ਜਲੰਧਰ,(ਵਿਸ਼ੇਸ਼)- ਵੀਰਵਾਰ ਨੂੰ ਸਵਰਗ ਸਿਧਾਰੇ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੂੰ ਸਿਆਸਤ ਦੇ ਮੌਸਮ ਵਿਗਿਆਨੀ ਦੇ ਤੌਰ ’ਤੇ ਵੀ ਜਾਣਿਆ ਜਾਂਦਾ ਹੈ। ਰਾਮਵਿਲਾਸ ਪਾਸਵਾਨ ਦੀ ਇਹ ਖਾਸੀਅਤ ਰਹੀ ਕਿ ਉਨ੍ਹਾਂ ਨੂੰ ਦੇਸ਼ ਦੇ ਸਿਆਸੀ ਮਿਜ਼ਾਜ ਦਾ ਪਹਿਲਾਂ ਤੋਂ ਅੰਦਾਜ਼ਾ ਹੋ ਜਾਂਦਾ ਸੀ ਅਤੇ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਕੇਂਦਰ ਵਿਚ ਕਿਸ ਦੀ ਸਰਕਾਰ ਆ ਰਹੀ ਹੈ। ਆਪਣੀ ਇਸ ਖਾਸੀਅਤ ਦੇ ਦਮ ’ਤੇ ਉਹ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੀ ਆਪਣੀਆਂ ਸਿਆਸੀ ਗੋਟੀਆਂ ਇੰਝ ਫਿੱਟ ਕਰਦੇ ਕਿ ਆਉਣ ਵਾਲੀ ਸਰਕਾਰ ਵਿਚ ਉਨ੍ਹਾਂ ਨੂੰ ਮੰਤਰੀ ਅਹੁਦਾ ਮਿਲ ਜਾਵੇ। ਹਾਲਾਂਿਕ ਦੇਸ਼ ਦੀ ਸਿਆਸਤ ਵਿਚ ਸੀਟਾਂ ਦੇ ਲਿਹਾਜ਼ ਨਾਲ ਉਨ੍ਹਾਂ ਦੀ ਤਾਕਤ ਕਾਫੀ ਘੱਟ ਸੀ ਪਰ ਇਸ ਦੇ ਬਾਵਜੂਦ ਉਹ 6 ਪ੍ਰਧਾਨ ਮੰਤਰੀਆਂ ਦੀ ਕੈਬਨਿਟ ਵਿਚ 7 ਮੰਤਰਾਲਿਆਂ ਦੇ ਮੰਤਰੀ ਬਣੇ। ਪਾਸਵਾਨ ਨੇ ਵੀ. ਪੀ. ਸਿੰਘ ਤੋਂ ਲੈ ਕੇ ਆਈ. ਕੇ. ਗੁਜਰਾਲ, ਐੱਚ. ਡੀ. ਦੇਵੇਗੌੜਾ, ਅਟਲ ਬਿਹਾਰੀ ਵਾਜਪਾਈ, ਮਨਮੋਹਨ ਸਿੰਘ ਤੇ ਨਰਿੰਦਰ ਮੋਦੀ ਨਾਲ ਮਿਲ ਕੇ ਕੰਮ ਕੀਤਾ ਅਤੇ ਯੂ. ਪੀ. ਏ.-ਐੱਨ. ਡੀ. ਏ. ਅਤੇ ਸੰਯੁਕਤ ਮੋਰਚੇ ਦੀਆਂ ਸਰਕਾਰਾਂ ਦਾ ਹਿੱਸਾ ਰਹੇ। 