ਪਟਿਆਲਾ (ਰਾਜੇਸ਼)-ਪੰਜਾਬ ’ਚ ਝੋਨੇ ਦੀ ਲਵਾਈ 1 ਜੂਨ ਤੋਂ ਕਰਨ ਦੀ ਮੰਗ ਨੂੰ ਲੈ ਕੇ 7 ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਪੰਜਾਬ ਦੇ ਸਾਰੇ ਜ਼ਿਲਾ ਹੈੈੱਡ ਕੁਆਟਰਾਂ ’ਤੇ ਕਿਸਾਨਾਂ ਨੇ ਇਕੱਠੇ ਹੋ ਕੇ ਸਰਕਾਰ ਤੋਂ ਮੰਗ ਕਰਦਿਆਂ 1 ਜੂਨ ਤੋਂ ਬਿਜਲੀ, ਨਹਿਰੀ ਪਾਣੀ ਦੇਣ ਲਈ ਮੰਗ-ਪੱਤਰ ਦਿੱਤੇ। ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਕਿਸਾਨਾਂ ਨੇ ਨਾਅਰੇਬਾਜ਼ੀ ਕਰਨ ਤੋਂ ਬਾਅਦ ਉਨ੍ਹਾਂ ਨਾਲ ਮੁਲਾਕਾਤ ਕਰ ਕੇ ਮੰਗ-ਪੱਤਰ ਸੌਂਪਿਆ। ਗੱਲਬਾਤ ਦੌਰਾਨ ਕਿਸਾਨਾਂ ਨੇ ਕਿਹਾ ਕਿ 15 ਤੋਂ 20 ਜੂਨ ਨੂੰ ਝੋਨੇ ਦੀ ਲੁਆਈ ਕਰਨ ਕਰ ਕੇ ਫਸਲ ਪੱਕਣ ਸਮੇਂ ਮੌਸਮ ਦੇ ਬਦਲਾਅ ਕਾਰਨ, ਨਮੀ ਹੋਣ ਕਾਰਨ ਝੋਨੇ ਦਾ ਮੁਆਸਚਰ ਪੂਰਾ ਨਹੀਂ ਆਉਂਦਾ। ਜਿਸ ਕਾਰਨ ਫਸਲ ਮੰਡੀਆਂ ’ਚ ਰੁਲਦੀ ਰਹਿੰਦੀ ਹੈ ਅਤੇ ਮਜਬੂਰਨ ਕਿਸਾਨ ਆਡ਼੍ਹਤੀਆਂ, ਸ਼ੈਲਰਾਂ ਵਾਲਿਆਂ ਅਤੇ ਖਰੀਦ ਏਜੰਸੀਆਂ ਹੱਥੋਂ ਲੁਟਾਈ ਕਰਵਾਉਣ ਲਈ ਮਜਬੂਰ ਹੁੰਦੇ ਹਨ। ਜਿੱਥੇ ਲੁਆਈ ਸਮੇਂ ਲੇਬਰ ਦੀ ਵੱਡੀ ਸਮੱਸਿਆ ਆਉਂਦੀ ਹੈ। ਕਣਕ ਦੀ ਫਸਲ ਦੀ ਬਿਜਾਈ ਵੀ ਲੇਟ ਹੋ ਜਾਂਦੀ ਹੈ। ਪਰਾਲੀ ਦਾ ਅਜੇ ਤੱਕ ਕੋਈ ਢੁੱਕਵਾਂ ਹੱਲ ਸਰਕਾਰ ਵੱਲੋਂ ਨਾ ਲੱਭੇ ਜਾਣ ਕਾਰਨ ਮਜਬੂਰੀ ਵਸ ਕਿਸਾਨਾਂ ਵੱਲੋਂ ਇਕੱਠਿਆਂ ਹੀ ਪਰਾਲੀ ਨੂੰ ਅੱਗ ਲਾ ਕੇ ਖੇਤ ਖਾਲੀ ਕਰਨ ਨਾਲ ਪ੍ਰਦੂਸ਼ਣ ਵੱਧ ਜਾਂਦਾ ਹੈ। ਪਹਿਲੀ ਜੂਨ ਤੋਂ ਝੋਨਾ ਲਾਉਣ ਨਾਲ ਇਸ ਸਮੱਸਿਆਵਾਂ ਤੋਂ ਕੁੱਝ ਰਾਹਤ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ 1-2 ਪਿਛੇਤੀ ਕਿਸਮਾਂ ਨੂੰ ਛੱਡ ਕੇ ਬਾਕੀ ਦੀਆਂ ਕਿਸਮਾਂ ਨੂੰ ਪੱਕਣ ਲਈ ਲਗਭਗ 120 ਤੋਂ 140 ਦਿਨ ਲੱਗ ਜਾਂਦੇ ਹਨ। ਦੇਰ ਨਾਲ ਕੀਤੀ ਲੁਆਈ ਨਾਲ ਆਲੂ, ਮਟਰ ਅਤੇ ਹੋਰ ਸਬਜ਼ੀਆਂ ਵੀ ਪਿਛੇਤੀਆਂ ਹੋ ਜਾਂਦੀਆਂ ਹਨ। ਪਹਿਲਾਂ ਹੀ ਸਰਕਾਰ ਵੱਲੋਂ ਖੇਤੀ ਸਬੰਧੀ ਕੋਈ ਵੀ ਢੁੱਕਵੀਂ ਨੀਤੀ ਨਾ ਬਣਾਉਣ ਕਾਰਨ ਕਿਸਾਨ ਕਰਜ਼ਾਈ ਹੋ ਗਏ ਹਨ। ਇਸ ਕਰ ਕੇ ਕਰਜ਼ੇ ਤੋਂ ਤੰਗ ਆ ਕੇ ਕਿਸਾਨ ਖੁਦਕਸ਼ੀਆਂ ’ਚ ਕਾਫੀ ਵਾਧਾ ਹੋ ਗਿਆ ਹੈ। ਇਸ ਵੱਲ ਸਰਕਾਰ ਨੂੰ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਗਈ। ਜੇਕਰ ਸਰਕਾਰ ਵੱਲੋਂ 1 ਜੂਨ ਤੋਂ ਬਿਜਲੀ ਅਤੇ ਪਾਣੀ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ 7 ਕਿਸਾਨ ਜਥੇਬੰਦੀਆਂ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ। ਮੰਗ ਪੱਤਰ ਦੇਣ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜ਼ਿਲਾ ਪ੍ਰਧਾਨ ਮਨਜੀਤ ਸਿੰਘ ਨਿਆਲ, ਸਕੱਤਰ ਜਸਵੰਤ ਸਿੰਘ ਸਦਰਪੁਰ, ਖਜ਼ਾਨਚੀ ਜਸਵਿੰਦਰ ਸਿੰਘ ਬਰਾਸ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਜ਼ਿਲਾ ਪ੍ਰਧਾਨ ਜੰਗ ਸਿੰਘ ਭਟੇਡ਼ੀ, ਮੀਤ ਪ੍ਰਧਾਨ ਕਰਨੈਲ ਸਿੰਘ ਲੰਗ, ਹਰਭਜਨ ਸਿੰਘ ਬੁੱਟਰ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਗੁਰਮੇਲ ਸਿੰਘ ਢੱਕਡ਼ੱਬਾ ਜ਼ਿਲਾ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਜਗਰੂਪ ਸਿੰਘ ਕੋਟ ਕਲਾਂ, ਖਜ਼ਾਨਚੀ ਟਹਿਲ ਸਿੰਘ ਕੱਕੇਪੁਰ ਅਤੇ ਹੋਰ ਕਿਸਾਨ ਹਾਜ਼ਰ ਸਨ।
ਕਾਂਗਰਸ ਦੀ ਕਾਰਗੁਜ਼ਾਰੀ ਅੱਜ ਵੀ ‘ਲਿਫਾਫੇਬਾਜ਼ੀਆਂ’ ਤਕ ਹੀ ਸੀਮਤ : ਦਰਵੇਸ਼ ਗੋਇਲ
NEXT STORY