ਚੰਡੀਗੜ੍ਹ (ਅਸ਼ਵਨੀ) : ਕੇਂਦਰ ਸਰਕਾਰ ਨੇ ਸ਼ਲਾਘਾਯੋਗ ਪ੍ਰਾਪਤੀਆਂ ਵਾਲੀਆਂ ਪੰਚਾਇਤੀ ਰਾਜ ਸੰਸਥਾਵਾਂ ਲਈ ਸਾਲ 2018-19 ਦੇ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੀਆਂ ਦੋ ਬਲਾਕ ਸੰਮਤੀਆਂ, 9 ਪੰਚਾਇਤਾਂ, ਇਕ ਗਰਾਮ ਸਭਾ ਅਤੇ ਇਕ ਜ਼ਿਲ੍ਹਾ ਪ੍ਰੀਸ਼ਦ ਦੀ ਇਨ੍ਹਾਂ ਕੌਮੀ ਪੁਰਸਕਾਰਾਂ ਲਈ ਚੋਣ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਕੋਵਿਡ-19 ਕਾਰਨ ਇਨ੍ਹਾਂ ਰਾਸ਼ਟਰੀ ਪੁਰਸਕਾਰਾਂ ਦਾ ਐਲਾਨ ਭਾਰਤ ਸਰਕਾਰ ਵਲੋਂ 16 ਜੂਨ ਨੂੰ ਕੀਤਾ ਗਿਆ ਹੈ। ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਨ੍ਹਾਂ ਪੰਚਾਇਤੀ ਰਾਜ ਸੰਸਥਾਵਾਂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਇਨ੍ਹਾਂ ਸੰਸਥਾਵਾਂ ਦੀ ਮਿਹਨਤ ਨਾਲ ਪੰਜਾਬ ਦਾ ਨਾਂ ਕੌਮੀ ਪੱਧਰ ’ਤੇ ਹੋਰ ਚਮਕਿਆ ਹੈ।
ਇਹ ਵੀ ਪੜ੍ਹੋ : ...ਤੇ ਨਵਜੋਤ ਸਿੱਧੂ ਦੇ 'ਆਪ' 'ਚ ਜਾਣ ਦੀ ਚਰਚਾ ਨੇ ਹਿਲਾ ਦਿੱਤੇ ਕਾਂਗਰਸੀ-ਅਕਾਲੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੀ ਵਿੱਤੀ ਕਮਿਸ਼ਨਰ ਸੀਮਾ ਜੈਨ ਨੇ ਦੱਸਿਆ ਕਿ ਪੰਜਾਬ ਦੀਆਂ 7 ਗਰਾਮ ਪੰਚਾਇਤਾਂ, 2 ਬਲਾਕ ਪੰਚਾਇਤਾਂ ਅਤੇ 1 ਜ਼ਿਲਾ ਪ੍ਰੀਸ਼ਦ ਨੂੰ ਵਧੀਆ ਕਾਰਗੁਜ਼ਾਰੀ ਲਈ ਦੀਨਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਲਈ ਚੁਣਿਆ ਗਿਆ ਹੈ। ਇਨ੍ਹਾਂ 'ਚ ਜ਼ਿਲ੍ਹਾ ਪ੍ਰੀਸ਼ਦ ਮੁਕਤਸਰ ਨੂੰ 50 ਲੱਖ, ਬਲਾਕ ਸੰਮਤੀ ਮਾਛੀਵਾੜਾ-ਬਲਾਕ ਮਾਛੀਵਾੜਾ-ਜ਼ਿਲ੍ਹਾ ਲੁਧਿਆਣਾ, ਨਵਾਂਸ਼ਹਿਰ-ਬਲਾਕ ਐੱਸ. ਬੀ. ਐੱਸ. ਨਗਰ-ਜ਼ਿਲ੍ਹਾ ਐੱਸ. ਬੀ. ਐੱਸ. ਨਗਰ ਨੂੰ 25 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਗਰਾਮ ਪੰਚਾਇਤ ਰਣਸ਼ੀਹ ਕਲਾਂ-ਬਲਾਕ ਨਿਹਾਲ ਸਿੰਘ ਵਾਲਾ- ਜ਼ਿਲ੍ਹਾ ਮੋਗਾ, ਪਿੰਡ ਬੜਾ-ਬਲਾਕ ਰੂਪਨਗਰ- ਜ਼ਿਲ੍ਹਾ ਰੂਪਨਗਰ, ਪਿੰਡ ਭੱਦਲਵੜ-ਬਲਾਕ ਧੂਰੀ- ਜ਼ਿਲ੍ਹਾ ਸੰਗਰੂਰ, ਪਿੰਡ ਢਕੋਰਾ ਕਲਾਂ-ਬਲਾਕ ਮਾਜਰੀ- ਜ਼ਿਲ੍ਹਾ ਐੱਸ. ਏ. ਐੱਸ. ਨਗਰ, ਪਿੰਡ ਰੁਰੇਵਾਲ-ਬਲਾਕ ਮਾਛੀਵਾੜਾ- ਜ਼ਿਲ੍ਹਾ ਲੁਧਿਆਣਾ, ਪਿੰਡ ਸੀਚੇਵਾਲ-ਬਲਾਕ ਲੋਹੀਆਂ ਖਾਸ- ਜ਼ਿਲ੍ਹਾ ਜਲੰਧਰ ਅਤੇ ਪਿੰਡ ਟਹਿਣਾ-ਬਲਾਕ ਫਰੀਦਕੋਟ-ਜ਼ਿਲ੍ਹਾ ਫਰੀਦਕੋਟ ਨੂੰ 5 ਤੋਂ 10 ਲੱਖ ਰੁਪਏ ਦਿੱਤੇ ਜਾਣਗੇ। ਪੰਜਾਬ ਰਾਜ ਦਿਹਾਤੀ ਵਿਕਾਸ ਸੰਸਥਾ ਦੀ ਕੌਮੀ ਪੁਰਸਕਾਰਾਂ ਦੀ ਨੋਡਲ ਅਧਿਕਾਰੀ ਡਾ. ਰੋਜੀ ਵੈਦ ਨੇ ਦੱਸਿਆ ਕਿ ਇਨ੍ਹਾਂ ਪੁਰਸਕਾਰਾਂ ਤੋਂ ਇਲਾਵਾ ਗਰਾਮ ਸਭਾ ਦੀ ਵਧੀਆ ਕਾਰਗੁਜ਼ਾਰੀ ਵਾਲੀ ਗਰਾਮ ਪੰਚਾਇਤ ਨੂੰ ਨਾਨਾ ਜੀ ਦੇਸ਼ਮੁਖ ਰਾਸ਼ਟਰੀ ਗੌਰਵ ਪੁਰਸਕਾਰ ਵੀ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਤੇਜ਼ੀ ਨਾਲ ਫੈਲ ਰਿਹੈ 'ਕੋਰੋਨਾ', ਹੁਣ ਇਸ ਸੈਕਟਰ 'ਚ ਦਿੱਤੀ ਦਸਤਕ
ਸੂਬੇ ਦੀ ਗਰਾਮ ਪੰਚਾਇਤ ਰਣਸੀਹ ਕਲਾਂ- ਬਲਾਕ- ਨਿਹਾਲ ਸਿੰਘ ਵਾਲਾ-ਜ਼ਿਲ੍ਹਾ ਮੋਗਾ ਨੂੰ ਇਸ ਇਨਾਮ ਲਈ ਚੁਣਿਆ ਗਿਆ ਹੈ, ਜਿਸ ਦੀ ਇਨਾਮੀ ਰਾਸ਼ੀ 10 ਲੱਖ ਰੁਪਏ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਗਰਾਮ ਪੰਚਾਇਤ ਵਿਕਾਸ ਯੋਜਨਾ (ਜੀ. ਪੀ. ਡੀ. ਪੀ.) ਪੁਰਸਕਾਰ ਵੀ ਦਿੱਤਾ ਜਾਂਦਾ ਹੈ, ਇਹ ਪੁਰਸਕਾਰ ਉਨ੍ਹਾਂ ਗਰਾਮ ਪੰਚਾਇਤਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਪੰਚਾਇਤੀ ਰਾਜ ਮੰਤਰਾਲਾ, ਭਾਰਤ ਸਰਕਾਰ ਵਲੋਂ ਜਾਰੀ ਮਾਡਲ ਦਿਸ਼ਾ-ਨਿਰਦੇਸ਼ਾ ਅਨੁਸਾਰ ਪੰਚਾਇਤ ਦੀ ਗਰਾਮ ਪੰਚਾਇਤ ਵਿਕਾਸ ਯੋਜਨਾ (ਜੀ. ਪੀ. ਡੀ. ਪੀ) ਬਣਾਈ ਹੋਵੇ। ਇਹ ਪੁਰਸਕਾਰ ਗਰਾਮ ਪੰਚਾਇਤ ਛੀਨਾ-ਬਲਾਕ ਧਾਰੀਵਾਲ-ਜ਼ਿਲ੍ਹਾ ਗੁਰਦਾਸਪੁਰ ਨੂੰ ਮਿਲਿਆ ਹੈ, ਜਿਸ ਨੂੰ 5 ਲੱਖ ਰੁਪਏ ਦਿੱਤੇ ਜਾਣਗੇ। ਪੰਚਾਇਤੀ ਰਾਜ ਮੰਤਰਾਲਾ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਮਾਜਕ ਵਿਕਾਸ ਲਈ ਬੱਚਿਆਂ ਦੀ ਸਿਹਤ ਦੇ ਵਿਕਾਸ ਲਈ ਕੰਮ ਕਰਨ ਵਾਲੀ ਹਰੇਕ ਸੂਬੇ ’ਚੋਂ ਵਧੀਆ ਬੱਚਿਆਂ ਲਈ ਸੁਖਾਵੀਂ ਗਰਾਮ ਪੰਚਾਇਤ ਨੂੰ 5 ਲੱਖ ਦੀ ਇਨਾਮੀ ਰਾਸ਼ੀ ਵਾਲਾ ਚਾਈਲਡ ਫਰੈਂਡਲੀ ਗ੍ਰਾਮ ਪੰਚਾਇਤ ਐਵਾਰਡ ਦਿੱਤਾ ਜਾਂਦਾ ਹੈ, ਜੋ ਗਰਾਮ ਪੰਚਾਇਤ ਅਸਰਪੁਰ- ਬਲਾਕ ਸਨੌਰ- ਜ਼ਿਲ੍ਹਾ ਪਟਿਆਲਾ ਨੇ ਹਾਸਲ ਕੀਤਾ ਹੈ।
ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਤੇ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਦਾ ਵੱਡਾ ਬਿਆਨ
NEXT STORY