1989-1990 ਵਿਚ ਜਦੋਂ ਸਾਂਝੇ ਮੋਰਚੇ ਦੀ ਸਰਕਾਰ ਬਣੀ ਤਾਂ ਉਹ ਕੇਂਦਰ ਵਿਚ ਲੇਬਰ ਤੇ ਵੈੱਲਫੇਅਰ ਮੰਤਰੀ ਬਣੇ, ਜਦੋਂਕਿ 1996 ਵਿਚ ਜਦੋਂ ਹਵਾ ਅਟਲ ਬਿਹਾਰੀ ਵਾਜਪਾਈ ਅਤੇ ਭਾਜਪਾ ਦੇ ਪੱਖ ਵਿਚ ਸੀ ਤਾਂ ਉਨ੍ਹਾਂ ਐੱਨ. ਡੀ. ਏ. ਦਾ ਪੱਲਾ ਫੜ ਲਿਆ ਅਤੇ 1996 ਵਿਚ ਪਹਿਲਾਂ ਉਹ ਸੰਸਦੀ ਕਾਰਜ ਮੰਤਰੀ ਬਣੇ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਕੇਂਦਰ ਵਿਚ ਰੇਲਵੇ ਮੰਤਰੀ ਬਣਾਇਆ ਗਿਆ। ਵਾਜਪਾਈ ਸਰਕਾਰ ਦੇ ਕਾਰਜਕਾਲ ਦੌਰਾਨ ਹੀ 1999 ਤੋਂ 2001 ਤਕ ਉਹ ਕਮਿਊਨੀਕੇਸ਼ਨ ਮੰਤਰੀ ਰਹੇ, ਜਦੋਂਕਿ 2001 ਤੋਂ 2002 ਤਕ ਉਨ੍ਹਾਂ ਨੂੰ ਕੋਲਾ ਮੰਤਰੀ ਦੀ ਜ਼ਿੰਮੇਵਾਰੀ ਮਿਲੀ।
2004 ਵਿਚ ਜਦੋਂ ਹਵਾ ਭਾਜਪਾ ਦੇ ਖਿਲਾਫ ਸੀ ਤਾਂ ਉਹ ਖੇਮਾ ਬਦਲ ਕੇ ਯੂ. ਪੀ. ਏ. ਵਿਚ ਆ ਗਏ ਅਤੇ 2004 ਦੀ ਚੋਣ ਜਿੱਤਣ ਤੋਂ ਬਾਅਦ ਉਹ ਮਨਮੋਹਨ ਸਿੰਘ ਦੀ ਸਰਕਾਰ ਵਿਚ ਰਸਾਇਣ ਤੇ ਖਾਦ ਮੰਤਰੀ ਬਣਾਏ ਗਏ।
2014 ਵਿਚ ਜਦੋਂ ਹਵਾ ਇਕ ਵਾਰ ਮੁੜ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੱਖ ਵਿਚ ਚੱਲੀ ਤਾਂ ਉਸ ਵੇਲੇ ਰਾਮਵਿਲਾਸ ਪਾਸਵਾਨ ਨੇ ਮੁੜ ਐੱਨ. ਡੀ. ਏ. ਦਾ ਪੱਲਾ ਫੜ ਲਿਆ ਅਤੇ ਚੋਣ ਜਿੱਤਣ ਤੋਂ ਬਾਅਦ ਉਹ 2014 ਤੋਂ ਲੈ ਕੇ ਹੁਣ ਤਕ ਕੇਂਦਰੀ ਖਪਤਕਾਰ ਤੇ ਖੁਰਾਕ ਮੰਤਰੀ ਸਨ।
9 ਵਾਰ ਲੋਕ ਸਭਾ ਲਈ ਚੁਣੇ ਗਏ
ਰਾਮਵਿਲਾਸ ਪਾਸਵਾਨ ਨੇ ਲੋਕ ਸਭਾ ਦੀ ਪਹਿਲੀ ਚੋਣ 1977 ਵਿਚ ਲੜੀ ਸੀ ਅਤੇ ਉਹ 6ਵੀਂ ਲੋਕ ਸਭਾ ਲਈ ਚੁਣੇ ਗਏ ਸਨ। ਇਸ ਤੋਂ ਬਾਅਦ 1980 ਵਿਚ ਹੋਈਆਂ ਚੋਣਾਂ ਵਿਚ ਵੀ ਉਨ੍ਹਾਂ ਜਿੱਤ ਦਰਜ ਕੀਤੀ। 