ਪਟਿਆਲਾ (ਜੋਸਨ) - ਮੁੱਖ ਮੰਤਰੀ ਦੇ ਆਪਣੇ ਸ਼ਹਿਰ ਪਟਿਆਲਾ ਦੇ ਨਗਰ ਨਿਗਮ 'ਤੇ ਕਾਬਜ਼ ਹੋਏ ਕਾਂਗਰਸੀ ਕੌਂਸਲਰਾਂ ਦਾ ਪਹਿਲਾ ਜਨਰਲ ਹਾਊਸ ਨਗਰ ਨਿਗਮ ਵਿਖੇ ਅੱਜ 1 ਫਰਵਰੀ ਨੂੰ ਦੁਪਿਹਰ 3 ਵਜੇ ਹੋਵੇਗਾ । ਨਿਗਮ ਦੇ ਮੇਅਰ ਸੰਜੀਵ ਬਿੱਟੂ ਪੂਰੀ ਡਿਪਲੋਮੈਟ ਪਾਲਿਸੀ ਤਹਿਤ ਇਸ ਜਨਰਲ ਹਾਊਸ ਤੋਂ ਪਹਿਲਾ ਆਪਣੀ ਡਿਪਲੋਮੇਸੀ ਰਾਹੀਂ ਨਿਗਮ ਦੇ ਸਾਰੇ ਕੌਂਸਲਰਾਂ ਨੂੰ ਦੁਪਹਿਰ 1 ਵਜੇ ਮਹਾਰਾਣੀ ਕਲੱਬ ਪਟਿਆਲਾ ਵਿਖੇ ਲੰਚ ਕਰਾਉਣਗੇ ਤੇ ਫਿਰ ਨਿਗਮ ਦਫਤਰ ਵਿਚ ਲੈ ਕੇ ਆਉਣਗੇ ।
60 ਵਿਚੋਂ 59 ਕੌਂਸਲਰ ਹਨ ਕਾਂਗਰਸ ਪਾਰਟੀ ਦੇ
ਹਾਲਾਂਕਿ ਪਟਿਆਲਾ ਨਿਗਮ ਦੇ 60 ਕੌਂਸਲਰਾਂ ਵਿਚੋਂ 59 ਕੌਂਸਲਰ ਕਾਂਗਰਸ ਦੇ ਆਪਣੇ ਹਨ ਪਰ ਇਨ੍ਹਾਂ ਵਿਚੋਂ 26 ਕੌਂਸਲਰ ਪਟਿਆਲਾ ਦਿਹਾਤੀ ਹਲਕੇ ਦੇ ਹਨ ਜਿਹੜੇ ਕਿ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨਾਲ ਸਬੰਧ ਰੱਖਦੇ ਹਨ। ਦੋ ਕੌਂਸਲਰ ਹਲਕਾ ਸਨੌਰ ਦੇ ਕਾਂਗਰਸ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਦੇ ਕੋਟੇ ਵਿਚੋਂ ਹਨ, ਜਦੋਂ ਕਿ 31 ਕੌਂਸਲਰ ਪਟਿਆਲਾ ਸ਼ਹਿਰੀ ਵਿਚੋਂ ਹਨ। ਸਾਰੇ ਕੌਂਸਲਰ ਕਾਂਗਰਸੀ ਹੋਣ ਕਾਰਨ ਜਨਰਲ ਹਾਊਸ ਵਿਚ ਕੋਈ ਵਿਰੋਧ ਨਾ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਪਰ ਫਿਰ ਵੀ ਨਿਗਮ ਦੇ ਮੇਅਰ ਆਪਣੀ ਡਿਪਲੋਮੈਟ ਪਾਲਿਸੀ ਨਾਲ ਸਭ ਨੂੰ ਚਿੱਤ ਕਰਨਾ ਚਾਹੁੰਦੇ ਹਨ।
ਸ਼ਹਿਰ ਦੇ 31 ਕੌਂਸਲਰ 3 ਧੜਿਆਂ 'ਚ ਵੰਡੇ ਹੋਏ
