ਗੁਰਦਾਸਪੁਰ (ਹਰਮਨ) : ਦਿੱਲੀ ਵਿਖੇ ਧਰਨਾ ਦੇ ਰਹੇ ਕਿਸਾਨਾਂ ਦਾ ਹੌਂਸਲਾ ਵਧਾਉਣ ਲਈ ਬੀਤੇ ਕੱਲ ਗਾਜ਼ੀਪੁਰ ਬਾਰਡਰ ’ਤੇ ਜਾਣ ਤੋਂ ਬਾਅਦ ਕਾਂਗਰਸ ਦੇ ਕੌਮੀ ਆਗੂ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਕਿਸਾਨਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਪ੍ਰਗਟ ਕੀਤੀਆਂ ਹਨ। ਇਸ ਅਧੀਨ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਚਿੱਠੀ ਲਿਖ ਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ 26 ਜਨਵਰੀ ਨੂੰ ਦਿੱਲੀ ’ਚ ਵਾਪਰੇ ਸਮੁੱਚੇ ਘਟਨਾ¬ਕ੍ਰਮ ਦੇ ਬਾਅਦ 100 ਤੋਂ ਜ਼ਿਆਦਾ ਕਿਸਾਨ ਅਤੇ ਨੌਜਵਾਨ ਲਾਪਤਾ ਹੋ ਗਏ ਹਨ, ਜਿਨ੍ਹਾਂ ਬਾਰੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੋਈ ਜਾਣਕਾਰੀ ਨਹੀਂ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਪੁਲਸ ਅਤੇ ਕੇਂਦਰ ਸਰਕਾਰ ਤਾਂ ਪਹਿਲਾਂ ਹੀ ਕਿਸਾਨਾਂ ਨਾਲ ਹਮਦਰਦੀ ਦਿਖਾਉਣ ਦੀ ਬਜਾਏ ਉਨ੍ਹਾਂ ਨਾਲ ਦੁਸ਼ਮਣਾਂ ਵਾਲਾ ਸਲੂਕ ਕਰ ਰਹੀ ਹੈ। ਅਜਿਹੀ ਸਥਿਤੀ ’ਚ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਤੁਰੰਤ ਇਨ੍ਹਾਂ ਕਿਸਾਨਾਂ ਦਾ ਪਤਾ ਲਗਾਉਣ ਲਈ ਕੇਂਦਰ ਨਾਲ ਗੱਲਬਾਤ ਕਰੇ ਅਤੇ ਹਰ ਸੰਭਵ ਕੋਸ਼ਿਸ ਕਰ ਕੇ ਨਜ਼ਰਬੰਦ ਕੀਤੇ ਕਿਸਾਨਾਂ ਨੂੰ ਦਿੱਲੀ ਦੀ ਪੁਲਸ ਕੋਲੋਂ ਮੁਕਤ ਕਰਵਾਇਆ ਜਾਵੇ।
ਇਹ ਵੀ ਪੜ੍ਹੋ : ਪਾਰਲੀਮੈਂਟ ਸੈਸ਼ਨ ’ਚ ਹੀ ਤਿੰਨੇ ਨਵੇਂ ਖ਼ੇਤੀ ਕਾਨੂੰਨ ਰੱਦ ਕੀਤੇ ਜਾਣ : ਭਗਵੰਤ ਮਾਨ
ਬਾਜਵਾ ਨੇ ਕਿਹਾ ਕਿ ਬੀਤੇ ਕੱਲ ਦਿੱਲੀ ਪੁਲਸ ਫੋਰਸ ਦੀ ਸੁਰੱਖਿਆ ਛੱਤਰੀ ਹੇਠ ਭਾਜਪਾ ਸਮਰਥਕਾਂ ਵੱਲੋਂ ਦਿੱਲੀ ਦੇ ਸਿੰਘੂ ਬਾਰਡਰ ਵਿਖੇ ਧਰਨਾ ਦੇ ਰਹੇ ਕਿਸਾਨਾਂ ’ਤੇ ਕੀਤਾ ਗਿਆ ਜਾਨਲੇਵਾ ਹਮਲਾ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਕਿ ਸਾਡੇ ਕਿਸਾਨ ਖ਼ਤਰੇ ਵਿਚ ਹਨ ਅਤੇ ਕੇਂਦਰ ਸਰਕਾਰ ਉਨ੍ਹਾਂ ਦੇ ਸੰਘਰਸ਼ ਨੂੰ ਬਦਨਾਮ ਕਰਨ ਅਤੇ ਖਤਮ ਕਰਨ ਲਈ ਬਹੁਤ ਕੋਝੀਆਂ ਹਰਕਤਾਂ ’ਤੇ ਉੱਤਰ ਆਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਨੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਸਤੰਬਰ ਮਹੀਨੇ ਤੋਂ ਲਗਾਤਾਰ ਚਲ ਰਹੇ ਰੋਸ ਪ੍ਰਦਰਸ਼ਨਾਂ ਦੇ ਬਾਵਜੂਦ ਕਿਸੇ ਕਿਸਾਨ ਜਾਂ ਨੌਜਵਾਨ ਨੇ ਕੋਈ ਵੀ ਹਿੰਸਕ ਕਾਰਵਾਈ ਨਹੀਂ ਕੀਤੀ ਪਰ ਸਿਰਫ਼ ਤਿੰਨ ਦਿਨਾਂ ਵਿਚ ਹੀ ਕਈ ਹਿੰਸਕ ਕਰਵਾਈਆਂ ਕਰਵਾ ਕੇ ਐੱਨ. ਡੀ. ਏ. ਸਰਕਾਰ ਇਸ ਸੰਘਰਸ਼ ਨੂੰ ਦਬਾਉਣ ਲਈ ਤਰਲੋਮੱਛੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬਿਨਾਂ ਦੇਰੀ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਧਰਨਾ ਦੇ ਰਹੇ ਕਿਸਾਨਾਂ ਦੀ ਸੁਰੱਖਿਆ ਲਈ ਪੰਜਾਬ ਪੁਲਸ ਤੈਨਾਤ ਕਰੇ। ਇਸ ਦੇ ਨਾਲ ਹੀ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਖ਼ੇਤੀ ਪ੍ਰਧਾਨ ਸੂਬੇ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਉਹ ਕਿਸਾਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਸਮੇਤ ਉਪਰੋਕਤ ਹੋਰ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਖੁਦ ਵੀ ਦਿੱਲੀ ਦੇ ਬਾਰਡਰਾਂ ਦਾ ਦੌਰਾ ਕਰਨ ਅਤੇ ਹੋਰ ਲੋੜੀਂਦੇ ਕਦਮ ਵੀ ਚੁੱਕਣ।
ਇਹ ਵੀ ਪੜ੍ਹੋ : ਕਿਸਾਨ ਸੰਘਰਸ਼ ਨੂੰ ਕੇਸਰੀ ਨਿਸ਼ਾਨ ਦਾ ਮੁੱਦਾ ਬਣਾਉਣਾ ਮੰਦਭਾਗਾ : ਬੀਬੀ ਜਗੀਰ ਕੌਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਰਾਘਵ ਚੱਡਾ ਨੂੰ ਪੁਲਸ ਦੇ ਅਧਿਕਾਰ ਖੇਤਰ ਤੇ ਨਿਯਮਾਂ ਦੀ ਜਾਣਕਰੀ ਨਹੀਂ : ਜਾਖੜ
NEXT STORY