ਬਨੂੜ (ਗੁਰਪਾਲ) : ਬੀਤੇ ਦਿਨੀਂ ਨੇੜਲੇ ਪਿੰਡ ਛੜਬੜ ’ਚ ਸਥਿਤ ਇਕ ਮਕਾਨ ’ਤੇ ਆਸਮਾਨੀ ਬਿਜਲੀ ਡਿੱਗਣ ਕਾਰਨ ਲੱਖਾਂ ਰੁਪਏ ਦਾ ਇਲੈਕਟ੍ਰਾਨਿਕ ਸਮਾਨ ਸੜਨ ਅਤੇ ਬਿਜਲੀ ਦੇ ਝਟਕੇ ਨਾਲ ਚੁਬਾਰੇ ’ਚ ਕੰਪਿਊਟਰ ’ਤੇ ਕੰਮ ਕਰ ਰਹੇ ਨੌਜਵਾਨ ਦੇ ਬੇਹੋਸ਼ ਹੋਣ ਦਾ ਸਮਾਚਾਰ ਹੈ। ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਬਜ਼ੁਰਗ ਨੇ ਦੱਸਿਆ ਕਿ ਬੀਤੇ ਦਿਨੀਂ ਦੁਪਹਿਰ ਤਕਰੀਬਨ 1 ਵਜੇ ਦੇ ਕਰੀਬ ਅਚਾਨਕ ਉਨ੍ਹਾਂ ਦੇ ਮਕਾਨ ਉੱਤੇ ਆਸਮਾਨੀ ਬਿਜਲੀ ਡਿੱਗ ਗਈ। ਇਸ ਬਿਜਲੀ ਦੇ ਡਿੱਗਣ ਨਾਲ ਘਰ ’ਚ ਲਗਾਈਆਂ 3 ਐੱਲ. ਸੀ. ਡੀ., ਇਕ ਫ਼ਰਿੱਜ, ਇਕ ਏਅਰ ਕੰਡੀਸ਼ਨਰ, ਇਕ ਇਨਵਰਟਰ ਅਤੇ ਵਾਈ-ਫ਼ਾਈ ਸੜ ਗਿਆ।
ਇਸ ਤੋਂ ਇਲਾਵਾ ਘਰ ਉੱਤੇ ਬਿਜਲੀ ਡਿੱਗਣ ਸਮੇਂ ਵੱਡਾ ਬੈਟਰਾ ਅਚਾਨਕ ਫੱਟ ਗਿਆ ਅਤੇ ਘਰ ਦੀ ਸਾਰੀ ਬਿਜਲੀ ਫਿਟਿੰਗ ਸਮੇਤ ਹੋਰ ਇਲੈਕਟ੍ਰਾਨਿਕ ਸਮਾਨ ਪੂਰੀ ਤਰ੍ਹਾਂ ਤਬਾਹ ਹੋ ਗਿਆ।
ਉਨ੍ਹਾਂ ਦੱਸਿਆ ਕਿ ਜਦੋਂ ਬਿਜਲੀ ਡਿੱਗੀ ਤਾਂ ਉਸ ਸਮੇਂ ਉਨ੍ਹਾਂ ਦਾ 17 ਸਾਲਾ ਪੋਤਾ ਜਸ਼ਨਪ੍ਰੀਤ ਸਿੰਘ ਪੁੱਤਰ ਮਿਹਰ ਸਿੰਘ ਚੁਬਾਰੇ ’ਚ ਬੈਠ ਕੇ ਕੰਪਿਊਟਰ ’ਤੇ ਕੰਮ ਕਰ ਰਿਹਾ ਸੀ। ਬਿਜਲੀ ਦਾ ਝਟਕਾ ਲੱਗਣ ਕਾਰਨ ਉਹ ਬੇਹੋਸ਼ ਹੋ ਗਿਆ, ਜਿਸ ਨੂੰ ਕੁਝ ਸਮੇਂ ਬਾਅਦ ਹੋਸ਼ ਆਇਆ। ਪੀੜਤ ਪਰਿਵਾਰ ਨੇ ਦੱਸਿਆ ਕਿ ਇਸ ਆਸਮਾਨੀ ਬਿਜਲੀ ਕਾਰਨ ਨੇੜੇ ਸਥਿਤ ਹੋਰ ਅੱਧਾ ਦਰਜਨ ਦੇ ਕਰੀਬ ਮਕਾਨਾਂ ’ਚ ਰੱਖੇ ਇਨਵਰਟਰ ਵੀ ਸੜ ਗਏ। ਇਸ ਘਟਨਾ ਨਾਲ ਪਿੰਡ ਛੜਬੜ ਦੇ ਅੱਧਾ ਦਰਜਨ ਦੇ ਕਰੀਬ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਪਰ ਬਚਾਅ ਇਹ ਰਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਨਸ਼ੀਲੀ ਗੋਲੀਆਂ ਅਤੇ ਹੈਰੋਇਨ ਸਣੇ 3 ਕਾਬੂ
NEXT STORY