ਪਟਿਆਲਾ (ਜੋਸਨ) : ਜ਼ਿਲਾ ਪਟਿਆਲਾ ਵਿਚ ਆਮ ਆਦਮੀ ਪਾਰਟੀ ਆਪਣਾ ਜਨ ਆਧਾਰ ਬਣਾਉਣ ਲਈ ਕਈ ਆਗੂਆਂ ਨੂੰ ਝਟਕਾ ਦੇ ਕੇ ਕਈਆਂ ਨੂੰ ਮੁੜ ਸਰਗਰਮ ਕਰਨ ਜਾ ਰਹੀ ਹੈ। ਜਾਣਕਾਰੀ ਅਨੁਸਾਰ ਦਿੱਲੀ 'ਚ ਇਸ ਸਭ ਦੀ ਤਿਆਰੀ ਹੋ ਚੁੱਕੀ ਹੈ ਤਾਂ ਜੋ ਮੁੱਖ ਮੰਤਰੀ ਦੇ ਜ਼ਿਲੇ ਵਿਚ ਕਾਂਗਰਸ ਤੇ ਅਕਾਲੀ ਦਲ ਦਾ ਡਟ ਕੇ ਮੁਕਾਬਲਾ ਕੀਤਾ ਜਾ ਸਕੇ।
ਪਾਰਟੀ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਪਿਛਲੇ ਦਿਨੀਂ ਜੋ ਪਟਿਆਲਾ ਵਿਚ 'ਆਪ' ਨੇ ਬਿਜਲੀ ਦਰਾਂ ਵਾਧੇ ਵਿਰੁੱਧ ਧਰਨਾ ਦਿੱਤਾ ਸੀ, ਉਸ ਵਿਚ ਬਿਜਲੀ ਅੰਦੋਲਨ ਦੇ ਆਗੂਆਂ ਨੂੰ ਦਰ-ਕਿਨਾਰ ਰੱਖਿਆ ਗਿਆ। ਇਸ ਮਾਮਲੇ ਦਾ ਵੀ ਪਾਰਟੀ ਦੇ ਉੱਚ ਪੱਧਰੀ ਲੀਡਰਾਂ ਨੇ ਨੋਟਿਸ ਲਿਆ ਹੈ। ਇਸ ਕਰ ਕੇ ਹੁਣ ਪਾਰਟੀ ਜਲਦੀ ਹੀ ਬਿਜਲੀ ਅੰਦੋਲਨ ਲਈ ਆਗੂਆਂ ਨੂੰ ਪੂਰੀਆਂ ਪਾਵਰਾਂ ਅਤੇ ਕੁਝ ਆਗੂਆਂ ਨੂੰ ਸਾਈਡ ਲਾਈਨ ਕਰ ਕੇ ਜਦਕਿ ਕੁਝ ਪੁਰਾਣੇ ਆਗੂਆਂ ਨੂੰ ਮੁੜ ਤੋਂ ਕਮਾਨ ਦੇ ਕੇ ਫੇਰਬਦਲ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਫੇਰਬਦਲ 7 ਜਨਵਰੀ ਤੋਂ ਬਾਅਦ ਜਾਂ ਫਿਰ ਦਿੱਲੀ ਚੋਣਾਂ ਤੋਂ ਬਾਅਦ ਕੀਤਾ ਜਾ ਸਕਦਾ ਹੈ।
ਪਾਰਟੀ ਦੇ ਉੱਚ ਪੱਧਰੀ ਸੂਤਰਾਂ ਦੀ ਮੰਨੀਏ ਤਾਂ 'ਆਪ' ਇਕ ਅਜਿਹੇ ਲੀਡਰ ਦੀ ਭਾਲ ਕਰ ਰਹੀ ਹੈ, ਜਿਸ ਨੂੰ ਜ਼ਿਲਾ ਪਟਿਆਲਾ ਦੀ ਓਵਰਆਲ ਕਮਾਂਡ ਦਿੱਤੀ ਜਾ ਸਕੇ। ਇਸ ਸਮੇਂ ਮੌਜੂਦਾ ਜ਼ਿਲਾ ਪ੍ਰਧਾਨ ਦੀਆਂ ਗਤੀਵਿਧੀਆਂ ਤੋਂ ਪਾਰਟੀ ਨਾਖੁਸ਼ ਨਜ਼ਰ ਆ ਰਹੀ ਹੈ। ਇੰਨਾਂ ਹੀ ਨਹੀਂ ਬਿਜਲੀ ਅੰਦੋਲਨ ਤਹਿਤ ਕੀਤੇ ਧਰਨੇ 'ਚੋਂ ਬਿਜਲੀ ਅੰਦੋਲਨ ਦੇ ਆਗੂਆਂ ਨੂੰ ਦਰਕਿਨਾਰ ਕਰਨ ਦਾ ਠੀਕਰਾ ਵੀ ਇਸ ਧੜੇ ਸਿਰ ਹੀ ਫੁੱਟਿਆ ਹੈ। ਇਸ ਕਰ ਕੇ ਪਾਰਟੀ ਹੁਣ ਜ਼ਿਲਾ ਪੱਧਰੀ ਆਗੂ ਨੂੰ ਵੀ ਬਦਲ ਸਕਦੀ ਹੈ।
