ਪਠਾਨਕੋਟ (ਸ਼ਾਰਦਾ) : ਦੇਸ਼ ਦੀ 17ਵੀਂ ਲੋਕ ਸਭਾ ਗਠਨ ਹੋਣ ਦੇ ਬਾਅਦ ਨਰਿੰਦਰ ਮੋਦੀ ਦੂਸਰੀ ਵਾਰ ਪ੍ਰਧਾਨ ਮੰਤਰੀ ਅਹੁਦੇ 'ਤੇ ਸ਼ਾਨ ਨਾਲ ਬਿਰਾਜਮਾਨ ਹੋਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਮੰਤਰੀ ਮੰਡਲ ਦੇ 57 ਸਹਿਯੋਗੀਆਂ ਨਾਲ ਸਹੁੰ ਚੁੱਕੀ ਹੈ। ਆਉਣ ਵਾਲੇ ਭਵਿੱਖ ਵਿਚ ਹਰ ਸੂਬੇ ਵਿਚ ਕਿਸ ਤਰ੍ਹਾਂ ਦੇ ਸਿਆਸੀ ਹਾਲਾਤ ਬਣਨਗੇ, ਉਸ ਦੀ ਛਾਪ ਵੀ ਪ੍ਰਧਾਨ ਮੰਤਰੀ ਮੋਦੀ ਦੇ ਮੰਤਰੀ ਮੰਡਲ ਵਿਚ ਸਾਫ਼ ਦਿਖਾਈ ਦਿੰਦੀ ਹੈ। ਜਿਨ੍ਹਾਂ ਸੂਬਿਆਂ ਵਿਚ ਆਗਾਮੀ 6 ਮਹੀਨਿਆਂ ਜਾਂ ਇਕ ਸਾਲ ਦੇ ਅੰਦਰ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਉਥੇ ਭਾਜਪਾ ਨੇ ਜ਼ਿਆਦਾ ਫੋਕਸ ਕੀਤਾ ਹੈ।
ਲੋਕ ਸਭਾ ਚੋਣ ਵਿਚ ਮੋਦੀ ਲਹਿਰ ਦੇ ਬਾਵਜੂਦ ਪੰਜਾਬ ਵਿਚ ਕਾਂਗਰਸ ਵਲੋਂ 8 ਸੀਟਾਂ ਜਿੱਤ ਜਾਣਾ ਪ੍ਰਚੰਡ ਬਹੁਮਤ ਹਾਸਲ ਕਰਨ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਅਤੇ ਸੰਗਠਨ ਨੂੰ ਪਚ ਨਹੀਂ ਪਾ ਰਿਹਾ ਹੈ, ਕਿਉਂਕਿ ਜੇਕਰ ਇਸ ਸੂਬੇ ਤੋਂ ਕਾਂਗਰਸ ਦੀਆਂ ਘੱਟ ਸੀਟਾਂ ਆਉਂਦੀਆਂ ਤਾਂ ਕਾਂਗਰਸ ਫਿਰ ਤੋਂ ਆਪਣੇ ਪੁਰਾਣੇ 44 ਸੀਟਾਂ ਦੇ ਅੰਕੜੇ ਦੇ ਆਸੇ-ਪਾਸੇ ਹੀ ਰਹਿ ਸਕਦੀ ਸੀ। ਕੇਂਦਰੀ ਮੰਤਰੀ ਮੰਡਲ 'ਚ ਜੋ ਪੰਜਾਬ ਦੀ ਸਥਿਤੀ ਉੱਭਰ ਕੇ ਸਾਹਮਣੇ ਆਈ ਹੈ, ਉਸ ਵਿਚ ਭਾਜਪਾ ਨੇ ਆਪਣੇ ਹਿੱਸੇ ਵਿਚ 3 ਵਿਚੋਂ 2 ਸੀਟਾਂ ਜਿੱਤੀਆਂ ਸਨ ਪਰ ਮੰਤਰੀ ਮੰਡਲ ਵਿਚ ਹਰਦੀਪ ਸਿੰਘ ਪੁਰੀ ਦੇ ਨਾਲ ਸੋਮ ਪ੍ਰਕਾਸ਼ ਨੂੰ ਮੰਤਰੀ ਮੰਡਲ 'ਚ ਸਥਾਨ ਦੇਣਾ ਕੇਂਦਰ ਸਰਕਾਰ ਦਾ ਇਕ ਵੱਡਾ ਸੰਕੇਤ ਸੂਬੇ ਦੀ ਰਾਜਨੀਤੀ ਨੂੰ ਹੈ, ਜਦ ਕਿ ਗੁਰਦਾਸਪੁਰ ਸੰਸਦੀ ਸੀਟ ਤੋਂ ਜਿੱਤੇ ਅਭਿਨੇਤਾ ਸੰਨੀ ਦਿਓਲ ਸੈਲੇਬ੍ਰਿਟੀ ਵਿਚ ਹਨ ਅਤੇ ਅਜੇ ਉਹ ਰਾਜਨੀਤੀ ਨੂੰ ਸਿੱਖ ਰਹੇ ਹਨ।
ਲੋਕ ਸਭਾ ਚੋਣਾਂ ਵਿਚ ਇਕ ਸਿਟਿੰਗ ਐੱਮ.ਪੀ. ਅਤੇ ਰਾਜ ਮੰਤਰੀ ਸਾਂਪਲਾ ਦਾ ਟਿਕਟ ਕੱਟ ਕੇ ਭਾਜਪਾ ਨੇ ਇਕ ਵੱਡਾ ਕਦਮ ਚੁੱਕਿਆ ਸੀ ਅਤੇ ਉਸਦੇ ਬਾਅਦ ਸੋਮ ਪ੍ਰਕਾਸ਼ ਹੁਸ਼ਿਆਰਪੁਰ ਤੋਂ ਟਿਕਟ ਲੈਣ ਵਿਚ ਤਾਂ ਕਾਮਯਾਬ ਹੋ ਗਏ। ਕਾਂਗਰਸ ਨੇ ਉਨ੍ਹਾਂ ਦੇ ਮੁਕਾਬਲੇ ਵਿਚ ਡਾ. ਰਾਜ ਕੁਮਾਰ ਚੱਬੇਵਾਲ ਵਜੋਂ ਸਟ੍ਰਾਂਗ ਉਮੀਦਵਾਰ ਉਤਾਰਿਆ ਸੀ ਪਰ ਮੋਦੀ ਲਹਿਰ 'ਤੇ ਸਵਾਰ ਸੋਮ ਪ੍ਰਕਾਸ਼ ਨਾ ਸਿਰਫ਼ ਆਸਾਨੀ ਨਾਲ ਜਿੱਤ ਦਰਜ ਕਰਨ 'ਚ ਸਫਲ ਰਹੇ। ਹੁਣ ਉਹ ਹੈਵੀਵੇਟ ਵਿਭਾਗ ਵੀ ਕੇਂਦਰੀ ਮੰਤਰੀ ਮੰਡਲ ਵਿਚ ਲੈਣ 'ਚ ਸਫਲ ਰਹੇ। ਰਾਜ ਮੰਤਰੀ ਬਣੇ ਸੋਮ ਪ੍ਰਕਾਸ਼ ਨੂੰ ਵਣਜ ਅਤੇ ਉਦਯੋਗ ਰਾਜ ਮੰਤਰੀ ਅਹੁਦੇ 'ਤੇ ਬਿਰਾਜਮਾਨ ਕੀਤਾ, ਜਿਸ ਨੂੰ ਮਜ਼ਬੂਤ ਵਿਭਾਗ ਮੰਨਿਆ ਜਾਂਦਾ ਹੈ। ਅਜਿਹੇ ਵਿਚ ਅਚਾਨਕ ਹੀ ਸੂਬੇ ਵਿਚ ਭਾਜਪਾ ਦੀ ਸਮੁੱਚੀ ਰਾਜਨੀਤੀ ਬਦਲ ਗਈ ਅਤੇ ਸੋਮ ਪ੍ਰਕਾਸ਼ ਉਸ ਦੇ ਮੁੱਖ ਕੇਂਦਰ ਬਿੰਦੂ ਬਣ ਗਏ ਹਨ, ਕਿਉਂਕਿ ਬਾਕੀ ਦੋ ਸੰਸਦ ਮੈਂਬਰ ਸਥਾਨਕ ਰਾਜਨੀਤੀ ਵਿਚ ਕੋਈ ਜ਼ਿਆਦਾ ਰੁਚੀ ਨਹੀਂ ਲੈਣ ਵਾਲੇ। ਸੋਮ ਪ੍ਰਕਾਸ਼ ਇਸ ਤਰ੍ਹਾਂ ਮੁਕੱਦਰ ਦਾ ਸਿਕੰਦਰ ਸਾਬਿਤ ਹੋਣਗੇ ਇਸਦੀ ਦੂਰ-ਦੂਰ ਤੱਕ ਕਿਸੇ ਨੂੰ ਖ਼ਬਰ ਤੱਕ ਨਹੀਂ ਸੀ, ਕਿਉਂਕਿ ਸਾਂਪਲਾ ਦੇ ਪਿੱਛੇ ਵੀ ਇਕ ਵੱੜੀ ਲਾਬੀ ਸੀ।
ਉਥੇ ਹੀ ਅਕਾਲੀ ਦਲ ਦੀ ਸੰਸਦ ਮੈਂਬਰ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਉਹੀ ਪੁਰਾਣਾ ਵਿਭਾਗ ਦਿੱਤਾ ਗਿਆ ਹੈ। ਪਿਛਲੀ ਵਾਰ ਜਦੋਂ ਉਨ੍ਹਾਂ ਨੂੰ ਇਹ ਵਿਭਾਗ ਸੌਂਪਿਆ ਗਿਆ ਸੀ ਤਾਂ ਉਸ ਸਮੇਂ ਅਕਾਲੀ ਦਲ ਦੇ 4 ਸੰਸਦ ਮੈਂਬਰ ਸਨ ਅਤੇ ਇੰਨੇ ਹੀ ਰਾਜ ਸਭਾ ਮੈਂਬਰ ਸਨ, ਉਥੇ ਹੀ ਸੂਬੇ ਵਿਚ ਉਸ ਸਮੇਂ ਉਨ੍ਹਾਂ ਦੀ ਸਰਕਾਰ ਸੀ। ਉਸ ਸਮੇਂ ਅਕਾਲੀ ਦਲ ਵੀ ਇਸ ਗੱਲ ਨੂੰ ਲੈ ਕੇ ਦੱਬੀ ਜ਼ੁਬਾਨ ਵਿਚ ਕਹਿੰਦਾ ਸੀ ਕਿ ਉਨ੍ਹਾਂ ਨੂੰ ਚੰਗਾ ਵਿਭਾਗ ਮੰਤਰੀ ਮੰਡਲ 'ਚ ਨਹੀਂ ਦਿੱਤਾ ਗਿਆ। ਹਾਲੀਆ ਚੋਣਾਂ ਅਤੇ ਨਤੀਜਿਆਂ ਦੇ ਬਾਅਦ ਹੁਣ 2 ਸੀਟਾਂ ਦੇ ਨਾਲ ਅਕਾਲੀ ਦਲ ਕੇਂਦਰ ਸਰਕਾਰ ਦੇ ਨਾਲ ਦਬਾਅ ਬਣਾਉਣ ਦੀ ਸਥਿਤੀ ਵਿਚ ਤਾਂ ਬਿਲਕੁਲ ਨਹੀਂ ਹੈ, ਉਥੇ ਹੀ ਦੂਸਰਾ ਅਕਾਲੀ-ਭਾਜਪਾ ਗਠਜੋੜ ਦੀ ਸਥਿਤੀ ਵੀ ਟਵੰਟੀ-20 ਮੈਚ ਦੀ ਤਰ੍ਹਾਂ ਹੈ, ਜਿਵੇਂ ਹਰ ਬਾਲ 'ਤੇ ਮੈਚ ਦਾ ਰੁਖ ਬਦਲ ਜਾਂਦਾ ਹੈ। ਉਸੇ ਤਰ੍ਹਾਂ ਹੀ ਹਰ ਮਹੀਨੇ ਦੋਵੇਂ ਹੀ ਸਹਿਯੋਗੀ ਦਲ ਇਕ ਦੂਸਰੇ 'ਤੇ ਨਿਗਾਹ ਰੱਖਣਗੇ ਕਿ ਲੋਕਾਂ ਵਿਚ ਇਨ੍ਹਾਂ ਦੀ ਪੈਠ ਕਿਸ ਤਰ੍ਹਾਂ ਨਾਲ ਵਧ ਰਹੀ ਹੈ।
ਕੀ ਸਿੱਧੂ ਨੂੰ ਸਮਝਾ ਸਕੇਗੀ ਕਾਂਗਰਸ
ਕਾਂਗਰਸ ਵੀ ਗੰਭੀਰ ਗੁੱਟਬੰਦੀ ਵਿਚ ਦਿਨੋਂ-ਦਿਨ ਉਲਝਦੀ ਜਾ ਰਹੀ ਹੈ। ਨਵਜੋਤ ਸਿੰਘ ਸਿੱਧੂ ਨਾ ਸਿਰਫ ਪਾਰਟੀ ਦੀ ਮੀਟਿੰਗ ਵਿਚ ਗੈਰ-ਹਾਜ਼ਰ ਰਹੇ ਬਲਕਿ ਪ੍ਰੈੱਸ ਕਾਨਫਰੰਸ ਕਰ ਕੇ ਆਪਣੇ ਵਿਭਾਗ ਦੀ ਸਥਿਤੀ ਅਤੇ ਹੋਰ ਰਾਜਨੀਤਕ ਚਰਚਾਵਾਂ ਨੂੰ ਵੀ ਗਰਮਾ ਦਿੱਤਾ। ਕਾਂਗਰਸ ਵਿਚ ਵੀ ਦੋਵੇਂ ਹੀ ਗੁੱਟਾਂ 'ਚ ਤਣਾਅ ਜਾਰੀ ਹੈ, ਕੀ ਹਾਈਕਮਾਨ ਪੰਜਾਬ ਵਿਚ ਸਿੱਧੂ ਦਾ ਵਿਭਾਗ ਬਦਲੇ ਜਾਣ 'ਤੇ ਉਨ੍ਹਾਂ ਨੂੰ ਹੋਰ ਕਿਸੇ ਵਿਭਾਗ ਦੇ ਲਈ ਰਜ਼ਾਮੰਦ ਕਰ ਪਾਵੇਗਾ? ਕੀ ਹਾਈਕਮਾਨ ਸਿੱਧੂ ਦੀ ਪਿੱਠ 'ਤੇ ਹੱਥ ਫੇਰ ਕੇ ਉਨ੍ਹਾਂ ਨੂੰ ਸਮਝਾ ਪਾਵੇਗਾ ਕਿ ਵਿਭਾਗ ਦੀ ਅਦਲਾ-ਬਦਲੀ ਹੋਣ 'ਤੇ ਖੂਨ ਦਾ ਘੁੱਟ ਪੀ ਲੈਣ।
ਤੀਜੇ ਬਦਲ ਦੀਆਂ ਸੰਭਾਵਨਾਵਾਂ ਵੀ ਨੇ ਜ਼ਿੰਦਾ
