ਚੰਡੀਗੜ੍ਹ (ਅੰਕੁਰ ਤਾਂਗੜੀ) : ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਥਿਤ ਨਾਜਾਇਜ਼ ਮਾਈਨਿੰਗ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ। ਉਨ੍ਹਾਂ ਦਾਅਵਾ ਕੀਤਾ ਕਿ ਮਾਈਨਿੰਗ ਮੰਤਰੀ ਵੱਲੋਂ ਸਦਨ 'ਚ ਇਹ ਕਿਹਾ ਗਿਆ ਸੀ ਕਿ ਪੰਜਾਬ 'ਚ ਕਿਤੇ ਵੀ ਨਾਜਾਇਜ਼ ਮਾਈਨਿੰਗ ਨਹੀਂ ਹੋ ਰਹੀ ਪਰ ਹਕੀਕਤ ਇਸ ਤੋਂ ਵੱਖਰੀ ਹੈ।
ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਸਰਕਾਰ ਨੂੰ ਇਸ ਮਾਮਲੇ ਦੀ ਸਾਂਝੀ ਕਮੇਟੀ ਬਣਾਕੇ ਜਾਂਚ ਕਰਨ ਦੀ ਬੇਨਤੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਪ੍ਰਕਾਸ਼ ਸ੍ਰੀਵਾਸਤਵ ਦੀ ਅਗਵਾਈ ਹੇਠ ਆਈ ਇਕ ਰਿਪੋਰਟ 'ਚ ਪੰਜਾਬ 'ਚ ਕਥਿਤ ਨਾਜਾਇਜ਼ ਮਾਈਨਿੰਗ ਸਬੰਧੀ ਗੰਭੀਰ ਟਿੱਪਣੀਆਂ ਕੀਤੀਆਂ ਗਈਆਂ ਹਨ ਅਤੇ ਸਰਕਾਰ ਤੋਂ ਪ੍ਰਗਤੀ ਰਿਪੋਰਟ ਵੀ ਮੰਗੀ ਗਈ ਹੈ।
ਵਿਰੋਧੀ ਧਿਰ ਦੇ ਨੇਤਾ ਨੇ ਦੋਸ਼ ਲਗਾਇਆ ਕਿ ਪਠਾਨਕੋਟ ਦੇ ਧੋਲਕ ਖੇਤਰ ਨਾਲ ਜੁੜੇ ਇੱਕ ਮਾਮਲੇ 'ਚ ਇੱਕ ਅਧਿਕਾਰੀ ਨੂੰ ਪਹਿਲਾਂ ਬੀ. ਡੀ. ਪੀ. ਓ., ਫਿਰ ਡੀ. ਡੀ. ਪੀ. ਓ. ਅਤੇ ਉਸ ਤੋਂ ਬਾਅਦ ਏ. ਡੀ. ਸੀ. (ਵਿਕਾਸ) ਵਜੋਂ ਤਾਇਨਾਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਅਧਿਕਾਰੀ ਨੇ ਆਪਣੇ ਕਾਰਜਕਾਲ ਦੇ ਅਖ਼ੀਰ 'ਚ 92 ਏਕੜ ਪੰਚਾਇਤੀ ਖਣਿਜ ਜ਼ਮੀਨ ਕਥਿਤ ਤੌਰ 'ਤੇ ਬਹੁਤ ਘੱਟ ਕੀਮਤ 'ਤੇ ਇੱਕ ਵਿਅਕਤੀ ਨੂੰ ਅਲਾਟ ਕਰ ਦਿੱਤੀ ਅਤੇ ਅਗਲੇ ਹੀ ਦਿਨ ਸੇਵਾਮੁਕਤ ਹੋ ਗਿਆ। ਬਾਜਵਾ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਉਨ੍ਹਾਂ 11 ਅਗਸਤ 2023 ਨੂੰ ਪੰਜਾਬ ਦੇ ਰਾਜਪਾਲ ਨੂੰ ਵੀ ਪੱਤਰ ਲਿਖਿਆ ਸੀ ਅਤੇ ਇਸ ਦੀ ਜਾਂਚ ਦੀ ਮੰਗ ਕੀਤੀ ਸੀ। ਉਨ੍ਹਾਂ ਸਦਨ 'ਚ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ।
ਇਨ੍ਹਾਂ ਡਿਫਾਲਟਰਾਂ 'ਤੇ ਹੋ ਗਈ ਵੱਡੀ ਕਾਰਵਾਈ! ਟੈਕਸ ਸਬੰਧੀ ਜਾਰੀ ਹੋਏ ਸਖ਼ਤ ਹੁਕਮ
NEXT STORY