ਪਟਿਆਲਾ (ਰਾਜੇਸ਼): ਸ਼ਹਿਰ ਦੇ 300 ਸਾਲ ਪੁਰਾਣੇ ਸਨੌਰੀ ਅੱਡਾ ਦੇ ਨੇੜੇ ਸਥਿਤ ਪ੍ਰਾਚੀਨ ਮੰਦਰ ਸ਼੍ਰੀ ਭੂਤਨਾਥ ਜੀ ਲੋਕਾਂ ਦੀ ਸ਼ਰਧਾ ਦਾ ਵੱਡਾ ਕੇਂਦਰ ਹੈ। ਇਥੇ ਲੋਕਾਂ ਦੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ। ਸ਼ਿਵਰਾਤਰੀ ਮੌਕੇ ਇਸ ਮੰਦਰ ਵਿਚ 2 ਲੱਖ ਤੋਂ ਵੱਧ ਸ਼ਿਵ ਭਗਤ ਪੂਜਾ-ਅਰਚਨਾ ਕਰਨ ਲਈ ਪਹੁੰਚਦੇ ਹਨ। ਲੰਬੇ ਸਮੇਂ ਤੋਂ ਇਸ ਮੰਦਰ ਦੀ ਡਿਵੈਲਪਮੈਂਟ ਲਈ ਸਰਕਾਰ ਵੱਲੋਂ ਕੋਈ ਸਹਿਯੋਗ ਨਹੀਂ ਦਿੱਤਾ ਗਿਆ। ਪ੍ਰਾਚੀਨ ਮੰਦਰ ਸ਼੍ਰੀ ਭੂਤਨਾਥ ਦੀ ਸੁਧਾਰ ਸਭਾ ਨੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ, ਐੱਮ. ਪੀ. ਮਹਾਰਾਣੀ ਪ੍ਰਨੀਤ ਕੌਰ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੋਂ ਮੰਗ ਕੀਤੀ ਹੈ ਕਿ ਉਹ ਲੱਖਾਂ ਲੋਕਾਂ ਦੀ ਸ਼ਰਧਾ ਦੇ ਕੇਂਦਰ ਭੂਤਨਾਥ ਮੰਦਰ ਦੇ ਵਿਕਾਸ ਲਈ ਯੋਗਦਾਨ ਪਾਉਣ ਤਾਂ ਜੋ ਸ਼ਿਵ ਭਗਤਾਂ ਨੂੰ ਸਹੂਲਤਾਂ ਮਿਲ ਸਕਣ।
ਮੰਦਰ ਸੁਧਾਰ ਸਭਾ ਦੇ ਚੇਅਰਮੈਨ ਵਿਜੇ ਸੂਦ, ਪ੍ਰਧਾਨ ਰਮੇਸ਼ ਮਿੱਤਲ ਅਤੇ ਹੋਰ ਅਹੁਦੇਦਾਰਾਂ ਨੇ ਕਿਹਾ ਕਿ ਸੁਧਾਰ ਸਭਾ ਵੱਲੋਂ ਮੰਦਰ ਦਾ ਮੇਨ ਗੇਟ ਬਣਾਇਆ ਜਾ ਰਿਹਾ ਹੈ। ਇਥੇ ਪਾਰਕਿੰਗ, ਜੁੱਤਾ-ਘਰ, ਔਰਤਾਂ-ਪੁਰਸ਼ਾਂ ਲਈ ਬਾਥਰੂਮ, ਮਲਟੀ-ਸਟੋਰੀ ਧਰਮਸ਼ਾਲਾ, ਲੰਗਰ ਹਾਲ, ਪ੍ਰਾਰਥਨਾ ਹਾਲ ਦੀ ਐਕਸਟੈਨਸ਼ਨ, ਸੋਲਰ ਸਿਸਟਮ, ਜਨਰੇਟਰ, ਏਅਰ ਕੰਡੀਸ਼ਨਡ ਸਿਸਟਮ, ਮੰਦਰ ਦੀ ਬਿਊਟੀਫਿਕੇਸ਼ਨ, ਮੰਦਰ ਵਿਚ ਮਾਰਬਲ ਲਾਉਣਾ, ਮੰਦਰ ਦੀ ਚਾਰਦੀਵਾਰੀ ਕਰਨਾ ਅਤੇ ਪੁਜਾਰੀਆਂ ਦੀ ਰਿਹਾਇਸ਼ ਲਈ ਕੁਆਰਟਰ ਬਣਾਉਣੇ ਬੇਹੱਦ ਜ਼ਰੂਰੀ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਨੂੰ ਸਿਰੇ ਚੜ੍ਹਾਉਣ ਲਈ ਮੰਦਰ ਨੂੰ 3 ਕਰੋੜ ਰੁਪਏ ਦੀ ਜ਼ਰੂਰਤ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮੰਦਰ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਵੇ। ਸੁਧਾਰ ਸਭਾ ਆਪਣੇ ਪੱਧਰ 'ਤੇ ਸ਼ਿਵ ਭਗਤਾਂ ਦੇ ਸਹਿਯੋਗ ਨਾਲ ਕਈ ਤਰ੍ਹਾਂ ਦੀ ਸੇਵਾ ਕਰ ਰਹੀ ਹੈ। ਮੰਦਰ ਕੋਲ 25 ਵਿੱਘੇ ਜ਼ਮੀਨ ਹੈ। ਇਸ ਇਲਾਕੇ ਵਿਚ ਲੋਕਾਂ ਨੂੰ ਆਪਣੇ ਸਮਾਜਕ ਕਾਰਜਾਂ ਲਈ ਕੋਈ ਹਾਲ ਨਹੀਂ ਹੈ। ਸੁਧਾਰ ਸਭਾ ਇਥੇ ਵੱਡਾ ਹਾਲ ਅਤੇ ਮਲਟੀ-ਸਟੋਰੀ ਪਾਰਕਿੰਗ ਬਣਾਉਣਾ ਚਾਹੁੰਦੀ ਹੈ। ਚੇਅਰਮੈਨ ਵਿਜੇ ਸੂਦ ਨੇ ਕਿਹਾ ਕਿ ਉਹ ਇਸ ਸਬੰਧੀ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ, ਮਹਾਰਾਣੀ ਪ੍ਰਨੀਤ ਕੌਰ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਸਮੇਤ ਹੋਰਨਾਂ ਆਗੂਆਂ ਨੂੰ ਮਿਲਣਗੇ ਤਾਂ ਜੋ ਇਸ ਮੰਦਰ ਦਾ ਸਰਬਪੱਖੀ ਵਿਕਾਸ ਕੀਤਾ ਜਾ ਸਕੇ।
ਪੰਜਾਬ 'ਐਡਵਾਂਸ ਟ੍ਰੈਫਿਕ ਰਿਸਰਚ ਸੈਂਟਰ' ਸਥਾਪਤ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ!
NEXT STORY