ਕਰੋੜ ਇਸ ਮਿੱਲ ਵੱਲ ਬਕਾਇਆ ਹੈ। ਅਸੀਂ ਮਿੱਲ ਦੀ ਫਤਿਆਬਾਦ ਵਾਲੀ ਪ੍ਰਾਪਰਟੀ ਵੇਚ ਕੇ ਕਿਸਾਨਾਂ ਦੇ ਪੈਸੇ ਦੇਵਾਂਗੇ। ਜੋ ਬਕਾਇਆ ਬਚਿਆ ਉਸ ਦਾ ਵੀ ਜਲਦ ਹੱਲ ਕੱਢਿਆ ਜਾਵੇਗਾ।
ਇਹ ਵੀ ਪੜ੍ਹੋ: ਮੁੜ ਚਰਚਾ 'ਚ ਪੰਜਾਬ ਦਾ ਸਿਹਤ ਮਹਿਕਮਾ, ਮੰਤਰੀ ਜੌੜਾਮਾਜਰਾ ਨੇ ਦਫ਼ਤਰ ਦੇ ਬਾਹਰ ਚਿਪਕਾਇਆ ਇਹ ਨੋਟਿਸ
ਪੰਜਾਬ ਦੀ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੂੰ ਅਜੇ ਤਕ ਵਾਇਸ ਚਾਂਸਲਰ ਕਿਉਂ ਨਹੀਂ ਮਿਲਿਆ?
ਦਰਅਸਲ ਇਹ ਅਹੁਦਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੇਲੇ ਤੋਂ ਹੀ ਖ਼ਾਲੀ ਹੈ। ਅਸੀਂ ਅਪ੍ਰੈਲ ਮਹੀਨੇ 'ਚ ਹੀ ਅਰਜ਼ੀਆਂ ਲੈ ਲਈਆਂ ਸਨ। 50 ਤੋਂ ਵਧੇਰੇ ਵਿਅਕੀਆਂ ਨੇ ਅਰਜ਼ੀਆਂ ਆਈਆਂ ਜਿਨ੍ਹਾਂ 'ਚੋਂ 5 ਨੂੰ ਚੁਣਿਆ ਗਿਆ। ਮੇਰੇ ਮੰਤਰੀ ਬਣਨ 'ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਹਿਲਾਂ ਇਹੀ ਕਿਹਾ ਸੀ ਕਿ ਯੂਨੀਵਰਸਿਟੀ ਨੂੰ ਵੀ. ਸੀ. ਦਿੱਤਾ ਜਾਵੇ, ਜਿਸ 'ਤੇ ਮਾਨ ਸਾਬ੍ਹ ਨੇ ਜਲਦ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ। ਉਮੀਦ ਹੈ ਕਿ 15 ਅਗਸਤ ਤੱਕ ਯੂਨੀਵਰਸਿਟੀ ਨੂੰ ਨਵਾਂ ਵੀ. ਸੀ. ਮਿਲ ਜਾਵੇਗਾ। ਹੋਰ ਖ਼ਾਲੀ ਪੋਸਟਾਂ ਵੀ. ਸੀ. ਸਾਬ੍ਹ ਦੀ ਸਹਿਮਤੀ ਨਾਲ ਭਰੀਆਂ ਜਾਣਗੀਆਂ।