ਪਟਿਆਲਾ ਸ਼ਹਿਰ ਦੇ 31 ਕੌਂਸਲਰ ਕਾਂਗਰਸੀ ਹੋਣ ਦੇ ਬਾਵਜੂਦ 3 ਧੜਿਆਂ ਵਿਚ ਵੰਡੇ ਹੋਏ ਹਨ। ਇਕ ਧੜੇ ਦੀ ਅਗਵਾਈ ਮੇਅਰ ਬਿੱਟੂ ਆਪ ਕਰਦੇ ਹਨ ਜਦ ਕਿ ਦੂਜੇ ਧੜੇ ਦੀ ਅਗਵਾਈ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ ਕਰਦੇ ਹਨ ਅਤੇ ਤੀਜੇ ਧੜੇ ਦੀ ਅਗਵਾਈ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਕਰਦੇ ਹਨ। ਹਲਾਂਕਿ ਹਮੇਸ਼ਾ ਹੀ ਇਹ ਦਾਅਵਾ ਕੀਤਾ ਜਾਂਦਾ ਹੈ ਸਾਰੇ ਕੌਂਸਲਰਾਂ ਵਿਚ ਕੋਈ ਵੀ ਧੜੇਬੰਦੀ ਨਹੀ ਹੈ ।
ਹਰ ਤਰ੍ਹਾਂ ਦੇ ਵਿਰੋਧ ਨੂੰ ਖਤਮ ਕਰਨਾ ਚਾਹੰਦੇ ਹਨ ਮੇਅਰ
ਮੇਅਰ ਨੇ ਸਭ ਤੋਂ ਪਹਿਲਾ ਲੰਘੇ ਕੱਲ ਹੀ ਪਟਿਆਲਾ ਦਿਹਾਤੀ ਦੇ ਕੌਂਸਲਰਾਂ ਨਾਲ ਮੀਟਿੰਗ ਕਰ ਕੇ ਇਹ ਦਾਅਵਾ ਕੀਤਾ ਹੈ ਕਿ ਸਾਰੇ ਕੌਂਸਲਰ ਉਸ ਦੇ ਆਪਣੇ ਹਨ ਤੇ ਫਿਰ ਸਨੌਰ ਹਲਕੇ ਦੇ 2 ਕੌਂਸਲਰਾਂ ਨਾਲ ਵੀ ਮੀਟਿੰਗ ਕੀਤੀ ਹੈ। ਇਸ ਤੋਂ ਬਾਅਦ ਮੇਅਰ ਨੇ ਸ਼ਹਿਰ ਦੇ ਕੌਂਸਲਰਾਂ ਨਾਲ ਵੀ ਮੀਟਿੰਗਾਂ ਕਰ ਕੇ ਸਭ ਦਾ ਮਨ ਜਿੱਤਣ ਦੀ ਕੋਸ਼ਿਸ਼ ਕੀਤੀ ਹੈ । ਇਸ ਸਭ ਦੇ ਬਾਵਜੂਦ ਵੀ ਮੇਅਰ ਨੂੰ ਪਹਿਲੇ ਜਨਰਲ ਹਾਊਸ ਵਿਚ ਕਿਸੇ ਵਿਰੋਧ ਦਾ ਡਰ ਸਤਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੇ ਪੂਰੀ ਡਿਪਲੋਮੇਸੀ ਨਾਲ ਜਨਰਲ ਹਾਊਸ ਤੋਂ ਪਹਿਲਾ ਸਾਰੇ ਕੌਂਸਲਰਾਂ ਦਾ ਲੰਚ ਹੀ ਰੱਖ ਲਿਆ ਤਾਂ ਜੋ ਜੇਕਰ ਕਿਸੇ ਨੂੰ ਕੋਈ ਰੋਸ ਹੈ ਤਾਂ ਉਹ ਪਹਿਲਾਂ ਹੀ ਖਤਮ ਕੀਤਾ ਜਾ ਸਕੇ ।
ਮੈਂ ਮੇਅਰ ਆਫਿਸ ਤੋਂ ਬੋਲ ਰਿਹਾ ਹਾਂ...