ਇਸ ਸਮੇਂ ਜ਼ਿਲਾ ਪ੍ਰਧਾਨ ਵਜੋਂ ਨੀਨਾ ਮਿੱਤਲ, ਗਗਨਦੀਪ ਸਿੰਘ ਚੱਢਾ, ਗਿਆਨ ਸਿੰਘ ਮੁੱਗੋ, ਕਰਨਵੀਰ ਟਿਵਾਣਾ ਸਮੇਤ ਕੁਝ ਹੋਰ ਆਗੂਆਂ ਦੇ ਨਾਵਾਂ ਦੀ ਚਰਚਾ ਹੋ ਰਹੀ ਹੈ। ਸੂਤਰਾਂ ਨੇ ਇਹ ਵੀ ਦੱਸਿਆ ਕਿ ਪਟਿਆਲਾ ਦਿਹਾਤੀ ਤੋਂ 2017 ਵਿਚ ਚੋਣ ਲੜ ਚੁੱਕੇ ਕਰਨਵੀਰ ਸਿੰਘ ਟਿਵਾਣਾ ਮੁੜ ਤੋਂ ਸਰਗਰਮ ਹੋ ਰਹੇ ਹਨ। ਉਹ ਇਸ ਤੋਂ ਪਹਿਲਾਂ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੂਰ ਰਹਿੰਦੇ ਸਨ ਜਦਕਿ ਹੁਣ ਉਹ 7 ਜਨਵਰੀ ਦੇ ਚੰਡੀਗੜ੍ਹ ਧਰਨੇ ਦੌਰਾਨ ਆਪਣੀ ਪੂਰੀ ਤਾਕਤ ਵਿਖਾਉਣ ਜਾ ਰਹੇ ਹਨ। ਪਟਿਆਲਾ ਦਿਹਾਤੀ ਹਲਕੇ ਤੇ ਕਈ ਪੁਰਾਣੇ ਅਤੇ ਸੀਨੀਅਰ ਆਗੂ ਨਜ਼ਰਾਂ ਟਿਕਾਈ ਬੈਠੇ ਹਨ।
ਇਸ ਲਈ ਜੇਕਰ ਕਰਨਵੀਰ ਸਿੰਘ ਟਿਵਾਣਾ ਮੁੜ ਸਰਗਰਮ ਹੁੰਦੇ ਹਨ ਤਾਂ ਇਨ੍ਹਾਂ ਆਗੂਆਂ ਦੇ ਸੁਪਨਿਆਂ 'ਤੇ ਪਾਣੀ ਫਿਰ ਸਕਦਾ ਹੈ। ਪਾਰਟੀ ਸੂਤਰ ਇਹ ਵੀ ਦੱਸ ਰਹੇ ਹਨ ਕਿ ਸਮਾਣਾ ਹਲਕੇ ਦੀ ਜ਼ਿੰਮੇਵਾਰੀ ਹਰਚੰਦ ਸਿੰਘ ਬਰਸਟ, ਪਟਿਆਲਾ ਸ਼ਹਿਰੀ ਕੁੰਦਨ ਗੋਗੀਆ, ਰਾਜਪੁਰਾ 'ਚ ਨੀਨਾ ਮਿੱਤਲ, ਸ਼ੁਤਰਾਣਾ 'ਚ ਲਾਡੀ ਘੱਗਾ ਜਾਂ ਕੁਲਵੰਤ ਸਿੰਘ, ਨਾਭਾ ਤੋਂ ਦੇਵ ਸਿੰਘ ਮਾਨ ਜਾਂ ਜੱਸੀ ਸੋਹੀਆਂ ਵਾਲਾ, ਸਨੌਰ ਤੋਂ ਇੰਦਰਜੀਤ ਸੰਧੂ ਤੇ ਘਨੌਰ ਤੋਂ ਜਰਨੈਲ ਮਨੂੰ ਨੂੰ ਪੱਕੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ।
ਪੰਜਾਬ ਦੇ ਇਨ੍ਹਾਂ 6 ਅਧਿਆਪਕਾਂ ਦਾ ਅੱਜ ਰਾਸ਼ਟਰੀ ਪੁਰਸਕਾਰ ਨਾਲ ਹੋਵੇਗਾ ਸਨਮਾਨ
NEXT STORY