1989 ਵਿਚ ਉਹ ਤੀਜੀ ਵਾਰ ਲੋਕ ਸਭਾ ਚੋਣ ਲੜੇ ਅਤੇ ਜਿੱਤੇ, ਜਦੋਂਕਿ 1991 ਵਿਚ ਚੌਥੀ ਵਾਰ, 1996 ਵਿਚ 5ਵੀਂ ਵਾਰ, 1998 ਵਿਚ 6ਵੀਂ ਵਾਰ, 1999 ਵਿਚ 7ਵੀਂ ਵਾਰ, 2004 ਵਿਚ 8ਵੀਂ ਵਾਰ ਅਤੇ 2014 ਵਿਚ 9ਵੀਂ ਵਾਰ ਲੋਕ ਸਭਾ ਲਈ ਚੁਣੇ ਗਏ। ਇਸ ਦੌਰਾਨ ਉਹ ਮਈ 2014 ਤਕ ਰਾਜ ਸਭਾ ਦੇ ਮੈਂਬਰ ਵੀ ਰਹੇ।
1969 ’ਚ ਸ਼ੁਰੂ ਹੋਇਆ ਸੀ, 51 ਸਾਲ ਤਕ ਚੱਲਿਆ ਸਿਆਸੀ ਸਫਰ
ਰਾਮਵਿਲਾਸ ਪਾਸਵਾਨ ਨੇ ਆਪਣਾ ਿਸਆਸੀ ਸਫਰ 1969 ਵਿਚ ਸ਼ੁਰੂ ਕੀਤਾ ਸੀ। ਉਹ ਪਹਿਲੀ ਵਾਰ ਬਿਹਾਰ ਵਿਧਾਨ ਸਭਾ ਲਈ ਚੁਣੇ ਗਏ ਸਨ। 1970 ਵਿਚ ਉਹ ਬਿਹਾਰ ਦੀ ਸਥਾਨਕ ਸਿਆਸੀ ਪਾਰਟੀ ਐੱਸ. ਐੱਸ. ਪੀ. ਦੇ ਸਾਂਝੇ ਸਕੱਤਰ ਬਣੇ, ਜਦੋਂਕਿ 1974 ਵਿਚ ਲੋਕਦਲ ਬਿਹਾਰ ਦੇ ਜਨਰਲ ਸਕੱਤਰ ਬਣਾਏ ਗਏ। ਇਸ ਤੋਂ ਬਾਅਦ ਉਹ ਕੇਂਦਰ ਦੀ ਸਿਆਸਤ ਵਿਚ ਆ ਗਏ ਪਰ ਬਿਹਾਰ ਦੀ ਸਿਆਸਤ ਿਵਚ ਉਨ੍ਹਾਂ ਦੀ ਅਹਿਮੀਅਤ ਲਗਾਤਾਰ ਬਣੀ ਰਹੀ। ਉਹ 1996 ਵਿਚ 11ਵੀਂ ਲੋਕ ਸਭਾ ਦੌਰਾਨ ਐੱਚ. ਡੀ. ਦੇਵੇਗੌੜਾ ਅਤੇ ਆਈ. ਕੇ. ਗੁਜਰਾਲ ਦੇ ਪ੍ਰਧਾਨ ਮੰਤਰੀ ਰਹਿੰਦਿਆਂ ਲੋਕ ਸਭਾ ਵਿਚ ਸਦਨ ਦੇ ਨੇਤਾ ਵੀ ਬਣਾਏ ਗਏ। ਆਪਣੇ 5 ਦਹਾਕਿਆ ਤੋਂ ਵੱਧ ਦੇ ਸਿਆਸੀ ਸਫਰ ਦੌਰਾਨ ਉਹ ਸਦਨ ਦੀਆਂ ਕਈ ਕਮੇਟੀਆਂ ਦੇ ਮੈਂਬਰ ਰਹੇ ਅਤੇ ਸੰਸਦ ਦੀ ਕਾਰਵਾਈ ਵਿਚ ਅਹਿਮ ਭੂਮਿਕਾ ਨਿਭਾਉਂਦੇ ਰਹੇ।
ਕੈਬਨਿਟ ਮੰਤਰੀ ਕਾਂਗੜ ਦਾ ਖਾਸ ਸਰਪੰਚ ਮਾਈਨਿੰਗ ’ਚ ਨਾਮਜ਼ਦ, 3 ਗ੍ਰਿਫਤਾਰ
NEXT STORY