ਸਮਾਣਾ (ਦਰਦ) : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਾਰ-ਵਾਰ ਹੋ ਰਹੀ ਬੇਅਦਬੀ ਕਾਰਨ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਲੈ ਕੇ ਭਾਰਤੀ ਸੰਚਾਰ ਨਿਗਮ ਸਮਾਣਾ ਦੇ 400 ਫੁੱਟ ਉੱਚੇ ਟਾਵਰ ’ਤੇ ਚੜ੍ਹੇ ਭਾਈ ਗੁਰਜੀਤ ਸਿੰਘ ਸਾਬਕਾ ਫੌਜੀ ਨੇ ਪੰਜ ਪਿਆਰਿਆਂ ਦੇ ਹੁਕਮ ਤੋਂ ਬਾਅਦ 6 ਨਵੰਬਰ ਨੂੰ ਖੁਦ ਨੂੰ ਗੋਲੀ ਮਾਰਨ ਦਾ ਫ਼ੈਸਲਾ ਮੁਲਤਵੀ ਕਰ ਦਿੱਤਾ ਹੈ, ਜਿਸ ਨੂੰ ਵੱਡੀ ਗਿਣਤੀ ’ਚ ਸੰਗਤਾਂ ਨੇ ਜੈਕਾਰਿਆਂ ਨਾਲ ਪ੍ਰਵਾਨ ਕੀਤਾ। ਦੂਜੇ ਪਾਸੇ ਭਾਈ ਗੁਰਜੀਤ ਸਿੰਘ ਨੇ ਆਖਿਆ ਕਿ ਮੰਗ ਮੰਨੇ ਜਾਣ ਤੱਕ ਉਹ ਟਾਵਰ ’ਤੇ ਹੀ ਰਹਿਣਗੇ। ਇਸ ਨਾਲ ਪ੍ਰਸ਼ਾਸਨ ਨੂੰ ਵੱਡੀ ਰਾਹਤ ਮਿਲ ਗਈ ਹੈ।
ਇਸ ਤੋਂ ਪਹਿਲਾਂ ਪਾਰਕ ’ਚ ਚੱਲ ਰਹੇ ਸਮਾਗਮ ’ਚ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਸਣੇ ਵੱਖ-ਵੱਖ ਬੁਲਾਰਿਆਂ ਨੇ ਭਾਈ ਗੁਰਜੀਤ ਸਿੰਘ ਖੇੜੀ ਨਗਾਈਆਂ ਨੂੰ ਬੇਨਤੀ ਕੀਤੀ ਕਿ ਉਹ ਮੰਗ ਨਾ ਮੰਨਣ ਕਰਕੇ 6 ਨਵੰਬਰ ਨੂੰ ਖ਼ੁਦ ਨੂੰ ਗੋਲੀ ਮਾਰਨ ਦਾ ਫ਼ੈਸਲਾ ਮੁਲਤਵੀ ਕਰ ਦੇਣ ਕਿਉਂਕਿ ਕੇਂਦਰੀ ਸਰਕਾਰ ਦੇ ਅੱਗੇ ਇਸ ਕਾਨੂੰਨ ਦੀ ਪੈਰਵੀ ਕੀਤੀ ਜਾ ਰਹੀ ਹੈ। ਭਾਵੇਂ ਕਿ ਸਿੱਖਾਂ ਨਾਲ ਕੇਂਦਰੀ ਅਤੇ ਪੰਜਾਬ ਦੀ ਸਰਕਾਰ ਦੇ ਕੀਤੇ ਜਾ ਰਹੇ ਵਿਤਕਰੇ ਕਾਰਨ ਇਸ ਮਾਮਲੇ ਨੂੰ ਟਾਲਿਆ ਜਾ ਰਿਹਾ ਹੈ।