ਮੈਂ ਜਲਦ ਲੁਧਿਆਣਾ ਜਾ ਕੇ ਵਿਦਿਆਰਥੀਆਂ ਨਾਲ ਗੱਲਬਾਤ ਕਰਾਂਗਾ। ਜਿਨ੍ਹਾਂ ਕੈਟਾਗਰੀਆਂ ਨੂੰ ਇਸ ਇਸ਼ਤਿਹਾਰ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਉਨ੍ਹਾਂ ਨੂੰ ਆਉਂਦੇ ਸਮੇਂ ਜਾਰੀ ਹੋਣ ਵਾਲੇ ਨੌਕਰੀਆਂ ਦੇ ਇਸ਼ਤਿਹਾਰ ਵਿੱਚ ਰੱਖਿਆ ਜਾਵੇਗਾ। ਹੋਰ ਨੌਕਰੀਆਂ ਕੱਢੀਆਂ ਜਾਣਗੀਆਂ ਫ਼ਿਲਹਾਲ ਅਸੀਂ ਸਰਕਾਰ ਦੇ ਬਜਟ ਦੇ ਹਿਸਾਬ ਨਾਲ ਚੱਲ ਰਹੇ ਹਾਂ। ਸਰਕਾਰ ਜਦੋਂ ਨੌਕਰੀਆਂ ਦਾ ਇਸ਼ਤਿਹਾਰ ਕੱਢਦੀ ਹੈ ਤਾਂ ਸਭ ਕੁਝ ਵੇਖਣਾ ਪੈਂਦਾ ਹੈ ਕਿਉਂਕਿ ਤਨਖ਼ਾਹਾਂ ਵੀ ਦੇਣੀਆਂ ਹਨ। ਆਉਣ ਵਾਲੇ ਸਮੇਂ ’ਚ ਸਾਰਿਆਂ ਨੂੰ ਮੌਕਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਰੱਖੜੀ ਤੋਂ ਪਹਿਲਾਂ ਘਰ 'ਚ ਛਾਇਆ ਮਾਤਮ, ਮਾਪਿਆਂ ਦੇ ਇਕਲੌਤੇ ਪੁੱਤ ਦੀ ਸੜਕ ਹਾਦਸੇ 'ਚ ਮੌਤ
ਪੰਜਾਬ ਵਿੱਚ ਪੈਸਟੀਸਾਈਡ ਦੀ ਅਨਲਿਮਟਿਡ ਵਰਤੋਂ 'ਤੇ ਪਾਬੰਦੀ ਲਾਉਣ ਦਾ ਸਰਕਾਰ ਦਾ ਕੋਈ ਪਲੈਨ ਹੈ?
ਮੈਂ ਜਿਸ ਦਿਨ ਖੇਤੀਬਾੜੀ ਮਹਿਕਮੇ ਦਾ ਚਾਰਜ ਲਿਆ ਤਾਂ ਉਸੇ ਦਿਨ ਖ਼ਬਰ ਆ ਗਈ ਕਿ ਮਾਲਵੇ 'ਚ ਨਰਮੇ ਨੂੰ ਸੁੰਡੀ ਨਾਲ ਨੁਕਸਾਨ ਹੋ ਗਿਆ ਹੈ। ਅਸੀਂ 320 ਟੀਮਾਂ ਬਣਾਈਆਂ ਤੇ ਪੰਜਾਬ ਦੇ 7 ਜ਼ਿਲ੍ਹਿਆਂ ’ਚ ਗਏ। ਇਕ ਕਿਸਾਨ ਨੇ ਦੱਸਿਆ ਕਿ 6 ਵਾਰ ਸਪਰੇਅ ਕੀਤੀ ਪਰ ਮੱਖੀ ਨਹੀਂ ਮਰੀ। ਮੈਨੂੰ ਹੈਰਾਨੀ ਹੋਈ ਕਿ ਬੀਜ, ਖਾਧਾਂ, ਦਵਾਈਆਂ ਸਭ ਨਕਲੀ ਵਿਕ ਰਹੀਆਂ ਹਨ। ਪੰਜ ਸਟੋਰ ਅਸੀਂ ਸੀਲ ਕਰ ਦਿੱਤੇ। ਬਠਿੰਡਾ ਬਾਦਲਾਂ ਦਾ ਗੜ੍ਹ ਹੈ ਤੇ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਰਹੇ ਹਨ ਪਰ ਹੈਰਾਨੀਜਨਕ ਹੈ ਕਿ ਇਥੇ ਸਭ ਤੋਂ ਵੱਧ ਨਕਲੀ ਦਵਾਈਆਂ ਵਿਕਦੀਆਂ ਹਨ। ਪੰਜਾਬ ਕੇਸਰੀ 'ਚ ਛਪੀ ਇਕ ਖ਼ਬਰ ਤੋਂ ਖ਼ੁਲਾਸਾ ਹੋਇਆ ਕਿ ਸਾਡੇ ਇਕ ਚੀਫ਼ ਐਗਰੀਕਲਚਰ ਅਫ਼ਸਰ ਪ੍ਰਿਤਪਾਲ ਸਿੰਘ ਦੀ ਰਜ਼ਾਮੰਦੀ ਨਾਲ ਨਕਲੀ ਦਵਾਈਆਂ ਵੇਚੀਆਂ ਜਾ ਰਹੀਆਂ ਹਨ, ਮੈਂ ਫੌਰੀ ਤੌਰ ਤੇ ਉਸਨੂੰ ਸਸਪੈਂਡ ਕਰਨ ਦਾ ਆਦੇਸ਼ ਦਿੱਤਾ। ਮੈਂ ਅਫ਼ਸਰਾਂ ਦੀ ਇਕ ਟੀਮ ਵੀ ਬਣਾ ਰਿਹਾ ਹਾਂ ਜਿਹੜੀ ਪੂਰੇ ਪੰਜਾਬ ਵਿੱਚ ਇਸ ਨਕਲੀ ਦਵਾਈਆਂ ਜਾਂ ਬੀਜਾਂ 'ਤੇ ਨਜ਼ਕਸਾਨੀ ਰੱਖੇਗੀ। ਅਸੀਂ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਾਂਗੇ ਤੇ ਇਸ ਪ੍ਰਤੀ ਕਿਸਾਨਾਂ ਨੂੰ ਵੀ ਜਾਗਰੂਕ ਕਰ ਰਹੇ ਹਾਂ। ਵਿਦੇਸ਼ੀਆਂ ਦੀ ਵੱਡੀ ਚਿੰਤਾ ਇਹੀ ਹੈ ਕਿ ਪੰਜਾਬ ਵਿੱਚ ਖਾਣਾ ਵਾਲ ਸਭ ਕੁਝ ਨਕਲੀ ਹੈ। ਮੈਂ ਸੋਚਦਾ ਹਾਂ ਕਿ ਸਭ ਤੋਂ ਪਹਿਲਾਂ ਪੰਜਾਬ ਵਿੱਚ ਕਾਨੂੰਨ ਦਾ ਰਾਜ ਸਥਾਪਿਤ ਕਰਨਾ ਪਵੇਗਾ। ਜਿਹੜਾ ਬੰਦਾ ਗਲਤ ਕੰਮ ਕਰਦਾ ਉਸ ਨੂੰ ਪਤਾ ਹੋਣਾ ਚਾਹੀਦਾ ਕਿ ਸਾਨੂੰ ਜੇਲ੍ਹ 'ਚ ਸੁੱਟ ਦਿੱਤਾ ਜਾਵੇਗਾ।
ਸਾਹਿਤ ਪ੍ਰੇਮੀ ਹਨ ਮੰਤਰੀ ਸਾਬ
ਮੈਨੂੰ ਡਾ. ਜਗਤਾਰ, ਸੁਰਜੀਤ ਪਾਤਰ, ਪ੍ਰੋ. ਮੋਹਨ ਸਿੰਘ, ਪੂਰਨ ਸਿੰਘ ਬਹੁਤ ਪਿਆਰੇ ਲਗਦੇ ਹਨ। ਹਾਸ਼ਮ ਸ਼ਾਹ ਜੀ ਮੇਰੇ ਪਿੰਡ ਦੇ ਸਨ। ਅਸਲ ਵਿੱਚ ਬੰਦੇ ਦੇ ਅੰਦਰੋਂ ਪਿਆਰ ਵਾਲੀਆਂ ਗੱਲਾਂ ਮਰਨੀਆਂ ਨਹੀਂ ਚਾਹੀਦੀਆਂ। ਇਸੇ ਕਰਕੇ ਕਦੇ-ਕਦੇ ਮੈਂ ਸ਼ਿਵ ਕੁਮਾਰ ਨੂੰ ਪੜ੍ਹਦਾ ਹਾਂ। ਜਗਦੇਵ ਕਲਾਂ ਵਿਖੇ ਬਣਿਆ ਪੰਜਾਬ ਦਾ ਇੱਕੋ ਇਕ ਸਕੂਲ ਹੈ ਜੋ ਕਿਸੇ ਲੇਖਕ ਦੇ ਨਾਂ 'ਤੇ ਬਣਿਆ ਹੈ। ਜਗਦੇਵ ਕਲਾਂ ਵਿਖੇ ਹਾਸ਼ਮ ਸ਼ਾਹ ਦੀ ਯਾਦ ਵਿੱਚ ਟਰੱਸਟ ਬਣਿਆ ਹੈ ਜਿਸਦਾ ਮੈਂ ਪ੍ਰਧਾਨ ਹਾਂ। ਮੈਨੂੰ ਲਗਦਾ ਹੈ ਕਿ ਜਿਹੜਾ ਸਾਹਿਤ ਹੁਣ ਲਿਖਿਆ ਜਾ ਰਿਹਾ ਹੈ ਸ਼ਾਇਦ ਉਹ ਲੋਕਾਂ ਦੇ ਹਾਣ ਦਾ ਨਹੀਂ। ਲਿਖਣ ਵਾਲੇ ਉਸ ਹੱਦ ਤੱਕ ਨਹੀਂ ਪਹੁੰਚ ਰਹੇ ਜੋ ਪਾਠਕ ਉਮੀਦ ਕਰਦਾ ਹੈ। ਜਿੱਥੇ ਬੰਦਾ ਮਰ ਰਿਹਾ ਹੋਵੇ ਤੇ ਸਾਹਿਤ ਬੰਦੇ ਦੇ ਉਪਰੋਂ ਨਹੀਂ ਨਿਕਲਣਾ ਚਾਹੀਦਾ। ਸਾਹਿਤ ਤਾਂ ਸੰਤ ਰਾਮ ਉਦਾਸੀ ਵਾਲਾ ਹੋਣਾ ਚਾਹੀਦਾ ਹੈ ਜਿਸਨੇ ਕਿਹਾ ਸੀ 'ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ'। ਕੰਮੀਆਂ ਦਾ ਵਿਹੜਾ ਅੱਜ ਵੀ ਸੂਰਜ ਨੂੰ ਉਡੀਕ ਰਿਹਾ ਹੈ। ਮੈਨੂੰ ਲਗਦਾ ਹੈ ਕਿ ਮੁੱਖ ਮੰਤਰੀ ਮਾਨ ਸਾਬ੍ਹ ਕੰਮੀਆਂ ਦੇ ਵਿਹੜੇ ਚਾਨਣ ਜ਼ਰੂਰ ਕਰਨਗੇ।
ਇਹ ਵੀ ਪੜ੍ਹੋ: ਅਹਿਮ ਖ਼ਬਰ: ਪੰਜਾਬ ਪੁਲਸ ’ਚ ਸਬ ਇੰਸਪੈਕਟਰਾਂ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ, ਇੰਝ ਹੋਵੇਗੀ ਪ੍ਰੀਖਿਆ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਪੈਟਰੋਲ ਪੰਪ ਦੇ ਮਾਲਕ ਦਾ ਦੇਰ ਰਾਤ ਗੋਲੀਆਂ ਮਾਰ ਕੀਤਾ ਕਤਲ
NEXT STORY