ਨਿਗਮ ਦੇ ਮੇਅਰ ਆਫਿਸ ਤੋਂ ਅੱਜ ਹਰ ਕੌਂਸਲਰ ਨੂੰ ਇਸ ਤਰ੍ਹਾਂ ਫੋਨ ਗਿਆ, 'ਮੈਂ ਮੇਅਰ ਆਫਿਸ ਤੋਂ ਬੋਲ ਰਿਹਾ ਹਾਂ , ਮੇਅਰ ਸਾਹਿਬ ਨੇ ਸਾਰੇ ਕੌਂਸਲਰਾਂ ਨੂੰ ਜਨਰਲ ਹਾਊਸ ਤੋਂ ਪਹਿਲਾ ਲੰਚ ਕਰਾਉਣਾ ਹੈ ਇਸ ਲਈ ਆਪ ਜੀ ਦੁਪਹਿਰ 1 ਵਜੇ ਮਹਾਰਾਣੀ ਕਲੱਬ ਵਿਖੇ ਪੁੱਜਣਾ ਜੀ। ਫਿਰ 3 ਵਜੇ ਜਨਰਲ ਹਾਊਸ ਹੈ ਤੇ ਕਲੱਬ ਤੋਂ ਸਿੱਧਾ ਜਨਰਲ ਹਾਊਸ 'ਚ ਆਉਣਾ ਹੈ ਜੀ '।
ਪਟਿਆਲਾ ਦੇ ਕਮਿਸ਼ਨਰ ਹੋਣਗੇ ਸਭ ਤੋਂ ਤਾਕਤਵਰ
ਨਿਗਮ ਦੀਆਂ 13 ਮੱਦਾਂ ਵਾਲੇ ਏਜੰਡੇ ਵਿਚ ਨਿਗਮ ਕਮਿਸਨਰ ਨੂੰ 2 ਲੱਖ ਰੁਪਏ ਤੱਕ ਖਰਚਣ ਦੀਆਂ ਪਾਵਰਾਂ ਦਿੱਤੀਆਂ ਜਾ ਰਹੀਆਂ ਹਨ । ਬਾਕੀ ਮਤਿਆਂ ਵਾਂਗ ਇਹ ਮਤਾ ਵੀ ਪਾਸ ਹੋ ਜਾਵੇਗਾ। ਇਸ ਤੋਂ ਪਹਿਲਾ ਨਿਗਮ ਕਮਿਸ਼ਨਰ ਕੋਲ 25 ਹਜ਼ਾਰ ਤੱਕ ਦੀਆਂ ਪਾਵਰਾਂ ਸਨ । ਪੰਜਾਬ ਵਿਚ ਕਿਸੇ ਵੀ ਕਮਿਸ਼ਨਰ ਕੋਲ ਏਨੀ ਵੱਡੀ ਪਾਵਰ ਨਹੀਂ ਹੈ । ਇਸ ਤੋਂ ਪਹਿਲਾਂ ਜਲੰਧਰ ਤੇ ਅੰਮ੍ਰਿਤਸਰ ਦੇ ਕਮਿਸ਼ਨਰਾਂ ਕੋਲ 1 ਲੱਖ ਤੱਕ ਖਰਚਣ ਦੀਆਂ ਪਾਵਰਾਂ ਹਨ ਤੇ ਮੋਹਾਲੀ ਦੇ ਕਮਿਸ਼ਨਰ ਕੋਲ ਤਾਂ 75000 ਤੱਕ ਖਰਚਣ ਦੀਆਂ ਪਾਵਰਾਂ ਹਨ।
ਪੁਰਾਣੇ ਮੁਲਾਜ਼ਮਾਂ ਨੇ ਨਗਰ ਪੰਚਾਇਤ ਭਿੱਖੀਵਿੰਡ ਅੱਗੇ ਦਿੱਤਾ ਵਿਸ਼ਾਲ ਧਰਨਾ
NEXT STORY