ਨਾਭਾ (ਸੁਸ਼ੀਲ ਜੈਨ) - ਨਾਭਾ, ਪਟਿਆਲਾ ਤੇ ਜੀਂਦ ਦੇ ਮਹਾਰਾਜੇ ਇਕੋ ਖਾਨਦਾਨ ਵਿਚੋਂ ਸਨ, ਜਿਨ੍ਹਾਂ ਨੂੰ ਫੁਲਕੀਆਂ ਖਾਨਦਾਨ ਕਿਹਾ ਜਾਂਦਾ ਸੀ। ਨਾਭਾ ਰਿਆਸਤ ਵਿਚ ਰਾਜਾ ਹਮੀਰ ਸਿੰਘ (1755-1783), ਮਹਾਰਾਜਾ ਜਸਵੰਤ ਸਿੰਘ, ਰਾਜਾ ਭਰਪੂਰ ਸਿੰਘ, ਰਾਜਾ ਭਗਵਾਨ ਸਿੰਘ, ਮਹਾਰਾਜਾ ਹੀਰਾ ਸਿੰਘ, ਮਹਾਰਾਜਾ ਰਿਪੁਦਮਨ ਸਿੰਘ ਤੇ ਮਹਾਰਾਜਾ ਪ੍ਰਤਾਪ ਸਿੰਘ ਨੇ ਸ਼ਾਸਨ ਕੀਤਾ। ਮਹਾਰਾਜਾ ਰਿਪੁਦਮਨ ਸਿੰਘ ਮਹਾਨ ਦੇਸ਼ ਭਗਤ ਸਨ। ਇਸ ਮਹਾਰਾਜਾ ਨੇ ਆਨੰਦ ਮੈਰਿਜ ਬਿੱਲ ਪਾਸ ਕਰਵਾ ਕੇ ਸਿੱਖ ਪੰਥ ਦੀ ਵਡਮੁੱਲੀ ਸੇਵਾ ਕੀਤੀ। ਆਪ ਨੂੰ ਅੰਗਰੇਜ਼ਾਂ ਨੇ ਜਲਾਵਤਨ ਕਰ ਕੇ ਕੌੜਾਕਨਾਲ (ਤਾਮਿਲਨਾਡੂ) ਭੇਜਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਾਰਾਜਾ ਨਾਭਾ ਨੂੰ ਇਨਸਾਫ ਦਿਵਾਉਣ ਲਈ 9 ਸਤੰਬਰ 1923 ਨੂੰ ਨਾਭਾ ਵਿਚ ਕਾਲਾ ਦਿਨ ਮਨਾਇਆ, ਉਸ ਸਮੇਂ ਜੈਤੋਂ ਮੋਰਚਾ ਲਾਇਆ ਗਿਆ। ਜੈਤੋਂ ਨਾਭਾ ਰਿਆਸਤ ਦੀ ਵੱਡੀ ਮੰਡੀ ਸੀ। ਪੰਡਤ ਜਵਾਹਰ ਲਾਲ ਨਹਿਰੂ ਜੈਤੋਂ ਮੋਰਚਾ ਦਾ ਜਾਇਜ਼ਾ ਲੈਣ ਲਈ ਏ. ਟੀ. ਗਿਡਵਾਨੀ ਤੇ ਕੇ. ਸੰਤਾਨਮ ਨਾਲ ਦਿੱਲੀ ਤੋਂ ਨਾਭਾ ਰੇਲਵੇ ਸਟੇਸ਼ਨ ਪਹੁੰਚੇ। ਪੁਲਸ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਕੇ ਹੱਥਕੜੀਆਂ ਲਾ ਕੇ ਨਾਭਾ ਦੀ ਚੂਹਿਆਂ ਵਾਲੀ ਜੇਲ ਵਿਚ 23 ਸਤੰਬਰ 1923 ਨੂੰ ਬੰਦ ਕਰ ਦਿੱਤਾ, ਜਿਸ ਦਾ ਉਨ੍ਹਾਂ ਨੇ ਆਪਣੀ ਆਤਮ ਕਥਾ ਵਿਚ ਵੀ ਜ਼ਿਕਰ ਕੀਤਾ। ਅੰਗਰੇਜ਼ਾਂ ਵੱਲੋਂ ਪੰਡਤ ਨਹਿਰੂ ਦੇ ਮੁੜ ਨਾਭਾ ਵਿਚ ਦਾਖਲੇ 'ਤੇ ਪਾਬੰਦੀ ਲਾ ਦਿੱਤੀ ਗਈ ਸੀ। ਪੰਡਤ ਨਹਿਰੂ ਜਦੋਂ ਪ੍ਰਧਾਨ ਮੰਤਰੀ ਬਣ ਕੇ ਨਾਭਾ ਆਏ ਤਾਂ ਉਨ੍ਹਾਂ ਨੇ ਸ਼ਹਿਰ ਵਿਚ ਪ੍ਰਵੇਸ਼ ਨਹੀਂ ਕੀਤਾ ਸੀ ਸਗੋਂ ਆਰਮੀ ਚੌਕ ਵਿਚ ਹੀ ਰੈਲੀ ਕਰ ਕੇ ਵਾਪਸ ਚਲੇ ਗਏ ਸਨ। ਇਥੇ ਪੰਡਤ ਨਹਿਰੂ ਦੀ ਯਾਦ ਵਿਚ 1973 ਵਿਚ ਨਹਿਰੂ ਯਾਦਗਾਰੀ ਜੇਲ ਅਤੇ 1992 ਵਿਚ ਚਾਚਾ ਨਹਿਰੂ ਚਿਲਡਰਨ ਪਾਰਕ ਕਾਇਮ ਕੀਤਾ ਗਿਆ। ਹੁਣ ਜੇਲ ਇਮਾਰਤ ਵਿਚ ਗੰਦਗੀ ਫੈਲ ਚੁੱਕੀ ਹੈ ਅਤੇ ਪਾਰਕ ਉਜੜ ਗਿਆ ਹੈ। ਪੰਡਤ ਨਹਿਰੂ ਦਾ ਬੁੱਤ ਵੀ ਕਈ ਥਾਂ ਤੋਂ ਟੁੱਟ ਚੁੱਕਾ ਹੈ। ਨਹਿਰੂ ਪਰਿਵਾਰ ਦਾ ਇਸ ਰਿਆਸਤੀ ਸ਼ਹਿਰ ਨਾਲ ਨਿੱਘਾ ਰਿਸ਼ਤਾ ਰਿਹਾ। ਨਹਿਰੂ ਦੀ ਜ਼ਮਾਨਤ ਲਈ ਪੰਡਤ ਮੋਤੀ ਲਾਲ ਇਥੇ ਪਹੁੰਚੇ ਸਨ।
ਸ਼੍ਰੀਮਤੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਵਜੋਂ ਇਥੇ 1982 ਵਿਚ ਪੁਰਾਣੀਆਂ ਪਰਿਵਾਰਕ ਯਾਦਾਂ ਸਾਂਝੀਆਂ ਕਰਨ ਲਈ ਆਏ। ਇੰਦਰਾ ਜੀ ਦਾ ਬੇਟਾ ਸੰਜੇ ਗਾਂਧੀ ਇਥੇ 1980 ਵਿਚ ਆਇਆ, ਜਦੋਂ ਕਿ ਰਾਜੀਵ ਗਾਂਧੀ ਇਥੇ ਪ੍ਰਧਾਨ ਮੰਤਰੀ ਬਣ ਕੇ 1985 ਵਿਚ ਆਏ। ਸਵ. ਸੰਜੇ ਦੀ ਪਤਨੀ ਤੇ ਮੌਜੂਦਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੂੰ ਇਥੇ ਇਕ ਵਾਰੀ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਸੀ, ਜਿਸ ਨੂੰ ਜ਼ਮਾਨਤ 'ਤੇ ਐੱਸ. ਡੀ. ਐੱਮ. ਸ਼੍ਰੀ ਪਵਾਰ ਨੇ ਰਿਹਾਅ ਕਰਵਾਇਆ ਸੀ। ਕੈ. ਅਮਰਿੰਦਰ ਸਿੰਘ ਨੇ ਰਾਜੀਵ ਗਾਂਧੀ ਪਾਰਕ ਦਾ 3 ਜੂਨ 2005 ਨੂੰ ਉਦਘਾਟਨ ਕਰ ਕੇ ਬੁੱਤ ਲਵਾਇਆ ਪਰ ਕਦੇ ਵੀ ਕਿਸੇ ਕਾਂਗਰਸੀ ਆਗੂ/ਵਿਧਾਇਕ ਨੇ ਨਾ ਹੀ ਪੰਡਤ ਨਹਿਰੂ ਤੇ ਨਾ ਹੀ ਰਾਜੀਵ ਗਾਂਧੀ ਦੇ ਬੁੱਤ 'ਤੇ ਸ਼ਰਧਾਂਜਲੀ ਭੇਟ ਕੀਤੀ। ਹੁਣ ਪੰਜਾਬ ਵਿਚ ਕਾਂਗਰਸ ਸਰਕਾਰ ਹੈ, ਹਲਕੇ ਦਾ ਇੰਕਾ ਵਿਧਾਇਕ ਧਰਮਸੌਤ ਕੈਬਨਿਟ ਮੰਤਰੀ ਹਨ ਅਤੇ ਨਗਰ ਕੌਂਸਲ ਵਿਚ ਵੀ 15 ਮਈ 2017 ਤੋਂ ਇੰਕਾ ਦਾ ਕਬਜ਼ਾ ਹੈ ਪਰ ਪਾਰਕ ਤੇ ਬੁੱਤਾਂ ਦੀ ਸੰਭਾਲ ਦੀ ਬਜਾਏ ਪਾਰਕ ਨੂੰ ਗੰਦਗੀ ਡੰਪ ਬਣਾ ਦਿੱਤਾ ਗਿਆ ਹੈ।
ਟਕਸਾਲੀ ਕਾਂਗਰਸੀ ਕੈਲਾਸ਼ ਪੱਪੂ ਦਾ ਕਹਿਣਾ ਹੈ ਕਿ ਅਸੀਂ ਬਾਦਲ ਸ਼ਾਸਨ ਦੌਰਾਨ 1978 ਵਿਚ ਪੰਜਾਬ ਵਿਧਾਨ ਸਭਾ ਸੈਸ਼ਨ ਵਿਚ ਕਾਂਗਰਸ ਦੇ ਹੱਕ ਵਿਚ ਪੋਸਟਰ ਸੁੱਟ ਕੇ ਜੇਲ ਯਾਤਰਾ ਕੀਤੀ ਸੀ ਪਰ ਹੁਣ ਸਾਡੇ ਹੀ ਰਾਜ ਵਿਚ ਸਾਡੇ ਸਾ. ਪ੍ਰਧਾਨ ਮੰਤਰੀਆਂ ਦੀਆਂ ਯਾਦਗਾਰਾਂ ਦਾ ਅਪਮਾਨ ਦੇਖ ਕੇ ਰੋਣਾ ਆਉਣਾ ਹੈ। ਦੇਸ਼ ਭਗਤਾਂ ਦੇ ਨਾਂ 'ਤੇ ਸਿਆਸਤ ਕਰਨ ਵਾਲੇ ਆਗੂਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ ਹੁਣ ਅਸੀਂ ਆਪਣੀ ਹੀ ਸਰਕਾਰ ਖਿਲਾਫ ਅੰਦੋਲਨ ਵੀ ਨਹੀਂ ਕਰ ਸਕਦੇ।
ਮੇਅਰ ਲੰਚ ਡਿਪਲੋਮੇਸੀ ਰਾਹੀਂ ਖੁਸ਼ ਕਰਨਗੇ ਕੌਂਸਲਰਾਂ ਨੂੰ
NEXT STORY