ਭਾਈ ਸਰਬਜੀਤ ਸਿੰਘ ਨੇ ਕਿਹਾ ਕਿ ਉਹ ਪਹਿਲਾਂ ਹੀ ਆਉਣਾ ਚਾਹੁੰਦੇ ਸਨ ਪਰ ਦੇਰੀ ਹੋਣ ਦੀ ਉਹ ਮੁਆਫ਼ੀ ਮੰਗਦੇ ਹਨ। ਅੱਜ ਦੇ ਸਮਾਗਮ ’ਚ ਵੱਖ-ਵੱਖ ਜਥੇਬੰਦੀਆਂ ਸਮੇਤ ਭਾਰੀ ਗਿਣਤੀ ਵਿਚ ਸੰਗਤ ਹਾਜ਼ਰ ਸੀ। ਉੱਪ-ਕਪਤਾਨ ਪੁਲਸ ਸਮਾਣਾ ਗੁਰਇਕਬਾਲ ਸਿੰਘ ਸਿਕੰਦ ਸਮੇਤ ਭਾਰੀ ਗਿਣਤੀ ਪੁਲਸ ਅਧਿਕਾਰੀ ਅਤੇ ਨੌਜਵਾਨ ਤਾਇਨਾਤ ਕੀਤੇ ਹੋਏ ਸਨ। ਸਮਾਗਮ ’ਚ ਰਜਿੰਦਰ ਸਿੰਘ ਫ਼ਤਹਿਗੜ੍ਹ ਛੰਨਾ, ਸਰੂਪ ਸਿੰਘ ਸੰਧਾ, ਭਾਈ ਬਗੀਚਾ ਸਿੰਘ ਅਤੇ ਤਲਵਿੰਦਰ ਸਿੰਘ ਔਲਖ ਨੇ ਆਖਿਆ ਕਿ ਕੇਂਦਰ ਅਤੇ ਸੂਬਾ ਸਰਕਾਰ ਬਹੁ-ਗਿਣਤੀਆਂ ਨਾਲ ਚੱਲ ਰਹੀਆਂ ਹਨ ਅਤੇ ਘੱਟ ਗਿਣਤੀਆਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਇਸ ਨਾਲ ਮਾਹੌਲ ਖ਼ਰਾਬ ਹੋ ਰਿਹਾ ਹੈ।
ਇਸ ਸਮਾਗਮ ’ਚ ਬਾਬਾ ਹਰਦੀਪ ਸਿੰਘ ਢੈਂਠਲ, ਅਮਰਜੀਤ ਸਿੰਘ ਪੰਜਰਥ, ਪਰਵਿੰਦਰ ਸਿੰਘ ਝੋਟਾ, ਰਾਜ ਸਿੰਘ, ਸੁਖਦੇਵ ਸਿੰਘ ਹਰਿਆਊ, ਧਰਮਪਾਲ ਜੋਸ਼ੀ ਪ੍ਰਧਾਨ ਬ੍ਰਹਾਮਣ ਸਭਾ, ਜਥੇਦਾਰ ਮੋਹਰ ਸਿੰਘ, ਪਰਮਜੀਤ ਸਿੰਘ ਖਾਨਪੁਰ, ਜਥੇਦਾਰ ਮੋਹਨ ਸਿੰਘ ਕਰਤਾਰਪੁਰ, ਕੁਲਦੀਪ ਸਿੰਘ ਨਸ਼ੂਪੁਰ, ਚਰਨਜੀਤ ਕੌਰ ਧੂਡ਼ੀਆਂ, ਬਾਬਾ ਸਾਹਿਬ ਦਾਸ ਖੇਡ਼ੀ, ਭਾਈ ਬਰਜਿੰਦਰ ਸਿੰਘ ਪਰਵਾਨਾ, ਗੁਰਨਾਮ ਸਿੰਘ ਢੈਂਠਲ, ਮਹੰਤ ਬਾਬਾ ਪ੍ਰਗਟ ਦਾਸ ਆਦਿ ਜਥਿਆਂ ਸਮੇਤ ਪਹੁੰਚੇ। ਇਸ ਦੌਰਾਨ ਸੁਤੰਤਰ ਅਕਾਲੀ ਦਲ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਸਹੌਲੀ ਨੇ ਮੋਰਚੇ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ, ਭਾਜਪਾ ਅਤੇ ਆਰ. ਐੱਸ. ਐੱਸ. ਦੀਆਂ ਚਾਲਾਂ ਤੋਂ ਖ਼ਬਰਦਾਰ ਰਹਿਣ ਅਤੇ ਸਰਕਾਰਾਂ ਦੀ ਸਿੱਖਾਂ ਪ੍ਰਤੀ ਬੇਰੁੱਖੀ ਨੂੰ ਨਾਲ ਲੈ ਕੇ ਚੱਲਣ।
ਦੋਪਹੀਆ ਵਾਹਨ ਚੋਰੀ ਦੇ ਮਾਮਲੇ ’ਚ 2 ਗ੍ਰਿਫ਼ਤਾਰ
NEXT STORY