ਸੰਗਰੂਰ (ਬੇਦੀ)- ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਆਗੂ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੀ ਸੰਗਰੂਰ ਸਥਿਤ ਰਿਹਾਇਸ਼ ’ਤੇ ਕਾਲੇ ਝੰਡੇ ਲਾ ਕੇ ਮੋਦੀ ਹਕੂਮਤ ਦੇ ਫੈਸਲਿਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਕਿਸਾਨਾਂ ਨਾਲ ਇਕਜੁਟਤਾ ਦਾ ਪ੍ਰਗਟਾਵਾ ਕੀਤਾ ਹੈ। ਦਰਅਸਲ ਸੰਯੁਕਤ ਕਿਸਾਨ ਮੋਰਚੇ ਨੇ 6 ਮਾਰਚ ਨੂੰ ਕਾਲੇ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੋਇਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਖੇਤੀ ਅਰਥਚਾਰੇ ਦੀਆਂ ਚਾਬੀਆਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਬਣਾਏ ਖੇਤੀ ਕਾਨੂੰਨਾਂ ਨੂੰ ਵਿਆਪਕ ਚਣੌਤੀ ਦੇਣੀ ਬੇਹੱਦ ਜ਼ਰੂਰੀ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਣ ਨਵਾਂਸ਼ਹਿਰ ’ਚ ਵੀ ਕਰਫਿਊ ਲਗਾਉਣ ਦਾ ਐਲਾਨ
ਉਨ੍ਹਾਂ ਕਿਹਾ ਕਿ ਦੇਸ਼ ਦੇ ਹਾਕਮ ਜਿਸ ਢੰਗ ਨਾਲ ਕਾਲੇ ਕਾਨੂੰਨ ਜਾਬਰੀ ਲਾਗੂ ਕਰਨ ’ਤੇ ਤੁਲੇ ਹੋਏ ਹਨ, ਇਸ ਦਾ ਮੁਕਾਬਲਾ ਹਰ ਵਰਗ ਦੇ ਲੋਕਾਂ ਦੀ ਇਕਜੁੱਟਤਾ ਨਾਲ ਹੀ ਹੋਵੇਗਾ। ਉਨ੍ਹਾਂ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਦੋ ਦਿਨ ਪਹਿਲਾਂ ਹੀ ਪਾਰਟੀ ਵਰਕਰਾਂ ਨੂੰ ਕਾਲਾ ਦਿਵਸ ਮਨਾਉਣ ਲਈ ਕਿਸਾਨ ਸੰਘਰਸ਼ ਅੰਦਰ ਪੂਰੀ ਦ੍ਰਿੜਤਾ ਨਾਲ ਸ਼ਮੂਲੀਅਤ ਕਰਨ ਦੀਆਂ ਹਦਾਇਤਾਂ ਕਰ ਦਿੱਤੀਆਂ ਸਨ। ਉਨ੍ਹਾਂ ਮਹਿਲਾ ਦਿਵਸ ਮੌਕੇ ਪਾਰਟੀ ਨਾਲ ਸਬੰਧਤ ਬੀਬੀਆਂ ਨੂੰ ਖੇਤੀ ਦੀ ਤਬਾਹੀ ਲਈ ਲਿਆਂਦੇ ਕਾਨੂੰਨਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਨੂੰ ਕਿਹਾ।
ਇਹ ਵੀ ਪੜ੍ਹੋ : ਰਵਨੀਤ ਬਿੱਟੂ ਤੇ ਬਲਬੀਰ ਰਾਜੇਵਾਲ ਵਿਚਾਲੇ ਖੜਕੀ, ਫੇਸਬੁੱਕ ’ਤੇ ਪੋਸਟ ਸਾਂਝੀ ਕਰਕੇ ਪੁੱਛੇ ਸਵਾਲ
ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਸੰਘਰਸ਼ ਦੀ ਮਸ਼ਾਲ ਮਘਾਈ ਰੱਖਣ ਲਈ ਹਰ ਤਰ੍ਹਾਂ ਦਾ ਸਹਿਯੋਗ ਦਿੰਦੇ ਰਹਾਂਗੇ। ਢੀਂਡਸਾ ਨੇ ਕਿਹਾ ਕਿ ਸਮਾਜ ਦਾ ਹਰ ਵਰਗ ਕਿਸਾਨ ਸੰਘਰਸ਼ ’ਚ ਉੱਤਰ ਆਇਆ ਹੈ। ਕਿਸਾਨਾਂ ਦੇ ਪੁਰਅਮਨ ਢੰਗ ਤੇ ਜ਼ਾਬਤੇ ਵਿਚ ਲੜੇ ਜਾ ਰਹੇ ਸੰਘਰਸ਼ ਨੇ ਸਾਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਕਿੰਨਾ ਵੀ ਲੰਮਾ ਹੋ ਜਾਵੇ, ਕੇਂਦਰ ਸਰਕਾਰ ਨੂੰ ਖੇਤੀ ਵਿਰੋਧੀ ਕਾਨੂੰਨ ਵਾਪਸ ਕਰਨ ਲਈ ਮਜਬੂਰ ਹੋਣਾ ਹੀ ਪਵੇਗਾ।
ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਣ ਨਵਾਂਸ਼ਹਿਰ ’ਚ ਵੀ ਕਰਫਿਊ ਲਗਾਉਣ ਦਾ ਐਲਾਨ
NEXT STORY