ਪਾਰਟੀ ਨੇਤਾਵਾਂ ਵੱਲੋਂ ਹੋਏ ਤਾਬੜ-ਤੋੜ ਹਮਲਿਆਂ ਦੇ ਬਾਅਦ ਸਿੱਧੂ ਨੇ ਪੂਰੀ ਤਰ੍ਹਾਂ ਨਾਲ ਇਕ ਤਰ੍ਹਾਂ ਨਾਲ ਚੁੱਪੀ ਸਾਧੀ ਹੋਈ ਸੀ ਹੁਣ ਹੌਲੀ-ਹੌਲੀ ਬਿੱਲੀ ਥੈਲੇ 'ਚੋਂ ਬਾਹਰ ਆ ਰਹੀ ਹੈ। ਮਾਮਲਾ ਸੁਲਝ ਵੀ ਸਕਦਾ ਹੈ ਅਤੇ ਵਿਗੜਨ ਦੇ ਵੀ ਆਸਾਰ ਜ਼ਿਆਦਾ ਹਨ। ਇਸ ਲਈ ਪੰਜਾਬ ਦੀ ਜਨਤਾ ਜਿਥੇ ਅਕਾਲੀ-ਭਾਜਪਾ ਗਠਜੋੜ ਦੇ ਸਬੰਧਾਂ ਦਾ ਫ੍ਰੈਂਡਲੀ ਮੈਚ ਦੇਖੇਗੀ ਉਥੇ ਹੀ ਕਾਂਗਰਸ ਦੀ ਗੁੱਟਬੰਦੀ ਦਾ ਰੋਚਕ ਮੁਕਾਬਲਾ ਵੀ ਦੇਖਣ ਨੂੰ ਮਿਲ ਸਕਦਾ ਹੈ। ਚਾਹੇ ਆਮ ਆਦਮੀ ਪਾਰਟੀ ਹੌਲੀ-ਹੌਲੀ ਰਸਾਤਲ ਵੱਲ ਵਧਦੀ ਜਾ ਰਹੀ ਹੈ ਪਰ ਭਗਵੰਤ ਮਾਨ ਨੇ ਸਾਰੇ ਸਮੀਕਰਨਾਂ ਨੂੰ ਦਰ-ਕਿਨਾਰ ਕਰਦੇ ਹੋਏ ਆਪਣੇ ਬੂਤੇ 'ਤੇ ਜੋ ਜਿੱਤ ਹਾਸਲ ਕੀਤੀ ਹੈ, ਉਸ ਨੇ ਤੀਸਰੇ ਵਿਕਲਪ ਦੀਆਂ ਸੰਭਾਵਨਾਵਾਂ ਨੂੰ ਜ਼ਿੰਦਾ ਰੱਖਿਆ ਹੈ। ਸੂਬੇ ਦੀ ਵਿਸ਼ੇਸ਼ ਕਰ ਕੇ ਸੰਗਰੂਰ ਸੰਸਦੀ ਖੇਤਰ ਦੀ ਜਨਤਾ ਨੇ ਜਿਥੇ ਦਿੱਗਜ ਅਕਾਲੀ ਦਲ ਨੂੰ ਹਰਾਇਆ, ਉਥੇ ਹੀ ਮੁੱਖ ਮੰਤਰੀ ਕੈ. ਅਮਰਿੰਦਰ ਦੇ ਖਾਸਮਖਾਸ ਕੇਵਲ ਸਿੰਘ ਢਿੱਲੋਂ ਵੀ ਮਾਨ ਦੇ ਅੱਗੇ ਢੇਰ ਹੋ ਗਏ।
ਚੋਣਾਂ ਵਿਚ ਜਨਤਾ-ਜਨਾਰਦਨ ਭਗਵਾਨ ਹੈ। ਕਿਸ ਨੂੰ ਰਾਜੇ ਦੀ ਗੱਦੀ ਸੌਂਪ ਦੇਵੇ ਅਤੇ ਕਿਸ ਨੂੰ ਰਾਜ ਖੋਹ ਕੇ ਰੰਕ ਬਣਾ ਦੇਵੇ ਇਹ ਹਾਲਾਤ ਅਤੇ ਲੋਕਾਂ ਦੇ ਮੂਡ 'ਤੇ ਨਿਰਭਰ ਹੈ।
ਲੁਧਿਆਣਾ : 7 ਸਾਲਾਂ ਬਾਅਦ ਲੋਕਾਂ 'ਤੇ ਫਿਰ ਢਹਿਆ ਅੰਤਾਂ ਦੀ ਗਰਮੀ ਦਾ ਕਹਿਰ
NEXT STORY